ਸਲੋਕੁ ਮਃ ੩ ॥
ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥ ਫਿਰਿ ਫਿਰਿ ਮਿਲਣੁ ਨ ਪਾਇਨੀ ਜੰਮਹਿ ਤੈ ਮਰਿ ਜਾਹਿ ॥ ਸਹਸਾ ਰੋਗੁ ਨ ਛੋਡਈ ਦੁਖ ਹੀ ਮਹਿ ਦੁਖ ਪਾਹਿ ॥ ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥੧॥ ਮਃ ੩ ॥ ਜੋ ਸਤਿਗੁਰ ਤੇ ਮੁਹ ਫਿਰੇ ਤਿਨਾ ਠਉਰ ਨ ਠਾਉ ॥ ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ ॥ ਨਾਨਕ ਗੁਰਮੁਖਿ ਬਖਸੀਅਹਿ ਸੇ ਸਤਿਗੁਰ ਮੇਲਿ ਮਿਲਾਉ ॥੨॥ ਪਉੜੀ ॥ ਜੋ ਸੇਵਹਿ ਸਤਿ ਮੁਰਾਰਿ ਸੇ ਭਵਜਲ ਤਰਿ ਗਇਆ ॥ ਜੋ ਬੋਲਹਿ ਹਰਿ ਹਰਿ ਨਾਉ ਤਿਨ ਜਮੁ ਛਡਿ ਗਇਆ ॥ ਸੇ ਦਰਗਹ ਪੈਧੇ ਜਾਹਿ ਜਿਨਾ ਹਰਿ ਜਪਿ ਲਇਆ ॥ ਹਰਿ ਸੇਵਹਿ ਸੇਈ ਪੁਰਖ ਜਿਨਾ ਹਰਿ ਤੁਧੁ ਮਇਆ ॥ ਗੁਣ ਗਾਵਾ ਪਿਆਰੇ ਨਿਤ ਗੁਰਮੁਖਿ ਭ੍ਰਮ ਭਉ ਗਇਆ ॥੭॥
ਬੁੱਧਵਾਰ, ੩੦ ਕੱਤਕ (ਸੰਮਤ ੫੫੫ ਨਾਨਕਸ਼ਾਹੀ) ੧੫ ਨਵੰਬਰ, ੨੦੨੩ (ਅੰਗ: ੬੪੫)
ਸਲੋਕੁ ਮਃ ੩ ॥
ਜੋ ਮਨੁੱਖ ਸਤਿਗੁਰੂ ਵੱਲੋਂ ਮਨਮੁਖ ਹਨ, ਉਹ ਅੰਤ ਨੂੰ ਬੱਧੇ ਦੁਖ ਸਹਿੰਦੇ ਹਨ, ਪ੍ਰਭੂ ਨੂੰ ਮਿਲ ਨਹੀਂ ਸਕਦੇ, ਮੁੜ ਮੁੜ ਜੰਮਦੇ ਤੇ ਮਰਦੇ ਹਨ; ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ, ਸਦਾ ਦੁਖੀ ਹੀ ਰਹਿੰਦੇ ਹਨ। ਹੇ ਨਾਨਕ! ਕ੍ਰਿਪਾ-ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖ਼ਸ਼ ਲਏ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਉਸ ਵਿਚ ਮਿਲ ਜਾਂਦੇ ਹਨ॥੧॥ ਜੋ ਮਨੁੱਖ ਸਤਿਗੁਰੂ ਤੋਂ ਮਨਮੁਖ ਹਨ ਉਹਨਾਂ ਦਾ ਨਾਂਹ ਥਾਂ ਨਾਂਹ ਥਿੱਤਾ; ਉਹ ਵਿਭ-ਚਾਰਨ ਛੁੱਟੜ ਇਸਤ੍ਰੀ ਵਾਂਗ ਹਨ, ਜੋ ਘਰ ਘਰ ਬਦਨਾਮ ਹੁੰਦੀ ਫਿਰਦੀ ਹੈ। ਹੇ ਨਾਨਕ! ਜੋ ਗੁਰੂ ਦੇ ਸਨਮੁਖ ਹੋ ਕੇ ਬਖ਼ਸ਼ੇ ਜਾਂਦੇ ਹਨ, ਉਹ ਸਤਿਗੁਰੂ ਦੀ ਸੰਗਤਿ ਵਿਚ ਮਿਲ ਜਾਂਦੇ ਹਨ॥੨॥ ਜੋ ਮਨੁੱਖ ਸੱਚੇ ਹਰੀ ਨੂੰ ਸੇਂਵਦੇ ਹਨ, ਉਹ ਸੰਸਾਰ-ਸਮੁੰਦਰ ਨੂੰ ਤਰ ਜਾਂਦੇ ਹਨ, ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ, ਉਹਨਾਂ ਨੂੰ ਜਮ ਛੱਡ ਜਾਂਦਾ ਹੈ; ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਹੈ, ਉਹ ਦਰਗਾਹ ਵਿਚ ਸਨਮਾਨੇ ਜਾਂਦੇ ਹਨ; ਪਰ ਹੇ ਹਰੀ! ਜਿਨ੍ਹਾਂ ਉਤੇ ਤੇਰੀ ਮੇਹਰ ਹੁੰਦੀ ਹੈ, ਉਹੀ ਮਨੁੱਖ ਤੇਰੀ ਭਗਤੀ ਕਰਦੇ ਹਨ। ਸਤਿਗੁਰੂ ਦੇ ਸਨਮੁਖ ਹੋ ਕੇ ਭਰਮ ਤੇ ਡਰ ਦੂਰ ਹੋ ਜਾਂਦੇ ਹਨ, (ਮੇਹਰ ਕਰ) ਹੇ ਪਿਆਰੇ! ਮੈਂ ਭੀ ਸਦਾ ਤੇਰੇ ਗੁਣ ਗਾਵਾਂ॥੭॥