ਦੁਕਾਨਦਾਰ ਤੋਂ 5000 ਰੁਪਏ ਰਿਸ਼ਵਤ ਲੈਂਦਾ ਵੈੱਬ ਪੱਤਰਕਾਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਚੰਡੀਗੜ੍ਹ, 27 ਸਤੰਬਰ: ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਦੇ ਸੋਸ਼ਲ ਮੀਡੀਆ ਵੈੱਬ ਚੈਨਲ ਸਿਟੀ ਕੇਸਰੀ ਦੇ ਮੁੱਖ ਸੰਪਾਦਕ ਅਤੇ ਕਰਤਾਰ ਨਗਰ, ਜਲੰਧਰ ਦੇ ਰਹਿਣ ਵਾਲੇ ਪਵਨ ਵਰਮਾ ਨੂੰ 5000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅਦਾਲਤ ਵੱਲੋਂ ਉਸ ਨੂੰ ਹੋਰ ਪੁੱਛਗਿੱਛ ਲਈ ਇੱਕ ਦਿਨ ਦੇ ਪੁਲਿਸ […]
ਚੰਡੀਗੜ੍ਹ, 27 ਸਤੰਬਰ:
ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਦੇ ਸੋਸ਼ਲ ਮੀਡੀਆ ਵੈੱਬ ਚੈਨਲ ਸਿਟੀ ਕੇਸਰੀ ਦੇ ਮੁੱਖ ਸੰਪਾਦਕ ਅਤੇ ਕਰਤਾਰ ਨਗਰ, ਜਲੰਧਰ ਦੇ ਰਹਿਣ ਵਾਲੇ ਪਵਨ ਵਰਮਾ ਨੂੰ 5000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅਦਾਲਤ ਵੱਲੋਂ ਉਸ ਨੂੰ ਹੋਰ ਪੁੱਛਗਿੱਛ ਲਈ ਇੱਕ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਉਸ ਦਾ ਸਾਥੀ ਵੈੱਬ ਪੱਤਰਕਾਰ ਮੁਨੀਸ਼ ਤੋਖੀ ਜੋ ਜਲੰਧਰ ਦੀ ਇੱਕ ਸੋਸ਼ਲ ਮੀਡੀਆ ਵੈੱਬਸਾਈਟ ਪੰਜਾਬ ਦੈਨਿਕ ਨਿਊਜ਼ ਦਾ ਸੰਪਾਦਕ ਹੈ, ਫਰਾਰ ਹੋ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਪਿਆਰੇ ਲਾਲ ਵਾਸੀ ਸੂਰਜ ਗੰਜ ਪੱਛਮੀ, ਜਲੰਧਰ ਸ਼ਹਿਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਹੈ ਕਿ ਉਹ ਪਿੰਡ ਕਿੰਗਰਾ, ਸੁਦਾਮਾ ਵਿਹਾਰ, ਜਲੰਧਰ ਵਿਖੇ ਆਪਣੇ ਪਲਾਟ ‘ਤੇ ਵਪਾਰਕ ਦੁਕਾਨ ਬਣਾ ਰਿਹਾ ਹੈ ਪਰ ਇਸ ਦੁਕਾਨ ਦਾ ਨਕਸ਼ਾ ਨਗਰ ਨਿਗਮ, ਜਲੰਧਰ (ਐਮ.ਸੀ.ਜੇ.) ਕੋਲੋਂ ਪਾਸ ਨਹੀਂ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਮਿਤੀ 24.09.2024 ਨੂੰ ਸਿਟੀ ਕੇਸਰੀ ਮੀਡੀਆ ਦੇ ਪਵਨ ਵਰਮਾ ਅਤੇ ਪੰਜਾਬ ਦੈਨਿਕ ਨਿਊਜ਼ ਦੇ ਸੰਪਾਦਕ ਮੁਨੀਸ਼ ਤੋਖੀ ਨਾਮਕ ਦੋ ਵਿਅਕਤੀ ਉਸਦੀ ਦੁਕਾਨ ‘ਤੇ ਆਏ ਅਤੇ ਉਨ੍ਹਾਂ ਨੇ ਮੋਬਾਈਲ ਫੋਨ ‘ਚ ਉਸਦੀ ਉਸਾਰੀ ਅਧੀਨ ਦੁਕਾਨ ਦੀਆਂ ਫੋਟੋਆਂ ਖਿੱਚ ਲਈਆਂ ਅਤੇ ਸ਼ਿਕਾਇਤਕਰਤਾ ਨੂੰ ਆਪਣੀ ਦੁਕਾਨ ‘ਤੇ ਉਸਾਰੀ ਦਾ ਕੰਮ ਬੰਦ ਕਰ ਦੀ ਧਮਕੀ ਦਿੱਤੀ ਕਿਉਂਕਿ ਦੁਕਾਨ ਦਾ ਨਕਸ਼ਾ ਐਮ.ਸੀ.ਜੇ. ਵੱਲੋਂ ਪਾਸ ਨਹੀਂ ਕੀਤਾ ਗਿਆ ਸੀ।
ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਪਵਨ ਵਰਮਾ ਨੇ ਸ਼ਿਕਾਇਤਕਰਤਾ ਨੂੰ ਯਕੀਨ ਦਿਵਾਇਆ ਕਿ ਜੇਕਰ ਉਹ 10,000 ਰੁਪਏ ਰਿਸ਼ਵਤ ਦੇ ਦਿੰਦਾ ਹੈ ਤਾਂ ਉਸਦੀ ਦੁਕਾਨ ਨੂੰ ਢਾਹਿਆ ਨਹੀਂ ਜਾਵੇਗਾ ਕਿਉਂਕਿ ਐਮ.ਸੀ.ਜੇ. ਅਧਿਕਾਰੀਆਂ ਨਾਲ ਉਨ੍ਹਾਂ ਦੇ ਚੰਗੇ ਸਬੰਧ ਹਨ।
ਮੁਲਜ਼ਮ ਪਵਨ ਵਰਮਾ ਨੇ ਸ਼ਿਕਾਇਤਕਰਤਾ ਨੂੰ 4000 ਰੁਪਏ ਆਨਲਾਈਨ ਟਰਾਂਸਫਰ ਕਰਨ ਅਤੇ ਬਾਕੀ 5000 ਰੁਪਏ ਬਾਅਦ ਵਿੱਚ ਅਦਾ ਕਰਨ ਲਈ ਕਿਹਾ।
ਇਸ ਉਪਰੰਤ ਮੁਲਜ਼ਮ ਪਵਨ ਵਰਮਾ ਨੇ ਸ਼ਿਕਾਇਤਕਰਤਾ ਅਤੇ ਉਸਦੇ ਪਿਤਾ ਨੂੰ ਫੋਨ ਕਰਕੇ 9,000 ਰੁਪਏ ਰਿਸ਼ਵਤ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਸ਼ਿਕਾਇਤਕਰਤਾ ਨੇ ਦਬਾਅ ਹੇਠ ਆ ਕੇ 26.09.24 ਨੂੰ ਮੁਲਜ਼ਮ ਪਵਨ ਵਰਮਾ ਦੇ ਉਕਤ ਮੋਬਾਈਲ ਨੰਬਰ ‘ਤੇ 4000 ਰੁਪਏ ਟਰਾਂਸਫਰ ਕਰ ਦਿੱਤੇ। ਰਿਸ਼ਵਤ ਦੇ ਪੈਸੇ ਮਿਲਣ ‘ਤੇ ਮੁਲਜ਼ਮਾਂ ਨੇ ਸ਼ਿਕਾਇਤਕਰਤਾ ‘ਤੇ ਰਿਸ਼ਵਤ ਦੇ ਬਾਕੀ 5000 ਰੁਪਏ ਦੇਣ ਲਈ ਦਬਾਅ ਪਾਇਆ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਮੁਲਜ਼ਮ ਪਵਨ ਕੁਮਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 5,000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਉਨ੍ਹਾਂ ਅੱਗੇ ਦੱਸਿਆ ਕਿ ਬਿਊਰੋ ਵੱਲੋਂ ਵਿਛਾਏ ਇਸ ਜਾਲ ਦੌਰਾਨ ਮੁਲਜ਼ਮ ਪਵਨ ਕੁਮਾਰ ਦਾ ਸਾਥੀ ਪੰਜਾਬ ਦੈਨਿਕ ਨਿਊਜ਼ ਦਾ ਸੰਪਾਦਕ ਮੁਨੀਸ਼ ਤੋਖੀ ਮੌਕੇ ਤੋਂ ਫਰਾਰ ਹੋ ਗਿਆ।
ਇਸ ਸਬੰਧੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਪਵਨ ਵਰਮਾ ਨੇ ਖੁਲਾਸਾ ਕੀਤਾ ਕਿ ਉਸ ਨੇ ਨਗਰ ਨਿਗਮ, ਜਲੰਧਰ ਤੋਂ ਮਨਜ਼ੂਰਸ਼ੁਦਾ ਨਕਸ਼ੇ ਨਾ ਮਿਲਣ ਕਾਰਨ ਇਮਾਰਤਾਂ ਨੂੰ ਐਮ.ਸੀ.ਜੇ. ਤੋਂ ਢਾਹੁਣ ਦੀ ਧਮਕੀ ਦੇ ਕੇ ਫਗਵਾੜਾ ਦੇ ਗਿਰੀਸ਼ ਕੁਮਾਰ ਤੋਂ ਯੂ.ਪੀ.ਆਈ. ਰਾਹੀਂ 2500 ਰੁਪਏ ਅਤੇ ਸ੍ਰੀ ਚੋਪੜਾ ਵਾਸੀ ਸੋਡਲ ਰੋਡ, ਨੇੜੇ ਕਾਲੀ ਮਾਤਾ ਮੰਦਿਰ, ਜਲੰਧਰ ਤੋਂ ਨਕਦ 5000 ਰੁਪਏ ਰਿਸ਼ਵਤ ਲਈ ਸੀ।
ਵਿਜੀਲੈਂਸ ਬਿਊਰੋ ਵੱਲੋਂ ਇਨ੍ਹਾਂ ਤੱਥਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਕਿ ਕੀ ਉਕਤ ਦੋਵੇਂ ਮੁਲਜ਼ਮਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਂ ਦੀ ਦੁਰਵਰਤੋਂ ਕਰਕੇ ਹੋਰ ਵਿਅਕਤੀਆਂ ਤੋਂ ਪੈਸੇ ਲਏ ਹਨ।