ਚੰਡੀਗੜ੍ਹ, 24 ਦਸੰਬਰ:
ਖੇਡ ਮੰਤਰਾਲੇ ਵੱਲੋਂ ਕੁਸ਼ਤੀ ਸੰਘ ਨੂੰ ਮੁਅੱਤਲ ਕਰਨ ਦੇ ਫੈਸਲੇ ਨੂੰ ਕੇਂਦਰ ਵੱਲੋਂ ਭਾਰੀ ਜਨਤਕ ਦਬਾਅ ਹੇਠ ਲਿਆ ਗਿਆ ਫੈਸਲਾ ਦੱਸਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਐਤਵਾਰ ਨੂੰ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ ਖਿਡਾਰੀਆਂ ਨਾਲ ਜ਼ਬਰ-ਜਨਾਹ ਅਤੇ ਛੇੜਛਾੜ ਦੇ ਗੰਭੀਰ ਦੋਸ਼ਾਂ ਨੂੰ ਤਰਕਸੰਗਤ ਢੰਗ ਨਾਲ ਸਿੱਟੇ ਤੱਕ ਪਹੁੰਚਾਇਆ ਜਾਵੇ।
ਕੇਂਦਰੀ ਖੇਡ ਮੰਤਰਾਲੇ ਵੱਲੋਂ ਨਵੀਂ ਡਬਲਯੂ.ਐੱਫ.ਆਈ. ਨੂੰ ਰੱਦ ਕਰਨ ਦੀਆਂ ਖ਼ਬਰਾਂ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸੰਧਵਾਂ ਨੇ ਕਿਹਾ ਕਿ ਨਵੀਂ ਸੰਸਥਾ ਨੂੰ ਤੁਰੰਤ ਪ੍ਰਭਾਵ ਨਾਲ ਖ਼ਤਮ ਕੀਤਾ ਜਾਣਾ ਚਾਹੀਦਾ ਹੈ ਅਤੇ ਪਾਰਦਰਸ਼ੀ ਢੰਗ ਨਾਲ ਨਵੀਆਂ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।
ਸ. ਸੰਧਵਾਂ ਨੇ ਇੱਥੋਂ ਜਾਰੀ ਇੱਕ ਬਿਆਨ ਵਿੱਚ ਪੁੱਛਿਆ, “ਉਨ੍ਹਾਂ ਨੇ ਨਵੀਂ ਡਬਲਯੂ.ਐਫ.ਆਈ. ਨੂੰ ਖਤਮ ਕਰਨ ਤੋਂ ਕਿਉਂ ਰੋਕਿਆ, ਜੋ ਕਿ ਸਾਬਕਾ ਮੁਖੀ ਦਾ ਹੀ ਰੂਪ (ਪ੍ਰੌਕਸੀ) ਸੀ, ਜਿਸ ਉੱਤੇ ਉਨ੍ਹਾਂ ਖਿਡਾਰੀਆਂ ਵਲੋਂ ਗੰਭੀਰ ਅਪਰਾਧਿਕ ਦੋਸ਼ ਲਗਾਏ ਗਏ ਸਨ, ਜਿਨ੍ਹਾਂ ਦੀ ਉਹ ਨੁਮਾਇੰਦਗੀ ਅਤੇ ਸੁਰੱਖਿਆ ਦਾ ਜ਼ਿੰਮੇਵਾਰ ਸੀ।
ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਕੋਈ ਵੀ ਦੇਸ਼ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ, ਜਦੋਂ ਤੱਕ ਉਸ ਦੀਆਂ ਅਥਲੀਟ ਤੇ ਧੀਆਂ ਦੀ ਰੱਖਿਆ ਨਹੀਂ ਕੀਤੀ ਜਾਂਦੀ। ਸਾਕਸ਼ੀ ਅਤੇ ਬਜਰੰਗ ਨੇ ਜਿਸ ਤਰ੍ਹਾਂ ਬੇਇਨਸਾਫ਼ੀ ਅਤੇ ਅਪਮਾਨ ਦੇ ਖਿਲਾਫ ਇਸ ਲੜਾਈ ਦੀ ਝੰਡਾ-ਬਰਦਰਾਰੀ ਕੀਤੀ ਹੈ, ਉਹ ਮਿਸਾਲੀ ਤੇ ਜੁਅਰਤਮੰਦੀ ਦੀ ਗੱਲ ਹੈ ਅਤੇ ਇਹ ਉਨ੍ਹਾਂ ਵੱਲੋਂ ਚੁਣੌਤੀਆਂ ਦੇ ਸਖ਼ਤ ਦੌਰ ’ਚ ਵੀ ਡੱਟੇ ਰਹਿਣ ਦਾ ਨਤੀਜਾ ਹੈ। ਸ. ਸੰਧਵਾਂ ਨੇ ਅੱਗੇ ਕਿਹਾ ਕਿ ਕਿਸੇ ਕੌਮ ਲਈ ਆਪਣੇ ਓਲੰਪੀਅਨਾਂ ਦੀ ਬੇਹੁਰਮਤੀ ਤੇ ਅਪਮਾਨ ਹੁੰਦਾ ਦੇਖਣਾ ਬੜਾ ਦੁਖਦਾਈ ਅਤੇ ਸ਼ਰਮਨਾਕ ਹੈ।
ਇਸ ਸਾਰੀ ਪ੍ਰਕਿਰਿਆ ਨੂੰ ਫਾਹਸ਼ ਤੇ ਕੋਝਾ ਮਜ਼ਾਕ ਦੱਸਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਣਦੀ ਸੀ ਕਿ ਦੇਸ਼ ਦੀ ਜਨਤਾ ਦਾ ਭਰੋਸਾ ਅਤੇ ਹਮਦਰਦੀ ਉਨ੍ਹਾਂ ਅਥਲੀਟਾਂ ਦੇ ਨਾਲ ਹੈ, ਜਿਨ੍ਹਾਂ ਨੂੰ ਗਲਤ ਸਾਬਤ ਕੀਤਾ ਜਾ ਰਿਹਾ ਸੀ। ਸੰਧਵਾਂ ਨੇ ਕਿਹਾ ਕਿ ਸਾਡੇ ਅਥਲੀਟਾਂ ਦੇ ਹੰਝੂਆਂ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿਤਾ ਹੈ ਕਿਉਂਕਿ ਸਾਡੇ ਸਟਾਰ ਅਥਲੀਟਾਂ ਨੂੰ ਤਗਮੇ ਵਾਪਸ ਕਰਦੇ ਦੇਖਣਾ ਬਹੁਤ ਦੁਖਦਾਈ ਸੀ।
ਸਾਕਸ਼ੀ ਅਤੇ ਬਜਰੰਗ ਦੀ ਹੋਈ ਜਿੱਤ: ਕੇਂਦਰ ਦੇਰ ਨਾਲ ਜਾਗਿਆ, ਪਰ ਬ੍ਰਿਜ ਭੂਸ਼ਣ ਸਿੰਘ ’ਤੇ ਲੱਗੇ ਗੰਭੀਰ ਦੋਸ਼ਾਂ ’ਤੇ ਕਾਰਵਾਈ ਜ਼ਰੂਰੀ: ਕੁਲਤਾਰ ਸਿੰਘ ਸੰਧਵਾਂ
[wpadcenter_ad id='4448' align='none']