ਮੋਗਾ, 22 ਦਸੰਬਰ (000) – ਨੈਨੋ-ਯੂਰੀਆ ਦੇ ਛਿੜਕਾਅ ਵਿਚ ਲੱਗਦੇ ਸਮੇਂ ਨੂੰ ਘਟਾਉਣ ਲਈ 20 ਪੰਜਾਬੀ ਔਰਤਾਂ ਦਾ ਇਕ ਸਮੂਹ ਪੰਜਾਬ ਦੇ ਖੇਤਾਂ ਵਿਚ ਡਰੋਨ ਪਾਇਲਟ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਨ । ਇਫਕੋ ਦੁਆਰਾ ਕੇਂਦਰੀ ਸਪਾਂਸਰ ਸਕੀਮ ਤਹਿਤ ਪ੍ਰਤੀ ਲਾਭਪਾਤਰੀ ਲਗਭਗ 15 ਲੱਖ ਰੁਪਏ ਦੀ ਲਾਗਤ ਵਾਲੇ ਡਰੋਨ ਯੂਨਿਟ ਮੁਫਤ ਪ੍ਰਦਾਨ ਕੀਤੇ ਜਾ ਰਹੇ ਹਨ।
ਉਨ੍ਹਾਂ ਵਿੱਚੋਂ ਤਿੰਨ ਔਰਤਾਂ ਜ਼ਿਲ੍ਹਾ ਮੋਗਾ ਨਾਲ ਸਬੰਧਤ ਹਨ, ਜੋ ਕਿ ਹਰਿਆਣਾ ਦੇ ਮਾਨੇਸਰ ਵਿੱਚ ਪ੍ਰਧਾਨ ਮੰਤਰੀ ਮਹਿਲਾ ਕਿਸਾਨ ਡਰੋਨ ਕੇਂਦਰ ਵਿੱਚ ਇਫਕੋ ਦੁਆਰਾ ਪ੍ਰਦਾਨ ਕੀਤੀ ਗਈ 15 ਦਿਨ ਦੀ ਡਰੋਨ ਦੀ ਵਰਤੋਂ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਾਅਦ ਮੋਗਾ ਵਾਪਸ ਆਈਆਂ ਹਨ। ਇਨ੍ਹਾਂ ਔਰਤਾਂ ਨੇ ਅੱਜ ਸ੍ਰੀ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਮੋਗਾ ਨਾਲ ਮੁਲਾਕਾਤ ਕਰਕੇ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਦਾ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਔਰਤਾਂ ਸਵੈ-ਨਿਰਭਰ ਬਣਨ ਲਈ 200 ਤੋਂ 250 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਣੇ ਖੇਤਰਾਂ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਸਪਰੇਅ ਕਰਨ ਲਈ ਡਰੋਨ ਦੀ ਵਰਤੋਂ ਕਰਨਗੀਆਂ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਭਵਿੱਖ ਦੀਆਂ ਜ਼ਿੰਮੇਵਾਰੀਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਪਿੰਡ ਰੱਤੀਆਂ ਦੀ ਜਸਵਿੰਦਰ ਕੌਰ ਧਾਲੀਵਾਲ ਨੇ ਦੱਸਿਆ, “ਮੇਰੇ ਪਤੀ ਅਤੇ ਬੇਟੇ ਨੇ ਮੈਨੂੰ ਇਸ ਪ੍ਰੋਜੈਕਟ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਮੇਰਾ ਬੇਟਾ ਇਲੈਕਟ੍ਰੋਨਿਕਸ ਵਿੱਚ ਡਿਪਲੋਮਾ ਕਰ ਰਿਹਾ ਹੈ ਅਤੇ ਇਸ ਵਿਚਾਰ ਤੋਂ ਬਹੁਤ ਉਤਸ਼ਾਹਿਤ ਸੀ। ਇਸ ਤੋਂ ਪਹਿਲਾ ਉਹ ਇੱਕ ਕਿਸਾਨ-ਉਤਪਾਦਕ ਸੰਗਠਨ (FPO) ਨਾਲ ਜੁੜੀ ਹੋਈ ਹੈ।” ਖੇਤੀ ਤੋਂ ਇਲਾਵਾ, ਉਸਦੇ ਪਤੀ ਇੱਕ ਆਟਾ ਚੱਕੀ ਚਲਾਉਂਦੇ ਹਨ।
ਮੋਗਾ ਜ਼ਿਲ੍ਹੇ ਦੇ ਬਾਘਾ ਪੁਰਾਣਾ ਸਬ-ਡਵੀਜ਼ਨ ਦੇ ਪਿੰਡ ਘੋਲੀਆ ਖੁਰਦ ਦੀ ਇੱਕ ਹੋਰ ਲਾਭਪਾਤਰੀ ਸਰਬਜੀਤ ਕੌਰ ਗਿੱਲ ਨੇ ਕਿਹਾ ਕਿ ਇਕ ਵਿਦਿਆਰਥਣ ਦੀ ਤਰ੍ਹਾਂ ਸਿਖਲਾਈ ਪ੍ਰਾਪਤ ਕਰਕੇ ਚੰਗਾ ਲੱਗਾ। ਪਹਿਲਾਂ ਤਾਂ ਇਹ ਔਖਾ ਸੀ ਪਰ ਜਿਵੇਂ-ਜਿਵੇਂ ਟਰੇਨਿੰਗ ਹੁੰਦੀ ਗਈ, ਇਹ ਦਿਲਚਸਪ ਹੁੰਦੀ ਗਈ ਅਤੇ ਹੁਣ ਉਹ ਡਰੋਨ ਪਾਇਲਟ ਬਣਨ ਲਈ ਬਹੁਤ ਉਤਸ਼ਾਹਿਤ ਮਹਿਸੂਸ ਕਰਦੇ ਹਨ।
ਉਸਨੇ ਅੱਗੇ ਕਿਹਾ ਕਿ ਡਰੋਨ ਖੇਤਾਂ ਵਿੱਚ ਖਾਦਾਂ ਅਤੇ ਕੀਟਨਾਸ਼ਕਾਂ ਦੇ ਛਿੜਕਾਅ ਲਈ ਹੱਥੀਂ ਮਜ਼ਦੂਰੀ ਨੂੰ ਘੱਟ ਕਰਨ ਵਿੱਚ ਮਦਦ ਕਰਨਗੇ। ਕਿਸਾਨਾਂ ਨੂੰ ਛਿੜਕਾਅ ਲਈ ਬਹੁਤ ਕੁਝ ਕਰਨਾ ਪੈਂਦਾ ਹੈ ਅਤੇ ਇਸ ਵਿੱਚ ਲਗਭਗ ਪੂਰਾ ਦਿਨ ਲੱਗ ਜਾਂਦਾ ਹੈ। ਪਰ ਡਰੋਨ ਸੱਤ ਮਿੰਟਾਂ ਵਿੱਚ ਇੱਕ ਏਕੜ ਨੂੰ ਕਵਰ ਕਰ ਸਕਦਾ ਹੈ, ਸਰਬਜੀਤ ਨੇ ਕਿਹਾ ਕਿ ਭਵਿੱਖ ਵਿੱਚ ਵਾਢੀ ਸਮੇਤ ਮਜ਼ਦੂਰੀ ਵਾਲੇ ਕੰਮਾਂ ਵਿੱਚ ਤਕਨਾਲੋਜੀ ਨੂੰ ਅਪਣਾਉਣ ਦੀ ਲੋੜ ਹੈ।
ਪਿੰਡ ਕੋਕਰੀ ਹੇਰਾਂ ਜ਼ਿਲ੍ਹਾ ਮੋਗਾ ਤੋਂ ਹਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ 5 ਏਕੜ ਜ਼ਮੀਨ ਵਾਲਾ ਕਿਸਾਨ ਹੈ ਅਤੇ ਉਸ ਨੇ ਉਸ ਨੂੰ ਇਸ ਪ੍ਰਾਜੈਕਟ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ, ਉਸਨੇ ਡਰੋਨ ਬਾਰੇ ਜਾਣਕਾਰੀ ਦਿੱਤੀ ਕਿ ਇਹ 10 ਲੀਟਰ ਦੇ ਟੈਂਕ ਨਾਲ ਆਉਂਦਾ ਹੈ ਅਤੇ ਯੂਰੀਆ ਅਤੇ ਪਾਣੀ ਦੀ ਘੱਟ ਬਰਬਾਦੀ ਕਰਦਾ ਹੈ। ਉਹ ਅਤੇ ਉਸਦਾ ਪਰਿਵਾਰ ਨਵੀਂ ਕਿਸਮ ਦੀ ਤਕਨਾਲੋਜੀ ਅਤੇ ਨਵੇਂ ਖੇਤੀ ਉਪਕਰਣਾਂ ਦੀ ਵਰਤੋਂ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।ਉਸਨੇ ਕਿਹਾ ਕਿ ਹੁਣ ਤੱਕ, ਮੈਂ ਸਿਰਫ਼ ਇੱਕ ਘਰੇਲੂ ਔਰਤ ਸੀ ਜੋ ਘਰੇਲੂ ਕੰਮਾਂ ਵਿੱਚ ਰੁੱਝੀ ਹੋਈ ਸੀ, ਪਰ ਹੁਣ ਮੈਂ ਨਵੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰ ਰਹੀ ਹਾਂ। ਟੀਮ ਦੀਆਂ ਸਾਰੀਆਂ ਔਰਤਾਂ ਜ਼ਮੀਨੀ ਪੱਧਰ ਤੋਂ ਆਉਂਦੀਆਂ ਹਨ ਅਤੇ ਪ੍ਰੋਜੈਕਟ ਲਈ ਸਭ ਤੋਂ ਅਨੁਕੂਲ ਹਨ।”
ਦੱਸਣਯੋਗ ਹੈ ਕਿ ਮਹਿਲਾ ਲਾਭਪਾਤਰੀਆਂ ਦੀ ਚੋਣ ਕਰਨ ਲਈ, ਇਫਕੋ ਨੇ ਗ੍ਰਾਂਟ ਥੋਰਨਟਨ ਭਾਰਤ ਨਾਲ ਸੰਪਰਕ ਕੀਤਾ ਸੀ, ਜੋ ਪਹਿਲਾਂ ਹੀ ਲੁਧਿਆਣਾ, ਮੋਗਾ, ਬਰਨਾਲਾ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ 27,000 ਤੋਂ ਵੱਧ ਔਰਤਾਂ ਨਾਲ ਕੰਮ ਕਰ ਰਿਹਾ ਹੈ। ਗ੍ਰਾਂਟ ਥਾਰਨਟਨ ਭਾਰਤ ਵਿਖੇ ਪਬਲਿਕ ਸੈਕਟਰ ਕੰਸਲਟਿੰਗ ਦੇ ਮੈਨੇਜਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪ੍ਰੋਗਰਾਮ ਦਾ ਮੁੱਖ ਉਦੇਸ਼ ਔਰਤਾਂ ਨੂੰ ਸਸ਼ਕਤ ਕਰਨਾ ਅਤੇ ਉਨ੍ਹਾਂ ਨੂੰ ਹੁਨਰਮੰਦ ਬਣਾ ਕੇ ਅਤੇ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਲਈ ਯੋਗ ਬਣਾਉਣਾ ਅਤੇ ਉਨ੍ਹਾਂ ਦੀਆਂ ਸਮਾਜਿਕ ਅਤੇ ਆਰਥਿਕ ਸਥਿਤੀਆਂ ‘ਤੇ ਸਕਾਰਾਤਮਕ ਪ੍ਰਭਾਵ ਪੈਦਾ ਕਰਨਾ ਹੈ।
ਇਫਕੋ ਦੇ ਸਟੇਟ ਮਾਰਕੀਟਿੰਗ ਮੈਨੇਜਰ ਐੱਚ.ਐੱਸ.ਸਿੱਧੂ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਹਿੱਸੇ ਵਜੋਂ ਦੇਸ਼ ਦੀਆਂ 300 ਔਰਤਾਂ ਨੂੰ ਡਰੋਨ ਦੀ ਵਰਤੋਂ ਕਰਨ ਦੀ ਮੁਫ਼ਤ ਸਿਖਲਾਈ ਦਿੱਤੀ ਗਈ ਹੈ। ਸ਼ੁਰੂਆਤ ਕਰਨ ਲਈ, 20 ਔਰਤਾਂ, ਤਰਜੀਹੀ ਤੌਰ ‘ਤੇ 12ਵੀਂ ਜਮਾਤ ਪਾਸ ਅਤੇ ਸਵੈ-ਸਹਾਇਤਾ ਸਮੂਹ ਨਾਲ ਕੰਮ ਕਰਨ ਵਾਲੀਆਂ ਔਰਤਾਂ ਨੂੰ ਚੁਣਿਆ ਗਿਆ ਹੈ। ਇਫਕੋ ਨੇ ਦੇਸ਼ ਭਰ ਵਿੱਚ ਵਰਤੇ ਜਾਣ ਵਾਲੇ 2,500 ਡਰੋਨਾਂ ਦੇ ਖਰੀਦ ਆਰਡਰ ਦਿੱਤੇ ਹਨ, ਜਿਨ੍ਹਾਂ ਵਿੱਚੋਂ 110 ਡਰੋਨ ਪੰਜਾਬ ਲਈ ਵੱਖਰੇ ਰੱਖੇ ਜਾਣਗੇ। ਇਨ੍ਹਾਂ ਔਰਤਾਂ ਨੂੰ ਆਰਥਿਕ ਤੌਰ ‘ਤੇ ਆਤਮ-ਨਿਰਭਰ ਬਣਾਉਣ ਲਈ ਇਲੈਕਟ੍ਰਿਕ ਵਾਹਨ ਦੇ ਨਾਲ-ਨਾਲ ਡਰੋਨ ਵੀ ਮੁਫਤ ਮੁਹੱਈਆ ਕਰਵਾਏ ਜਾਣਗੇ। ਔਰਤਾਂ ਨੂੰ 200 ਦਿਨਾਂ ਲਈ ਡਰੋਨ ਦੀ ਵਰਤੋਂ ਕਰਨੀ ਚਾਹੀਦੀ ਹੈ। ਡਰੋਨ ਇੱਕ ਦਿਨ ਵਿੱਚ 20 ਏਕੜ ਨੂੰ ਕਵਰ ਕਰ ਸਕਦਾ ਹੈ ਅਤੇ ਕਮਾਇਆ ਪੈਸਾ ਇਨ੍ਹਾਂ ਔਰਤਾਂ ਨੂੰ ਜਾਵੇਗਾ।