ਸਰਸ ਮੇਲੇ ਦੇ ਨੌਵੇਂ ਦਿਨ ਵੋਟਰ ਜਾਗਰੂਕਤਾ ਦਾ ਦਿੱਤਾ ਸੁਨੇਹਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਅਕਤੂਬਰ:

ਸਰਸ ਮੇਲੇ ਦੇ ਨੌਵੇਂ ਦਿਨ ਹਰ ਰੋਜ਼ ਦੀ ਤਰ੍ਹਾਂ ਲੋਕਾਂ ਨੂੰ ਜਾਗਰੂਕਤਾ ਦਾ ਸੁਨੇਹਾ ਦਿੰਦੇ ਹੋਏ ਵੋਟਰ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਵੱਲੋਂ ਆਪਣੇ ਲੋਕ-ਨਾਚਾਂ ਦੇ ਰਾਹੀਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਉਹ 18 ਸਾਲ ਦੇ ਹੋ ਚੁੱਕੇ ਹਨ ਜਾਂ 1 ਜਨਵਰੀ 2025 ਤੱਕ 18 ਸਾਲ ਦੇ ਹੋ ਜਾਣਗੇ ਤਾਂ ਵੋਟਰ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਉਣ। 

      ਇਹ ਮੁਹਿੰਮ ਦੀ ਅਗਵਾਈ ਮੇਲੇ ਦੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਦੇਖ ਰੇਖ ਕਰ ਰਹੇ ਅਤੇ ਜ਼ਿਲ੍ਹਾਂ ਨੋਡਲ ਅਫਸਰ ਸਵੀਪ (ਵੋਟਰ ਸਾਖਰਤਾ ਮੁਹਿੰਮ) ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਵੱਲੋਂ ਕੀਤੀ ਜਾ ਰਹੀ ਹੈ, ਜਿਸ ਵਿੱਚ ਚੋਣ ਤਹਿਸੀਲਦਾਰ ਸੰਜੇ ਕੁਮਾਰ, ਚੋਣ ਕਾਨੂੰਨਗੋ ਸੁਰਿੰਦਰ ਸਿੰਘ, ਜ਼ਿਲ੍ਹਾ ਚੋਣ ਆਈਕਨ ਗੁਰਪ੍ਰੀਤ ਸਿੰਘ ਨਾਮਧਾਰੀ ਅਤੇ ਚੋਣ ਕਾਨੂੰਨਗੋ ਖਰੜ ਜਗਤਾਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ।

       ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ 29 ਅਕਤੂਬਰ ਤੋਂ ਸ਼ੁਰੂ ਹੋਵੇਗੀ ਜੋ ਕਿ 28 ਨਵੰਬਰ ਤੱਕ ਚੱਲੇਗੀ, ਜਿਸ ਦੌਰਾਨ ਜ਼ਿਲ੍ਹੇ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ 4 ਵਿਸ਼ੇਸ਼ ਕੈਂਪਾਂ ਦਾ ਵੀ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਵੋਟਰ ਆਪਣਾ ਨਾਮ ਦਰਜ ਕਰਾ ਸਕਦੇ ਨੇ, ਆਪਣੀ ਵੋਟ ਨੂੰ ਸ਼ਿਫਟ ਕਰਵਾ ਸਕਦੇ ਨੇ ਜਾਂ ਉਸ ਵਿੱਚ ਲੋੜੀਂਦੀ ਸੋਧ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਵੋਟਰ ਟੋਲ ਫ੍ਰੀ ਨੰਬਰ 1950 ‘ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਵੋਟਰ ਹੈਲਪਲਾਈਨ ਮੋਬਾਇਲ ਐਪ ਦੇ ਜ਼ਰੀਏ ਵੀ ਆਪਣਾ ਨਾਮ ਦਰਜ ਕਰਵਾ ਸਕਦੇ ਹਨ।

[wpadcenter_ad id='4448' align='none']