ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ
ੴ ਸਤਿਗੁਰ ਪ੍ਰਸਾਦਿ ॥
ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥ ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ ॥ ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ॥ ਕਾਂਇਆ ਹੰਸੁ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ॥ ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ ॥ ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥੧॥ ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥ ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ ॥ ਆਗੈ ਸਰਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ ॥ ਜਿਤੁ ਸੇਵਿਐ ਦਰਗਹ ਸੁਖੁ ਪਾਈਐ ਨਾਮੁ ਤਿਸੈ ਕਾ ਲੀਜੈ ॥ ਆਗੈ ਹੁਕਮੁ ਨ ਚਲੈ ਮੂਲੇ ਸਿਰਿ ਸਿਰਿ ਕਿਆ ਵਿਹਾਣਾ ॥ ਸਾਹਿਬੁ ਸਿਮਰਿਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥੨॥ ਜੋ ਤਿਸੁ ਭਾਵੈ ਸੰਮ੍ਰਥੁ ਸੋ ਥੀਐ ਹੀਲੜਾ ਏਹੁ ਸੰਸਾਰੋ ॥ ਜਲਿ ਥਲਿ ਮਹੀਅਲਿ ਰਵਿ ਰਹਿਆ ਸਾਚੜਾ ਸਿਰਜਣਹਾਰੋ ॥ ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾ ਕਾ ਅੰਤੁ ਨ ਪਾਇਆ ॥ ਆਇਆ ਤਿਨ ਕਾ ਸਫਲੁ ਭਇਆ ਹੈ ਇਕ ਮਨਿ ਜਿਨੀ ਧਿਆਇਆ ॥ ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ ॥ ਜੋ ਤਿਸੁ ਭਾਵੈ ਸੰਮ੍ਰਥੁ ਸੋ ਥੀਐ ਹੀਲੜਾ ਏਹੁ ਸੰਸਾਰੋ ॥੩॥ ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥ ਵਾਲੇਵੇ ਕਾਰਣ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ ॥ ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ ॥ ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ ॥ ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ ॥ ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥੪॥੧॥
ਬੁੱਧਵਾਰ, ੩੧ ਅੱਸੂ (ਸੰਮਤ ੫੫੬ ਨਾਨਕਸ਼ਾਹੀ) ੧੬ ਅਕਤੂਬਰ, ੨੦੨੪ (ਅੰਗ: ੫੭੮)
ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ
ੴ ਸਤਿਗੁਰ ਪ੍ਰਸਾਦਿ ॥
ਜਿਸ ਪ੍ਰਭੂ ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ ਉਹੀ ਸਿਰਜਣਹਾਰ ਪਾਤਿਸ਼ਾਹ ਵਡਿਆਉਣ-ਜੋਗ ਹੈ। ਕਿਉਂਕਿ ਉਹੀ ਸਦਾ ਕਾਇਮ ਰਹਿਣ ਵਾਲਾ ਹੈ। ਜੀਵ ਵਿਚਾਰੇ ਦੀ ਕੋਈ ਪਾਂਇਆਂ ਨਹੀਂ, ਜਦੋਂ ਜੀਵ ਨੂੰ ਮਿਲਿਆ ਸਮਾਂ ਮੁੱਕ ਜਾਂਦਾ ਹੈ, ਜਦੋਂ ਇਸ ਦੀ ਉਮਰ ਦੀ ਪਿਆਲੀ ਭਰ ਜਾਂਦੀ ਹੈ, ਤਾਂ ਸਰੀਰ ਦੇ ਪਿਆਰੇ ਸਾਥੀ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ। ਉਮਰ ਦਾ ਸਮਾਂ ਮੁੱਕਣ ਤੇ ਜਦੋਂ ਪਰਮਾਤਮਾ ਦਾ ਲਿਖਿਆ ਹੁਕਮ ਆਉਂਦਾ ਹੈ, ਸਰੀਰ ਦੇ ਪਿਆਰੇ ਸਾਥੀ ਜੀਵਾਤਮਾ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ, ਤੇ ਸਾਰੇ ਸੱਜਣ ਸੰਬੰਧੀ ਰੋਂਦੇ ਹਨ। ਹੇ ਮੇਰੀ ਮਾਂ! ਜਦੋਂ ਉਮਰ ਦੇ ਦਿਨ ਪੂਰੇ ਹੋ ਜਾਂਦੇ ਹਨ, ਤਾਂ ਸਰੀਰ ਤੇ ਜੀਵਾਤਮਾ ਦਾ ਸਦਾ ਲਈ ਵਿਛੋੜਾ ਹੋ ਜਾਂਦਾ ਹੈ। ਉਸ ਅੰਤ ਸਮੇਂ ਤੋਂ ਪਹਿਲਾਂ ਪਹਿਲਾਂ ਜੋ ਜੋ ਕਰਮ ਜੀਵ ਨੇ ਕਮਾਇਆ ਹੁੰਦਾ ਹੈ, ਉਸ ਉਸ ਦੇ ਅਨੁਸਾਰ ਜਿਹੋ ਜਿਹਾ ਸੰਸਕਾਰਾਂ ਦਾ ਲੇਖ ਉਸ ਦੇ ਮੱਥੇ ਤੇ ਲਿਖਿਆ ਜਾਂਦਾ ਹੈ ਉਹੋ ਜਿਹਾ ਫਲ ਜੀਵ ਪਾਉਂਦਾ ਹੈ। ਜਿਸ ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ ਉਹੀ ਸਿਰਜਣਹਾਰ ਪਾਤਿਸ਼ਾਹ ਵਡਿਆਉਣ ਜੋਗ ਹੈ ਉਹੀ ਸਦਾ ਕਾਇਮ ਰਹਿਣ ਵਾਲਾ ਹੈ।੧। ਹੇ ਮੇਰੇ ਭਰਾਵੋ! ਸਦਾ-ਥਿਰ ਮਾਲਕ-ਪ੍ਰਭੂ ਦਾ ਸਿਮਰਨ ਕਰੋ। ਦੁਨੀਆ ਤੋਂ ਇਹ ਕੂਚ ਸਭਨਾ ਨੇ ਹੀ ਕਰਨਾ ਹੈ। ਦੁਨੀਆ ਵਿਚ ਮਾਇਆ ਦਾ ਝੂਠਾ ਆਹਰ ਚਾਰ ਦਿਨਾਂ ਲਈ ਹੀ ਹੈ, ਹਰੇਕ ਨੇ ਹੀ ਇਥੋਂ ਅਗਾਂਹ ਪਰਲੋਕ ਵਿਚ ਜਰੂਰ ਚਲੇ ਜਾਣਾ ਹੈ। ਇਥੇ ਜਗਤ ਵਿਚ ਅਸੀਂ ਪਰਾਹੁਣਿਆਂ ਵਾਂਗ ਹੀ ਹਾਂ, ਕਿਸੇ ਵੀ ਧਨ ਪਦਾਰਥ ਆਦਿਕ ਦਾ ਮਾਣ ਕਰਨਾ ਵਿਅਰਥ ਹੈ। ਉਸ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ ਜਿਸ ਦੇ ਸਿਮਰਨ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਆਤਮਕ ਆਨੰਦ ਮਿਲਦਾ ਹੈ। ਜਗਤ ਵਿਚ ਤਾਂ ਧਨ ਪਦਾਰਥ ਵਾਲੇ ਦਾ ਹੁਕਮ ਚੱਲ ਸਕਦਾ ਹੈ, ਪਰ ਪਰਲੋਕ ਵਿਚ ਕਿਸੇ ਦਾ ਭੀ ਹੁਕਮ ਉੱਕਾ ਹੀ ਨਹੀਂ ਚੱਲ ਸਕਦਾ, ਉਥੇ ਤਾਂ ਹਰੇਕ ਦੇ ਸਿਰ ਉਤੇ ਆਪੋ ਆਪਣੇ ਕੀਤੇ ਅਨੁਸਾਰ ਬੀਤਦੀ ਹੈ। ਹੇ ਮੇਰੇ ਭਰਾਵੋ! ਸਦਾ-ਥਿਰ ਮਾਲਕ-ਪ੍ਰਭੂ ਦਾ ਸਿਮਰਨ ਕਰੋ। ਦੁਨੀਆ ਤੋਂ ਇਹ ਕੂਚ ਸਭ ਨੇ ਹੀ ਕਰ ਜਾਣਾ ਹੈ।੨। ਜਗਤ ਦੇ ਜੀਵਾਂ ਦਾ ਉੱਦਮ ਤਾਂ ਇਕ ਬਹਾਨਾ ਹੀ ਹੈ, ਹੁੰਦਾ ਉਹੀ ਕੁਝ ਹੈ ਜੋ ਉਸ ਸਰਬ-ਸ਼ਕਤੀਮਾਨ ਪ੍ਰਭੂ ਨੂੰ ਭਾਉਂਦਾ ਹੈ। ਉਹ ਸਦਾ ਥਿਰ ਰਹਿਣ ਵਾਲਾ ਸਿਰਜਣਹਾਰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਮੌਜੂਦ ਹੈ। ਉਹ ਪ੍ਰਭੂ ਸਦਾ ਥਿਰ ਰਹਿਣ ਵਾਲਾ ਹੈ ਸਭ ਦਾ ਪੈਦਾ ਕਰਨ ਵਾਲਾ ਹੈ, ਅਦ੍ਰਿਸ਼ਟ ਹੈ, ਬੇਅੰਤ ਹੈ, ਕੋਈ ਭੀ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਲੱਭ ਸਕਦਾ। ਜਗਤ ਵਿਚ ਜੰਮਣਾ ਉਹਨਾਂ ਦਾ ਹੀ ਸਫਲ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਉਸ ਬੇਅੰਤ ਪ੍ਰਭੂ ਨੂੰ ਸੁਰਤਿ ਜੋੜ ਕੇ ਸਿਮਰਿਆ ਹੈ। ਉਹ ਪਰਮਾਤਮਾ ਆਪ ਹੀ ਜਗਤ-ਰਚਨਾ ਨੂੰ ਢਾਹ ਦੇਂਦਾ ਹੈ, ਢਾਹ ਕੇ ਆਪ ਹੀ ਫਿਰ ਬਣਾ ਲੈਂਦਾ ਹੈ, ਉਹ ਆਪਣੇ ਹੁਕਮ ਵਿਚ ਜੀਵਾਂ ਨੂੰ ਚੰਗੇ ਜੀਵਨ ਵਾਲੇ ਬਣਾਉਂਦਾ ਹੈ। ਜਗਤ ਜੀਵਾਂ ਦਾ ਉੱਦਮ ਤਾਂ ਇਕ ਬਹਾਨਾ ਹੀ ਹੈ, ਹੁੰਦਾ ਉਹੀ ਕੁਝ ਹੈ ਜੋ ਉਸ ਸਰਬ-ਸ਼ਕਤੀਮਾਨ ਪ੍ਰਭੂ ਨੂੰ ਚੰਗਾ ਲੱਗਦਾ ਹੈ।੩। ਹੇ ਨਾਨਕ! ਆਖ- ਵਿਛੁੜੇ ਸਨਬੰਧੀਆਂ ਦੀ ਮੌਤ ਤੇ ਤਾਂ ਹਰ ਕੋਈ ਵੈਰਾਗ ਵਿਚ ਆ ਜਾਂਦਾ ਹੈ, ਪਰ ਇਹ ਵੈਰਾਗ ਕਿਸੇ ਅਰਥ ਨਹੀਂ, ਹੇ ਭਾਈ! ਉਸੇ ਮਨੁੱਖ ਨੂੰ ਸਹੀ ਵੈਰਾਗ ਵਿਚ ਆਇਆ ਜਾਣੋ, ਜੋ ਪਿਆਰ ਨਾਲ ਪਰਮਾਤਮਾ ਦੇ ਮਿਲਾਪ ਦੀ ਖ਼ਾਤਰ ਵੈਰਾਗ ਵਿਚ ਆਉਂਦਾ ਹੈ। ਹੇ ਭਾਈ! ਦੁਨੀਆ ਦੇ ਧਨ-ਪਦਾਰਥ ਦੀ ਖ਼ਾਤਰ ਜੋ ਰੋਵੀਦਾ ਹੈ ਉਹ ਰੋਣਾ ਸਾਰਾ ਹੀ ਵਿਅਰਥ ਜਾਂਦਾ ਹੈ। ਪਰਮਾਤਮਾ ਵਲੋਂ ਭੁੱਲਾ ਹੋਇਆ ਜਗਤ ਮਾਇਆ ਦੀ ਖ਼ਾਤਰ ਰੋਂਦਾ ਹੈ, ਇਹ ਸਾਰਾ ਹੀ ਰੁਦਨ ਵਿਅਰਥ ਹੈ। ਇਸ ਰੋਣ ਨਾਲ ਮਨੁੱਖ ਨੂੰ ਚੰਗੇ ਮੰਦੇ ਕੰਮ ਦੀ ਪਛਾਣ ਨਹੀਂ ਆਉਂਦੀ, ਮਾਇਆ ਦੀ ਖ਼ਾਤਰ ਰੋ ਰੋ ਕੇ ਇਸ ਸਰੀਰ ਨੂੰ ਵਿਅਰਥ ਹੀ ਨਾਸ ਕਰ ਲੈਂਦਾ ਹੈ। ਹੇ ਭਾਈ! ਹਰੇਕ ਜੀਵ ਜੋ ਜਗਤ ਵਿਚ ਜਨਮ ਲੈ ਕੇ ਆਇਆ ਹੈ ਆਪਣਾ ਸਮਾਂ ਮੁਕਾ ਕੇ ਚਲਾ ਜਾਇਗਾ, ਨਾਸਵੰਤ ਜਗਤ ਦੇ ਮੋਹ ਵਿਚ ਫਸ ਕੇ ਵਿਅਰਥ ਮਾਣ ਕਰਦੇ ਹੋ। ਹੇ ਨਾਨਕ ਆਖ- ਹੇ ਭਾਈ! ਉਸੇ ਮਨੁੱਖ ਨੂੰ ਸਹੀ ਵੈਰਾਗ ਵਿਚ ਆਇਆ ਸਮਝੋ ਜੋ ਪਰਮਾਤਮਾ ਦੇ ਮਿਲਾਪ ਦੀ ਖ਼ਾਤਰ ਪਿਆਰ ਨਾਲ ਵੈਰਾਗ ਵਿਚ ਆਉਂਦਾ ਹੈ।੪।੧।
RAAG WADAHANS, FIRST MEHL, FIFTH HOUSE, ALAAHANEES~ SONGS OF MOURNING:
ONE UNIVERSAL CREATOR GOD. BY THE GRACE OF THE TRUE GURU:
Blessed is the Creator, the True King, who has linked the whole world to its tasks. When one’s time is up, and the measure is full, this dear soul is caught, and driven off. This dear soul is caught and driven off, when the pre-ordained Order is received; all the relatives cry out in mourning. The body and the swan-soul become separated, when one’s days are past and done, O my mother. As is one’s pre- ordained Destiny, so does one receive, according to one’s past actions. Blessed is the Creator, the True King, who has linked the whole world to its tasks. || 1 || Meditate in remembrance on the Lord and Master, O my Siblings of Destiny; everyone has to pass this way. These false entanglements last for only a few days; then, one must surely move on to the world hereafter. He must surely move on to the world hereafter, like a guest; so why does he indulge in pride? Chant the Name of the Lord; serving Him, you shall obtain peace in His Court. In the world hereafter, no one’s commands will be obeyed. According to their actions, each and every person proceeds. Meditate in remembrance on the Lord and Master, O my Siblings of Destiny; everyone has to pass this way. || 2 || Whatever pleases the Almighty Lord that alone comes to pass; this world is an opportunity to please Him. The True Creator Lord is pervading and permeating the water, the land and the air. The True Creator Lord is invisible and infinite; His limits cannot be found. Fruitful is the coming of those, who meditate single-mindedly on Him. He destroys, and having destroyed, He creates; by His Order, He adorns us. Whatever pleases the Almighty Lord – that alone comes to pass; this world is an opportunity to please Him. || 3 || Nanak: he alone is known to weep, O Baba, who weeps in the Lord’s Love. One who weeps for the sake of worldly objects, O Baba, weeps totally in vain. This weeping is totally in vain; the world forgets the Lord, and weeps for the sake of Maya. They do not distinguish between good and evil; they waste away their lives in vain. Everyone who comes here, shall have to leave; to act in egotism is false. Nanak: he alone is known to weep, O Baba, who weeps in the Lord’s Love. || 4 || 1 ||