ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਿਖਲਾਈ ਕੋਰਸ ਆਯੋਜਿਤ

ਬਠਿੰਡਾ, 17 ਸਤੰਬਰ : ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਬੀਬੀਆਂ ਲਈ ਕੱਪੜਿਆਂ ਦੀ ਰੰਗਾਈ ਦੀਆਂ ਵੱਖ-ਵੱਖ ਰਵਾਇਤੀ ਅਤੇ ਨਵੀਨ ਤਕਨੀਕਾਂ ਨਾਲ ਸਜਾਵਟ ਕਰਕੇ ਕੀਮਤ-ਵਾਧਾ ਕਰਨ ਸੰਬੰਧੀ ਸੱਤ ਰੋਜ਼ਾ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ। ਇਹ ਜਾਣਕਾਰੀ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਗੁਰਦੀਪ ਸਿੰਘ ਸਿੱਧੂ ਨੇ ਸਾਂਝੀ ਕੀਤੀ।

          ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਸਿਖਲਾਈ ਕੋਰਸ ਦਾ ਮਕਸਦ ਇਸ ਕਿੱਤੇ ਨੂੰ ਵੱਧ ਤੋਂ ਵੱਧ ਅਪਨਾਉਣ ਲਈ ਪ੍ਰੇਰਿਤ ਕਰਨਾ ਅਤੇ ਔਰਤਾਂ ਨੂੰ ਇਸ ਕਿੱਤੇ ਸਬੰਧੀ ਜਾਣਕਾਰੀ ਦੇ ਕੇ ਇਸ ਕੰਮ ਦੇ ਯੋਗ ਬਣਾਉਣਾ ਹੈ ਤਾਂ ਕਿ ਉਹ ਆਪਣੇ ਪੈਰ੍ਹਾਂ ਤੇ ਖੜ੍ਹੀਆਂ ਹੋ ਕੇ ਆਪਣੇ ਘਰ ਦੀ ਆਮਦਨ ਵਧਾਉਣ ਵਿੱਚ ਬਣਦਾ ਯੋਗਦਾਨ ਪਾ ਸਕਣ। ਉਨ੍ਹਾਂ ਦੱਸਿਆ ਕਿ ਇਸ ਕੋਰਸ ਵਿੱਚ ਵੱਖ-ਵੱਖ ਪਿੰਡਾਂ ਤਿਉਣਾ, ਸੇਮਾ, ਬਾਂਡੀ, ਮਸ਼ਾਣਾ, ਕੋਟਸ਼ਮੀਰ, ਢੇਲਵਾਂ, ਬੀੜ ਤਲਾਬ, ਚੱਠੇਵਾਲਾ, ਗੁਰਥੜੀ, ਮੱਲਵਾਲਾ, ਕਾਲਝਰਾਣੀ, ਲਹਿਰੀ, ਨੰਦਗੜ, ਮਹਿਮਾ ਸਰਕਾਰੀ, ਗੋਬਿੰਦਪੁਰਾ, ਲਹਿਰਾ ਮੁਹੱਬਤ ਅਤੇ ਦਿਉਣ ਤੋਂ ਆਈਆਂ 26 ਸਿਖਿਆਰਥਣਾਂ ਦੁਆਰਾ ਭਾਗ ਲਿਆ ਗਿਆ।

ਇਸ ਕੋਰਸ ਦੌਰਾਨ ਕੋਆਰਡੀਨੇਟਰ ਪ੍ਰੋਫੈਸਰ ਜਸਵਿੰਦਰ ਕੌਰ ਬਰਾੜ ਨੇ ਕੱਪੜਿਆਂ ਦੀ ਟਾਈਡਾਈ ਅਤੇ ਰੰਗਾਈ ਦੀਆਂ ਵੱਖ-ਵੱਖ ਤਕਨੀਕਾਂ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤਾਂ ਜੋ ਕਿ ਇਨ੍ਹਾਂ ਤਕਨੀਕਾਂ ਦੀ ਵਰਤੋਂ ਨਾਲ ਔਰਤਾਂ ਆਪਣੇ ਘਰ ਬੈਠੀਆਂ ਹੀ ਪੈਸਾ ਕਮਾ ਸਕਣ। ਉਨ੍ਹਾਂ ਦੱਸਿਆ ਕਿ ਇਸ ਕਿੱਤੇ ਨੂੰ ਸ਼ੁਰੂ ਕਰਨ ਲਈ ਬਹੁਤੇ ਅਗਾਊਂ ਖ਼ਰਚੇ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਬਹੁਤ ਘੱਟ ਪੈਸੇ ਖਰਚ ਕੇ ਇਹ ਕਿੱਤਾ ਸ਼ੁਰੂ ਕੀਤਾ ਜਾ ਸਕਦਾ ਹੈ।

ਸਿਖਲਾਈ ਕੋਰਸ ਦੇ ਅਖੀਰ ਵਿੱਚ ਸਿੱਖਿਆਰਥਣਾਂ ਵੱਲੋਂ ਬਣਾਏ ਗਏ ਸਾਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

[wpadcenter_ad id='4448' align='none']