ਦੇਵਗੰਧਾਰੀ ਮਹਲਾ ੫ ॥
ਉਲਟੀ ਰੇ ਮਨ ਉਲਟੀ ਰੇ ॥ ਸਾਕਤ ਸਿਉ ਕਰਿ ਉਲਟੀ ਰੇ ॥ ਝੂਠੈ ਕੀ ਰੇ ਝੂਠੁ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ ਰੇ ॥੧॥ ਰਹਾਉ ॥ ਜਿਉ ਕਾਜਰ ਭਰਿ ਮੰਦਰੁ ਰਾਖਿਓ ਜੋ ਪੈਸੈ ਕਾਲੂਖੀ ਰੇ ॥ ਦੂਰਹੁ ਹੀ ਤੇ ਭਾਗਿ ਗਇਓ ਹੈ ਜਿਸੁ ਗੁਰ ਮਿਲਿ ਛੁਟਕੀ ਤ੍ਰਿਕੁਟੀ ਰੇ ॥੧॥ ਮਾਗਉ ਦਾਨੁ ਕ੍ਰਿਪਾਲ ਕ੍ਰਿਪਾ ਨਿਧਿ ਮੇਰਾ ਮੁਖੁ ਸਾਕਤ ਸੰਗਿ ਨ ਜੁਟਸੀ ਰੇ ॥ ਜਨ ਨਾਨਕ ਦਾਸ ਦਾਸ ਕੋ ਕਰੀਅਹੁ ਮੇਰਾ ਮੂੰਡੁ ਸਾਧ ਪਗਾ ਹੇਠਿ ਰੁਲਸੀ ਰੇ ॥੨॥੪॥੩੭॥
ਮੰਗਲਵਾਰ, ੮ ਫੱਗਣ (ਸੰਮਤ ੫੫੫ ਨਾਨਕਸ਼ਾਹੀ) (ਅੰਗ : ੫੩੫)
ਦੇਵਗੰਧਾਰੀ ਮਹਲਾ ੫ ॥
ਹੇ ਮੇਰੇ ਮਨ! ਜੇਹੜੇ ਮਨੁੱਖ ਪਰਮਾਤਮਾ ਨਾਲੋਂ ਸਦਾ ਟੁੱਟੇ ਰਹਿੰਦੇ ਹਨ, ਉਹਨਾਂ ਨਾਲੋਂ ਆਪਣੇ ਆਪ ਨੂੰ ਸਦਾ ਪਰੇ ਰੱਖ, ਪਰੇ ਰੱਖ । ਹੇ ਮਨ! ਸਾਕਤ ਝੂਠੇ ਮਨੁੱਖ ਦੀ ਪ੍ਰੀਤ ਨੂੰ ਭੀ ਝੂਠ ਹੀ ਸਮਝ, ਇਹ ਕਦੇ ਤੋੜ ਨਹੀਂ ਨਿਭਦੀ, ਇਹ ਜ਼ਰੂਰ ਟੁੱਟ ਜਾਂਦੀ ਹੈ । ਫਿਰ, ਸਾਕਤ ਦੀ ਸੰਗਤਿ ਵਿਚ ਰਿਹਾਂ ਵਿਕਾਰਾਂ ਤੋਂ ਕਦੇ ਖ਼ਲਾਸੀ ਨਹੀਂ ਹੋ ਸਕਦੀ ।੧।ਰਹਾਉ।ਹੇ ਮਨ! ਜਿਵੇਂ ਕੋਈ ਘਰ ਕੱਜਲ ਨਾਲ ਭਰ ਲਿਆ ਜਾਏ, ਉਸ ਵਿਚ ਜੇਹੜਾ ਭੀ ਮਨੁੱਖ ਵੜੇਗਾ ਉਹ ਕਾਲਖ ਨਾਲ ਭਰ ਜਾਏਗਾ (ਤਿਵੇਂ ਪਰਮਾਤਮਾ ਨਾਲੋਂ ਟੁੱਟੇ ਮਨੁੱਖ ਨਾਲ ਮੂੰਹ ਜੋੜਿਆਂ ਵਿਕਾਰਾਂ ਦੀ ਕਾਲਖ ਹੀ ਮਿਲੇਗੀ) । ਗੁਰੂ ਨੂੰ ਮਿਲ ਕੇ ਜਿਸ ਮਨੁੱਖ ਦੀ ਮੱਥੇ ਦੀ ਤਿ੍ਰਊੜੀ ਮਿਟ ਜਾਂਦੀ ਹੈ (ਜਿਸ ਦੇ ਅੰਦਰੋਂ ਵਿਕਾਰਾਂ ਦੀ ਖਿੱਚ ਦੂਰ ਹੋ ਜਾਂਦੀ ਹੈ) ਉਹ ਦੂਰ ਤੋਂ ਹੀ ਸਾਕਤ ਮਨੁੱਖ ਕੋਲੋਂ ਪਰੇ ਪਰੇ ਰਹਿੰਦਾ ਹੈ ।੧। ਹੇ ਕਿਰਪਾ ਦੇ ਘਰ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰੇ ਪਾਸੋਂ ਇਕ ਦਾਨ ਮੰਗਦਾ ਹਾਂ (ਮੇਹਰ ਕਰ) ਮੈਨੂੰ ਕਿਸੇ ਸਾਕਤ ਨਾਲ ਵਾਹ ਨਾਹ ਪਏ । ਹੇ ਦਾਸ ਨਾਨਕ! (ਆਖ ਹੇ ਪ੍ਰਭੂ!) ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਮੇਰਾ ਸਿਰ ਤੇਰੇ ਸੰਤ ਜਨਾਂ ਦੇ ਪੈਰਾਂ ਹੇਠ ਪਿਆ ਰਹੇ ।੨।੪।੩੭।