ਸਲੋਕੁ ਮਃ ੩ ॥
ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥ ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥ ਮਃ ੩ ॥ ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥ ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥ ਪਉੜੀ ॥ ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥ ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥ ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥ ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ ॥ ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥
ਸ਼ੁੱਕਰਵਾਰ, ੨੮ ਵੈਸਾਖ (ਸੰਮਤ ੫੫੬ ਨਾਨਕਸ਼ਾਹੀ) ੧੦ ਮਈ, ੨੦੨੪ (ਅੰਗ: ੬੪੬)
ਸਲੋਕੁ ਮਃ ੩ ॥
ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ; ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ । ਹੇ ਸ਼ੇਖਾ! ਜੋ (ਸਭ ਦਾ) ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀਂ ਲੱਗ; ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿਚ ਪਰਾਹੁਣਾ ਸਮਝ; ਜੇ ਤੂੰ ਸਤਿਗੁਰੂ ਦੇ ਭਾਣੇ ਵਿਚ ਚਲੇਂਗਾ ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਂਗਾ ।ਹੇ ਨਾਨਕ! ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ (ਚੰਗਾ) ਖਾਣਾ ਤੇ (ਚੰਗਾ) ਪਹਿਨਣਾ ਫਿਟਕਾਰ-ਜੋਗ ਹੈ ।੧।ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਤੇ ਨਾਹ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਝਣ ਲਈ ਮੁੱਲ ਕੀਹ ਹੈ; (ਪਰ,) ਹੇ ਨਾਨਕ! ਗੁਰਮੁਖ ਜੀਊੜੇ ਹਰੀ ਦੇ ਗੁਣ ਗਾਉਂਦੇ ਹਨ । (ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਹ) ਗੁਣਾਂ ਵਿਚ ਲੀਨ ਹੋਇਆ ਰਹਿੰਦਾ ਹੈ ।੨। (ਇਹ ਮਨੁੱਖਾ) ਸਰੀਰ, ਮਾਨੋ, ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ (-ਰੂਪ ਕਸੀਦਾ) ਕੱਢ ਕੇ ਇਹ ਚੋਲੀ ਪਹਿਨਣ-ਜੋਗ ਬਣਦੀ ਹੈ । (ਇਸ ਚੋਲੀ ਨੂੰ) ਬਹੁਤ ਤਰ੍ਹਾਂ ਕਈ ਵੰਨਗੀਆਂ ਦਾ ਹਰੀ-ਨਾਮ ਪੱਟ ਲੱਗਾ ਹੋਇਆ ਹੈ; (ਇਸ ਭੇਤ ਨੂੰ) ਮਨ ਵਿਚ ਵਿਚਾਰ ਕਰ ਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਹੈ । ਇਸ ਵਿਚਾਰ ਨੂੰ ਉਹ ਸਮਝਦਾ ਹੈ, ਜਿਸ ਨੂੰ ਹਰੀ ਆਪ ਸਮਝਾਵੇ । ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ-ਥਿਰ ਰਹਿਣ ਵਾਲਾ ਹਰੀ ਗੁਰੂ ਦੀ ਰਾਹੀਂ (ਸਿਮਰਿਆ ਜਾ ਸਕਦਾ ਹੈ) ।੧੧।
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (10 ਮਈ, 2024)
[wpadcenter_ad id='4448' align='none']