ਹਿੰਦ-ਪਾਕਿ ਸਰਹੱਦ ਨਜ਼ਦੀਕ ਪਹੁੰਚੀ ਵੋਟਰ ਜਾਗਰੂਕਤਾ ਮੁਹਿੰਮ

ਬੇੜੀ ਰਾਹੀਂ ਸਤਲੁਜ ਦਰਿਆ ਪਾਰ ਕਰ ਸਵੀਪ ਟੀਮ ਪਹੁੰਚੀ ਕਾਲੂ ਵਾਲਾ ਟਾਪੂ

ਫ਼ਿਰੋਜ਼ਪੁਰ, 09 ਮਈ 2024 ( )

          ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਜੇਸ਼ ਧੀਮਾਨ ਦੀਆਂ ਹਦਾਇਤਾਂ ਅਨੁਸਾਰ ਸਵੀਪ ਪ੍ਰੋਗਰਾਮ ਤਹਿਤ ਵੋਟਰ ਜਾਗਰੂਕਤਾ ਮੁਹਿੰਮ ਹਿੰਦ-ਪਾਕਿ ਸਰਹੱਦ ਦੇ ਨਜ਼ਦੀਕ ਸਤਲੁਜ ਦਰਿਆ ਦੇ ਕੰਢੇ ’ਤੇ ਸਥਿਤ 14 ਪਿੰਡਾਂ ਵਿੱਚ ਪਹੁੰਚੀ। ਬੇੜੀ ਰਾਹੀਂ ਸਤਲੁਜ ਦਰਿਆ ਪਾਰ ਕਰਕੇ ਸਵੀਪ ਟੀਮ ਵਿਸ਼ੇਸ਼ ਤੌਰ ’ਤੇ ਜ਼ੀਰੋ ਲਾਇਨ ਦੇ ਬਿਲਕੁਲ ਨਜ਼ਦੀਕ ਟਾਪੂ ਨੁਮਾ ਪਿੰਡ ਕਾਲੂ ਵਾਲਾ ਵੀ ਪਹੁੰਚੀ।

    ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਸਤਿੰਦਰ ਸਿੰਘ ਜ਼ਿਲ੍ਹਾ ਸਵੀਪ ਕੋਆਰਡੀਨੇਟਰ ਨੇ ਦੱਸਿਆ ਕਿ ਹੁਸੈਨੀਵਾਲਾ ਸ਼ਹੀਦੀ ਸਮਾਰਕ ਦੇ ਨਾਲ ਲੱਗਦੇ ਪਿੰਡਾਂ ਵਿੱਚ ਜਿੱਥੇ ਵੋਟਰਾਂ ਨੂੰ ਲੋਕ ਸਭਾ ਚੋਣਾਂ 2024 ਲਈ ਵੱਧ ਤੋਂ ਵੱਧ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ, ਉੱਥੇ ਹੀ ਚੋਣਾਂ ਦੌਰਾਨ ਬਿਨਾਂ ਕਿਸੇ ਲਾਲਚ, ਡਰ ਅਤੇ ਲੜਾਈ-ਝਗੜੇ ਤੋਂ ਨਸ਼ਾ ਮੁਕਤ ਚੋਣਾਂ ਕਰਵਾ ਕੇ ਚੋਣ ਦੀ ਗਰਿਮਾ ਨੂੰ ਬਣਾਈ ਰੱਖਣ ਲਈ ਵੀ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 01 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਪੋਲ ਪ੍ਰਤੀਸ਼ਤ ਵਧਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜਿਸ ਤਹਿਤ ਦੂਰ-ਦੁਰਾਡੇ ਦੇ ਵੋਟਰਾਂ ਤੱਕ ਵੀ ਪਹੁੰਚ ਕਰਕੇ ਪ੍ਰੇਰਿਤ ਕੀਤਾ ਜਾ ਰਿਹਾ ਹੈ।

     ਸਵੀਪ ਟੀਮ ਦੇ ਮੈਂਬਰ ਲਖਵਿੰਦਰ ਸਿੰਘ ਕੋਆਰਡੀਨੇਟਰ 076 ਫ਼ਿਰੋਜ਼ਪੁਰ ਸ਼ਹਿਰੀ, ਰਜਿੰਦਰ ਕੁਮਾਰ ਮੀਡੀਆ ਕੋਆਰਡੀਨੇਟਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਰਾਸ਼ਟਰੀ ਸੇਵਾ ਯੋਜਨਾ ਯੂਨਿਟ ਦੇ ਵਲੰਟੀਅਰਜ਼ ਅਤੇ ਇਲੈਕਟਰੋਲ ਲਿਟਰੇਸੀ ਕਲੱਬ ਦੇ ਮੈਂਬਰਾਂ ਨੇ ਪਿੰਡ ਗੱਟੀ ਰਾਜੋ ਕੇ, ਟੇਂਡੀਵਾਲਾ ਅਤੇ ਕਾਲੂਵਾਲਾ ਟਾਪੂ ਦੇ ਘਰ-ਘਰ ਪਹੁੰਚ ਕੇ ਵੋਟਰਾਂ ਨੂੰ ਜਾਗਰੂਕ ਕੀਤਾ ਤੇ ਵੋਟ ਦਾ ਮਹੱਤਵ ਸਮਝਾਇਆ।

   ਇਸ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿੱਚ ਆਯੋਜਿਤ ਵੋਟਰ ਜਾਗਰੂਕਤਾ ਪ੍ਰੋਗਰਾਮ ਵਿੱਚ ਸਕੂਲ ਵਿਦਿਆਰਥੀਆਂ ਨੇ ਦਿਲ ਖਿੱਚਵੇਂ ਪੋਸਟਰ ਬਣਾ ਕੇ ਵੋਟਰ ਜਾਗਰੂਕਤਾ ਦਾ ਸੰਦੇਸ਼ ਦਿੱਤਾ ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਨਿਡਰ ਹੋ ਕੇ ਧਰਮ, ਵਰਗ, ਜਾਤ, ਭਾਈਚਾਰੇ ਭਾਸ਼ਾ ਜਾਂ ਕਿਸੇ ਹੋਰ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ। ਇਸ ਮੌਕੇ ਇਲਾਕਾ ਨਿਵਾਸੀਆਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਅਤੇ ਨਸ਼ਾ ਮੁਕਤ ਚੋਣਾਂ ਲਈ ਸਹਿਯੋਗ ਦੀ ਅਪੀਲ ਕੀਤੀ ਗਈ।

     ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਚਾਂਦ ਪ੍ਰਕਾਸ਼ ਚੋਣ ਤਹਿਸੀਲਦਾਰ, ਗਗਨਦੀਪ ਕੌਰ ਚੋਣ ਕਾਨੂੰਗੋ, ਲਖਵਿੰਦਰ ਸਿੰਘ ਕੋਆਰਡੀਨੇਟਰ, ਪ੍ਰਿਅੰਕਾ ਜੋਸ਼ੀ ਪ੍ਰੋਗਰਾਮ ਅਫ਼ਸਰ ਐਨ.ਐਸ.ਐਸ., ਵਿਸ਼ਾਲ ਗੁਪਤਾ, ਕੰਚਨ ਬਾਲਾ, ਮਲਕੀਤ ਸਿੰਘ ਵਲੰਟੀਅਰ, ਬਲਜੀਤ ਕੌਰ ਅਤੇ ਸਕੂਲ ਦੇ ਸਮੂਹ ਸਟਾਫ਼ ਨੇ ਵੱਡਮੁੱਲਾ ਯੋਗਦਾਨ ਪਾਇਆ।

[wpadcenter_ad id='4448' align='none']