ਫ਼ਰੀਦਕੋਟ 28 ਜੁਲਾਈ,2024
ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਨਿਰੋਲ ਬਾਗ ਕੋਟਕਪੂਰਾ ਵਿਖੇ “ਮੈਂ ਤੇ ਮੇਰਾ ਰੁੱਖ” ਮੁਹਿੰਮ ਤਹਿਤ ਪੌਦੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਅਤੇ ਕਿਹਾ ਕਿ ਇਹ ਪੌਦੇ ਵੱਡੇ ਹੋ ਕੇ ਰੁੱਖ ਦਾ ਰੂਪ ਧਾਰ ਕੇ ਜਿੱਥੇ ਸਾਰਿਆਂ ਨੂੰ ਸੰਘਣੀ ਛਾਂ ਦੇਣਗੇ ਉੱਥੇ ਆਕਸੀਜਨ ਦੀ ਘਾਟ ਨੂੰ ਵੀ ਪੂਰਾ ਕਰਨਗੇ ।
ਉਹਨਾਂ ਕਿਹਾ ਕਿ ਵੱਧ ਰਹੇ ਉਦਯੋਗਾਂ, ਕਾਰਖਾਨਿਆਂ ਅਤੇ ਗੱਡੀਆਂ ਦੀ ਬਹੁਤਾਤ ਕਾਰਨ ਧਰਤੀ ਤੇ ਤਾਪਮਾਨ 48 ਡਿਗਰੀ ਤੱਕ ਪਹੁੰਚ ਜਾਂਦਾ ਹੈ। ਉਨ੍ਹਾਂ ਖਦਸ਼ਾ ਜਾਹਿਰ ਕਰਦਿਆਂ ਕਿਹਾ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਪਾਰਾ 50 ਤੋਂ 52 ਡਿਗਰੀ ਤੱਕ ਪਹੁੰਚ ਸਕਦਾ ਹੈ ਜੋ ਧਰਤੀ ਤੇ ਰਹਿਣ ਵਾਲੇ ਬਸ਼ਿੰਦਿਆਂ ਤੋਂ ਇਲਾਵਾ ਬੇਜੁਬਾਨ ਜੀਵਾਂ ਤੇ ਪੰਛੀਆਂ ਲਈ ਵੀ ਘਾਤਕ ਸਾਬਤ ਹੋ ਸਕਦਾ ਹੈ।
ਉਹਨਾਂ ਰੁੱਖ ਲਗਾਉਣ ਨੂੰ ਵੱਧ ਰਹੇ ਤਾਪਮਾਨ ਨੂੰ ਠੱਲ੍ਹ ਪਾਉਣ ਦਾ ਇੱਕੋ ਇੱਕ ਤਰੀਕਾ ਦੱਸਿਆ ਅਤੇ ਪੁਰਜ਼ੋਰ
ਅਪੀਲ ਕੀਤੀ ਕਿ ਹਰ ਇਕ ਮਨੁੱਖ ਨੂੰ ਵਾਤਾਵਰਨ ਪ੍ਰਤੀ ਆਪਣਾ ਫਰਜ਼ ਸਮਝਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਆਲੇ ਦੁਆਲੇ ਦੀ ਸੰਭਾਲ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਹਵਾ, ਪਾਣੀ ਅਤੇ ਧਰਤੀ ਤਾਂ ਹੀ ਪ੍ਰਦੂਸ਼ਣ ਮੁਕਤ ਹੋ ਸਕਦੀ ਹੈ ਜੇਕਰ ਅਸੀਂ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਨ ਨੂੰ ਹਰਿਆਵਾਲ ਭਰਪੂਰ ਰੱਖਾਂਗੇ।
ਵਿਧਾਨ ਸਭਾ ਤੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਬਾਰੇ ਹੋਰ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਅੱਜ ਇਸੇ ਮੁਹਿੰਮ ਤਹਿਤ ਕੋਟਕਪੂਰਾ ਦੇ ਨਿਰੋਗ ਬਾਲ ਆਸ਼ਰਮ ਵਿਚ ਵੀ ਕਈ ਪ੍ਰਕਾਰ ਦੇ ਪੌਦੇ ਲਗਾਏ ਗਏ ਹਨ ।
ਹਲਕੇ ਦੇ ਐਮ.ਐਲ.ਏਜ ਨੂੰ ਬੇਨਤੀ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਆਪਣੇ ਇਲਾਕਿਆ ਵਿੱਚ ਵੀ ਵੱਧ ਵੱਧ ਤੋਂ ਪੌਦੇ ਲਗਾਉਣ।
ਇਸ ਮੌਕੇ ਨਿਰੋਗ ਬਾਲ ਆਸ਼ਰਮ ਦੇ ਪ੍ਰਬੰਧਕ ਸਤਪਾਲ ਅਰੋੜਾ, ਜੁਆਇੰਟ ਸੈਕਟਰੀ ਐਡਵੋਕੇਟ ਸਚਿਨ ਕੁਮਾਰ, ਮੈਂਬਰ ਹਰਸ਼ ਅਰੋੜਾ, ਨਵਨੀਤ ਕੱਕੜ,ਓਮਪ੍ਰਕਾਸ਼ ਗੋਇਲ, ਕਮਲ ਗਰਗ, ਸ਼ੀਤਲ ਗੋਇਲ, ਪ੍ਰੋਜੈਕਟ ਇੰਚਾਰਜ ਜਸਵਿੰਦਰ ਸਿੰਘ ਵੜਿੰਗ
ਤੋਂ ਇਲਾਵਾ ਵੱਖ ਵੱਖ ਸੰਸਥਾਵਾਂ ਦੇ ਅਹੁਦੇਦਾਰ ਵੀ ਮੌਜੂਦ ਸਨ ।