ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (9 ਜੁਲਾਈ 2024)

Today Hukamnama

ਸਲੋਕੁ ਮਃ ੩ ॥
ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ ॥ ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ ॥ ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਇ ॥ ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ ॥ ਨਾਨਕ ਵਿਣੁ ਨਾਵੈ ਨਕੀਂ ਵਢੀਂ ਫਿਰਹਿ ਸੋਭਾ ਮੂਲਿ ਨ ਪਾਹਿ ॥੧॥


ਮਃ ੩ ॥
ਸੁਣਿ ਸਿਖਿਐ ਸਾਦੁ ਨ ਆਇਓ ਜਿਚਰੁ ਗੁਰਮੁਖਿ ਸਬਦਿ ਨ ਲਾਗੈ ॥ ਸਤਿਗੁਰਿ ਸੇਵਿਐ ਨਾਮੁ ਮਨਿ ਵਸੈ ਵਿਚਹੁ ਭ੍ਰਮੁ ਭਉ ਭਾਗੈ ॥ ਜੇਹਾ ਸਤਿਗੁਰ ਨੋ ਜਾਣੈ ਤੇਹੋ ਹੋਵੈ ਤਾ ਸਚਿ ਨਾਮਿ ਲਿਵ ਲਾਗੈ ॥ ਨਾਨਕ ਨਾਮਿ ਮਿਲੈ ਵਡਿਆਈ ਹਰਿ ਦਰਿ ਸੋਹਨਿ ਆਗੈ ॥੨॥


ਪਉੜੀ ॥
ਗੁਰਸਿਖਾਂ ਮਨਿ ਹਰਿ ਪ੍ਰੀਤਿ ਹੈ ਗੁਰੁ ਪੂਜਣ ਆਵਹਿ ॥ ਹਰਿ ਨਾਮੁ ਵਣੰਜਹਿ ਰੰਗ ਸਿਉ ਲਾਹਾ ਹਰਿ ਨਾਮੁ ਲੈ ਜਾਵਹਿ ॥ ਗੁਰਸਿਖਾ ਕੇ ਮੁਖ ਉਜਲੇ ਹਰਿ ਦਰਗਹ ਭਾਵਹਿ ॥ ਗੁਰੁ ਸਤਿਗੁਰੁ ਬੋਹਲੁ ਹਰਿ ਨਾਮ ਕਾ ਵਡਭਾਗੀ ਸਿਖ ਗੁਣ ਸਾਂਝ ਕਰਾਵਹਿ ॥ ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ॥੧੧॥

(ਅਰਥ / ਵਿਆਖਿਆ)

ਪਿਆਰਾ ਪ੍ਰਭੂ ਆਪਣੇ ਭਗਤਾਂ ਤੇ ਆਪ ਪ੍ਰਸੰਨ ਹੁੰਦਾ ਹੈ ਤੇ ਆਪ ਹੀ ਉਸ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਹੈ । ਭਗਤਾਂ ਦੇ ਸਿਰ ਤੇ ਸੱਚਾ ਛੱਤ੍ਰ ਝੁਲਾ ਕੇ ਉਸ ਨੇ ਭਗਤਾਂ ਨੂੰ ਪਾਤਸ਼ਾਹੀ ਬਖ਼ਸ਼ੀ ਹੈ । ਸਤਿਗੁਰੂ ਦੀ ਦੱਸੀ ਕਾਰ ਕਮਾ ਕੇ ਉਹ ਸਦਾ ਸੁਖੀਏ ਤੇ ਪਵਿਤ੍ਰ ਰਹਿੰਦੇ ਹਨ । ਰਾਜੇ ਉਹਨਾਂ ਨੂੰ ਨਹੀਂ ਆਖੀਦਾ ਜੋ ਆਪੋ ਵਿਚ ਲੜ ਮਰਦੇ ਹਨ ਤੇ ਫਿਰ ਜੂਨਾਂ ਵਿਚ ਪੈ ਜਾਂਦੇ ਹਨ । ਹੇ ਨਾਨਕ! ਨਾਮ ਤੋਂ ਸੱਖਣੇ ਰਾਜੇ ਭੀ ਨਕ-ਵੱਢੇ ਫਿਰਦੇ ਹਨ ਤੇ ਕਦੇ ਸੋਭਾ ਨਹੀਂ ਪਾਂਦੇ ॥੧॥

ਜਦ ਤਾਈਂ ਸਤਿਗੁਰੂ ਦੇ ਸਨਮੁਖ ਹੋ ਕੇ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਨਹੀਂ ਜੁੜਦਾ ਤਦ ਤਾਈਂ ਸਤਿਗੁਰੂ ਦੀ ਸਿੱਖਿਆ ਨਿਰੀ ਸੁਣ ਕੇ ਸੁਆਦ ਨਹੀਂ ਆਉਂਦਾ । ਸਤਿਗੁਰੂ ਦੀ ਦੱਸੀ ਸੇਵਾ ਕੀਤਿਆਂ ਹੀ ਨਾਮ ਮਨ ਵਿਚ ਵੱਸਦਾ ਹੈ ਤੇ ਅੰਦਰੋਂ ਭਰਮ ਤੇ ਡਰ ਦੂਰ ਹੋ ਜਾਂਦਾ ਹੈ । ਜਦੋਂ ਮਨੁੱਖ ਜਿਹੋ ਜਿਹਾ ਆਪਣੇ ਸਤਿਗੁਰੂ ਨੂੰ ਸਮਝਦਾ ਹੈ, ਤਿਹੋ ਜਿਹਾ ਆਪ ਬਣ ਜਾਏ (ਭਾਵ, ਜਦੋਂ ਆਪਣੇ ਸਤਿਗੁਰੂ ਵਾਲੇ ਗੁਣ ਧਾਰਨ ਕਰੇ) ਤਦੋਂ ਉਸ ਦੀ ਬ੍ਰਿਤੀ ਸੱਚੇ ਨਾਮ ਵਿਚ ਜੁੜਦੀ ਹੈ । ਹੇ ਨਾਨਕ! (ਇਹੋ ਜਿਹੇ ਜੀਵਾਂ ਨੂੰ) ਨਾਮ ਦੇ ਕਾਰਨ ਏਥੇ ਆਦਰ ਮਿਲਦਾ ਹੈ ਤੇ ਅੱਗੇ ਹਰੀ ਦੀ ਨਿਗਾਹ ਦੀ ਦਰਗਾਹ ਵਿਚ ਉਹ ਸੋਭਾ ਪਾਉਂਦੇ ਹਨ ॥੨॥
(ਗੁਰੂ ਰਾਮਦਾਸ ਜੀ / ਰਾਗ ਵਡਹੰਸ / ਵਡਹੰਸ ਕੀ ਵਾਰ (ਮ: ੪))

ਗੁਰਸਿੱਖਾਂ ਦੇ ਮਨ ਵਿਚ ਹਰੀ ਦਾ ਪਿਆਰ ਹੁੰਦਾ ਹੈ ਤੇ (ਉਸ ਪਿਆਰ ਦਾ ਸਦਕਾ ਉਹ) ਆਪਣੇ ਸਤਿਗੁਰੂ ਦੀ ਸੇਵਾ ਕਰਨ ਆਉਂਦੇ ਹਨ । (ਸਤਿਗੁਰੂ ਦੇ ਕੋਲ ਆ ਕੇ) ਪਿਆਰ ਨਾਲ ਹਰੀ-ਨਾਮ ਦਾ ਵਪਾਰ ਕਰਦੇ ਹਨ ਤੇ ਹਰੀ-ਨਾਮ ਦਾ ਲਾਭ ਖੱਟ ਕੇ ਲੈ ਜਾਂਦੇ ਹਨ । (ਇਹੋ ਜਿਹੇ) ਗੁਰਸਿੱਖਾਂ ਦੇ ਮੂੰਹ ਉਜਲੇ ਹੁੰਦੇ ਹਨ ਤੇ ਹਰੀ ਦੀ ਦਰਗਾਹ ਵਿਚ ਉਹ ਪਿਆਰੇ ਲੱਗਦੇ ਹਨ । ਗੁਰੂ ਸਤਿਗੁਰੂ ਹਰੀ ਦੇ ਨਾਮ ਦਾ (ਮਾਨੋ) ਬੋਹਲ ਹੈ, ਵੱਡੇ ਭਾਗਾਂ ਵਾਲੇ ਸਿੱਖ ਆ ਕੇ ਗੁਣਾਂ ਦੀ ਭਿਆਲੀ ਪਾਉਂਦੇ ਹਨ । ਸਦਕੇ ਹਾਂ ਉਹਨਾਂ ਗੁਰਸਿੱਖਾਂ ਤੋਂ, ਜੋ ਬਹਦਿਆਂ ਉਠਦਿਆਂ (ਭਾਵ, ਹਰ ਵੇਲੇ) ਹਰੀ ਦਾ ਨਾਮ ਸਿਮਰਦੇ ਹਨ ॥੧੧॥

Today Hukamnama

[wpadcenter_ad id='4448' align='none']