Weather update
ਪੰਜਾਬ, ਹਰਿਆਣਾ, ਦਿੱਲੀ ਸਮੇਤ ਮੈਦਾਨੀ ਇਲਾਕਿਆਂ ’ਚ ਕੜਾਕੇ ਦੀ ਠੰਢ ਤੋਂ ਭਾਵੇਂ ਨਿਜਾਤ ਮਿਲ ਚੁੱਕੀ ਹੈ ਪਰ ਘੱਟੋ-ਘੱਟ ਤਾਪਮਾਨ ਅਜੇ ਵੀ 4 ਡਿਗਰੀ ਤੋਂ ਘੱਟ ਰਿਕਾਰਡ ਹੋ ਰਿਹਾ ਹੈ, ਜੋ ਕਿ ਆਮ ਤੋਂ 4-5 ਡਿਗਰੀ ਘੱਟ ਦੱਸਿਆ ਜਾਂਦਾ ਹੈ। ਸ਼ਾਮ ਤੋਂ ਲੈ ਕੇ ਸਵੇਰੇ ਤੜਕਸਾਰ ਤਕ ਦਾ ਘੱਟੋ-ਘੱਟ ਤਾਪਮਾਨ ਠੰਡ ਦਾ ਪੂਰਾ ਅਹਿਸਾਸ ਕਰਵਾ ਰਿਹਾ ਹੈ। ਇਸੇ ਵਿਚਕਾਰ ਪੰਜਾਬ-ਹਰਿਆਣਾ ਦੇ ਵਧੇਰੇ ਇਲਾਕਿਆਂ ਵਿਚ ਅੱਜ ਬੱਦਲ ਛਾਏ ਰਹਿਣ ਨਾਲ ਵੱਧ ਤੋਂ ਵੱਧ ਤਾਪਮਾਨ ਵਿਚ 3 ਡਿਗਰੀ ਤਕ ਦੀ ਗਿਰਾਵਟ ਦਰਜ ਕੀਤੀ ਗਈ। ਅੱਜ ਸੂਰਜ ਦੇ ਖੁੱਲ੍ਹ ਕੇ ਦਰਸ਼ਨ ਨਹੀਂ ਹੋ ਸਕੇ ਅਤੇ ਇਸੇ ਵਿਚਕਾਰ ਦੁਪਹਿਰ ਨੂੰ ਚੱਲ ਰਹੀਆਂ ਠੰਢੀਆਂ ਹਵਾਵਾਂ ਨੇ ਮੌਸਮ ਵਿਚ ਬਦਲਾਅ ਲਿਆਉਣ ਦਾ ਕੰਮ ਕੀਤਾ।
ਦੇਸ਼ ਦੇ ਵੱਖ-ਵੱਖ ਸੂਬਿਆਂ ਸਮੇਤ ਪੰਜਾਬ ਤੇ ਹਰਿਆਣਾ ਵਿਚ ਬਦਲੇ ਮੌਸਮ ਮਿਜ਼ਾਜ ਕਾਰਨ ਬਾਰਿਸ਼ ਦੀ ਸੰਭਾਵਨਾ ਬਣ ਰਹੀ ਹੈ। ਮੌਸਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ਵਿਚ ਬਾਰਿਸ਼ ਪੈਣ ਨਾਲ ਸਰਦੀ ਦਾ ਰੰਗ ਇਕ ਵਾਰ ਫਿਰ ਤੋਂ ਦੇਖਣ ਨੂੰ ਮਿਲੇਗਾ। ਅਗਲੇ 2 ਦਿਨਾਂ ਵਿਚ ਬੱਦਲ ਛਾਏ ਰਹਿਣਗੇ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ ਗਿਰਾਵਟ ਦਰਜ ਹੋਵੇਗੀ। ਦੂਜੇ ਪਾਸੇ ਦਿੱਲੀ ਵਿਚ ਘੱਟ ਤੋਂ ਘੱਟ ਤਾਪਮਾਨ 7.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਔਸਤ ਤਾਪਮਾਨ ਤੋਂ 3 ਡਿਗਰੀ ਘੱਟ ਹੈ। ਮੌਸਮ ਵਿਭਾਗ ਦੇ ਮੁਤਾਬਕ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਤਕ ਜਾ ਸਕਦਾ ਹੈ। ਰਾਜਧਾਨੀ ਵਿਚ ਵੱਖ-ਵੱਖ ਥਾਵਾਂ ’ਤੇ ਬੱਦਲ ਛਾਉਣ ਦੀ ਸੰਭਾਵਨਾ ਹੈ।
ਕਸ਼ਮੀਰ ਘਾਟੀ ਦੀ ਗੱਲ ਕੀਤੀ ਜਾਵੇ ਤਾਂ ਅੱਜਕਲ ਨਿਕਲ ਰਹੀ ਧੁੱਪ ਕਾਰਨ ਮੌਸਮ ਵਿਚ ਗਰਮਾਹਟ ਬਣੀ ਹੋਈ ਹੈ, ਜਦੋਂ ਕਿ ਸਵੇਰੇ-ਸ਼ਾਮ ਠੰਢ ਦਾ ਕਹਿਰ ਜਾਰੀ ਹੈ। ਸ਼੍ਰੀਨਗਰ ਵਿਚ ਰਾਤ ਨੂੰ -4.7, ਕਾਜ਼ੀਗੁੰਡ ’ਚ -4.4, ਦੱਖਣੀ ਕਸ਼ਮੀਰ ਦੇ ਪਿਕਨਿਕ ਸਥਾਨ ਕੋਕੇਰਨਾਗ ’ਚ -2.5 ਡਿਗਰੀ ਤਾਪਮਾਨ ਰਿਕਾਰਡ ਹੋਇਆ ਹੈ। -7 ਡਿਗਰੀ ਨਾਲ ਪਹਿਲਗਾਮ ਸਭ ਤੋਂ ਠੰਢਾ ਰਿਹਾ, ਜਦੋਂ ਕਿ ਗੁਲਮਰਗ ਵਿਚ ਤਾਪਮਾਨ -4.5 ਡਿਗਰੀ ਸੈਲਸੀਅਸ ਦਰਜ ਹੋਇਆ। ਆਉਣ ਵਾਲੇ ਦਿਨਾਂ ਵਿਚ ਕਸ਼ਮੀਰ ਵਿਚ ਬਾਰਿਸ਼ ਜਾਂ ਬਰਫਬਾਰੀ ਹੋਣ ਦੇ ਆਸਾਰ ਹਨ।
ਅੰਮ੍ਰਿਤਸਰ ਰਿਹਾ ਸਭ ਤੋਂ ਠੰਢਾ, ਪਟਿਆਲਾ ਸਭ ਤੋਂ ਗਰਮ
ਮੌਸਮ ਦੇ ਬਦਲ ਰਹੇ ਮਿਜ਼ਾਜ ਦੇ ਵਿਚਕਾਰ ਪੰਜਾਬ ਵਿਚ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ ਸਭ ਤੋਂ ਘੱਟ ਰਹਿਣ ਕਾਰਨ ਇਹ ਜ਼ਿਲ੍ਹਾ ਸਭ ਤੋਂ ਠੰਢਾ ਰਿਹਾ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ ਸਭ ਤੋਂ ਵੱਧ ਹੋਣ ਕਾਰਨ ਪਟਿਆਲਾ ਸਭ ਤੋਂ ਗਰਮ ਰਿਹਾ। ਅੰਮ੍ਰਿਤਸਰ ਵਿਚ 3.6 ਡਿਗਰੀ ਘੱਟੋ-ਘੱਟ ਤਾਪਮਾਨ ਰਿਕਾਰਡ ਕੀਤਾ ਗਿਆ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 21.7 ਡਿਗਰੀ ਰਿਹਾ। ਜਲੰਧਰ ਵਿਚ ਘੱਟੋ-ਘੱਟ ਤਾਪਮਾਨ 4.7, ਜਦੋਂ ਕਿ ਵੱਧ ਤੋਂ ਵੱਧ 20.5 ਰਿਹਾ। ਇਸੇ ਤਰ੍ਹਾਂ ਲੁਧਿਆਣਾ ਵਿਚ 8.4 ਤੇ ਵੱਧ ਤੋਂ ਵੱਧ 22 ਡਿਗਰੀ, ਪਠਾਨਕੋਟ ਵਿਚ 6.7 ਅਤੇ ਵੱਧ ਤੋਂ ਵੱਧ 22.9, ਜਦੋਂ ਕਿ ਪਟਿਆਲਾ ਵਿਚ ਘੱਟੋ-ਘੱਟ ਤਾਪਮਾਨ 7 ਡਿਗਰੀ ਦੇ ਮੁਕਾਬਲੇ ਵੱਧ ਤੋਂ ਵੱਧ ਤਾਪਮਾਨ 24.2 ਡਿਗਰੀ ਰਿਕਾਰਡ ਕੀਤਾ ਗਿਆ।
READ ALSO:ਜਲੰਧਰ ਦੇ ਮੰਦਿਰ ‘ਚ ਚੋਰੀ ਦੀ ਕੋਸ਼ਿਸ਼: ਛੱਤ ਰਾਹੀਂ ਚੋਰ ਦਾਖਲ; ਕੁਝ ਨਾ ਮਿਲਿਆ ਤਾਂ ਕੀਤੀ ਭੰਨਤੋੜ
ਦੂਜੇ ਪਾਸੇ ਹਰਿਆਣਾ ਵਿਚ ਕਰਨਾਲ ਸਭ ਤੋਂ ਠੰਢਾ, ਜਦੋਂ ਕਿ ਅੰਬਾਲਾ ਸਭ ਤੋਂ ਗਰਮ ਰਿਹਾ। ਘੱਟੋ-ਘੱਟ ਤਾਪਮਾਨ 5.1 ਡਿਗਰੀ ਨਾਲ ਕਰਨਾਲ ’ਚ ਸਭ ਤੋਂ ਵੱਧ ਠੰਢ ਮਹਿਸੂਸ ਹੋਈ, ਜਦੋਂ ਕਿ ਅੰਬਾਲਾ ਵਿਚ ਦੁਪਹਿਰ ਦੇ ਸਮੇਂ ਵੱਧ ਤੋੋਂ ਵੱਧ ਤਾਪਮਾਨ 22.9 ਡਿਗਰੀ ਰਿਕਾਰਡ ਕੀਤਾ ਗਿਆ, ਜੋ ਕਿ ਹਰਿਆਣਾ ਵਿਚ ਸਭ ਤੋਂ ਗਰਮ ਸਥਾਨ ਰਿਹਾ।
Weather update