ਪਾਰਦਰਸ਼ਤਾ ਹੀ ‘ਘਰ-ਘਰ ਮੁਫਤ ਰਾਸ਼ਨ’ ਸਕੀਮ ਦੀ ਮੁੱਖ ਵਿਸ਼ੇਸ਼ਤਾ : ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ, 21 ਫਰਵਰੀ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ‘ਘਰ-ਘਰ ਮੁਫਤ ਰਾਸ਼ਨ ਯੋਜਨਾ’ ਤੋਂ ਝਲਕਦੀ ਪਾਰਦਰਸ਼ਤਾ ਹੀ ਇਸ ਦੀ ਮੁੱਖ ਵਿਸ਼ੇਸ਼ਤਾ ਹੈ। ਸਕੀਮ ਤਹਿਤ ਪੈਕ ਕੀਤੀ ਕਣਕ/ਆਟਾ ਨੈਸ਼ਨਲ ਫੂਡ ਸਕਿਓਰਿਟੀ ਐਕਟ, 2013 ਦੇ ਤਹਿਤ ਲਾਭਪਾਤਰੀਆਂ ਨੂੰ ਮਾਡਲ ਫੇਅਰ ਪ੍ਰਾਈਸ ਸ਼ਾਪ (ਵਾਜਿਬ ਮੁੱਲ ਦੀਆਂ ਦੁਕਾਨਾਂ) ਰਾਹੀਂ ਪਾਰਦਰਸ਼ੀ ਢੰਗ ਨਾਲ ਲੋਕਾਂ ਦੇ ਘਰੋ-ਘਰੀ ਪਹੁੰਚਾਇਆ ਜਾ ਰਿਹਾ ਹੈ।
ਇਹ ਗੱਲ ਅੱਜ ਇਥੇ ਅਨਾਜ ਭਵਨ ਵਿਖੇ ਇਸ ਯੋਜਨਾ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਸਬੰਧੀ ਮੀਟਿੰਗ ਦੌਰਾਨ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਜ਼ੋਰ ਦੇ ਕੇ ਆਖੀ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਕੀਮ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ ਤੋਂ ਫੀਡਬੈਕ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਮੌਕੇ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਸੂਬੇ ਭਰ ’ਚ ਕੁੱਲ 627 ਮਾਡਲ ਫੇਅਰ ਪ੍ਰਾਈਸ ਸ਼ਾਪਸ ਚੱਲ ਰਹੀਆਂ ਹਨ ਅਤੇ ਹੁਣ ਤੱਕ ਇਨ੍ਹਾਂ ਨਾਲ ਜੁੜੇ ਲਾਭਪਾਤਰੀ ਪਰਿਵਾਰਾਂ ਦੀ ਗਿਣਤੀ 6.36 ਲੱਖ ਤੋਂ ਟੱਪ ਗਈ ਹੈ। ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਇਸ ਸਮੇਂ ਵੰਡ ਦੇ ਕੰਮ ਵਿੱਚ ਜਲੰਧਰ ਜ਼ਿਲ੍ਹਾ ਮੋਹਰੀ ਹੈ।
ਸੂਬੇ ਵਿੱਚ ਕਣਕ ਵੰਡਣ ਦੀ ਗਤੀ ਵਿੱਚ ਹੋਰ ਤੇਜ਼ੀ ਲਿਆਉਣ ਲਈ ਵਿਭਾਗ ਵੱਲੋਂ 2000 ਹੋਰ ਈ-ਪੀਓਐਸ ਮਸ਼ੀਨਾਂ ਖਰੀਦੀਆਂ ਗਈਆਂ ਹਨ ਅਤੇ ਇਸ ਸਾਲ 31 ਮਾਰਚ ਤੱਕ ਵੰਡ ਨੂੰ ਪੂਰਾ ਕਰਨ ਦਾ ਟੀਚਾ ਹੈ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਭਾਗ ਦੇ ਡਾਇਰੈਕਟਰ ਪੁਨੀਤ ਗੋਇਲ ਅਤੇ ਵਧੀਕ ਡਾਇਰੈਕਟਰ ਡਾ. ਅੰਜੁਮਨ ਭਾਸਕਰ ਵੀ ਮੌਜੂਦ ਸਨ।

[wpadcenter_ad id='4448' align='none']