ਜਿੱਥੇ ਹਰਿਆਲੀ ਤੇ ਖੁਸ਼ਹਾਲੀ ਹੈ ਉਥੇ ਹੀ ਪ੍ਰਮਾਤਮਾ ਦਾ ਵਾਸਾ ਹੁੰਦਾ ਹੈ : ਕੁਲਤਾਰ ਸਿੰਘ ਸੰਧਵਾਂ

ਹਰਰਾਏਪੁਰ, (ਬਠਿੰਡਾ) 12 ਅਗਸਤ : ਅਕਾਲ ਪੁਰਖ ਕੁਦਰਤ ਦੀ ਗੋਦ ’ਚ ਵਸਿਆ ਹੋਇਆ ਹੈ। ਜਿੱਥੇ ਹਰਿਆਲੀ ਹੈ ਉਥੇ ਹੀ ਖੁਸ਼ਹਾਲੀ ਹੁੰਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਸਪੀਕਰ ਪੰਜਾਬ ਵਿਧਾਨ ਸਭਾ ਸ ਕੁਲਤਾਰ ਸਿੰਘ ਸੰਧਵਾਂ ਨੇ ਇੱਥੇ ਪਛਾੜੀ ਸਾਹਿਬ ਗੁਰੂ ਕੇ ਬਾਗ ਦੀ ਆਰੰਭਤਾ ਦੇ ਸ਼ੁਭ ਮੌਕੇ ਗੁਰੂਦੁਆਰਾ ਜੰਡ ਸਾਹਿਬ ਪਾਤਸ਼ਾਹਿ 7ਵੀਂ ਵਿਖੇ ਨਤਮਸਤਕ ਹੋਣ ਉਪਰੰਤ ਸਿੱਖ ਸੰਗਤਾਂ ਨਾਲ ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ, ਖਾਲਸਾ ਏਡ ਵਲੋਂ ਭਾਈ ਗੁਰਪ੍ਰੀਤ ਸਿੰਘ, ਚੇਅਰਮੈਨ ਸ਼ੂਗਰਫੈਡ ਪੰਜਾਬ ਸ. ਨਵਦੀਪ ਜੀਦਾ, ਗੁਰੂਦੁਆਰਾ ਜੰਡ ਸਾਹਿਬ ਹਰਰਾਏਪੁਰ ਦੇ ਪ੍ਰਧਾਨ ਸ ਮਨਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

       ਇਸ ਮੌਕੇ ਸਪੀਕਰ ਪੰਜਾਬ ਵਿਧਾਨ ਸਭਾ ਸ ਕੁਲਤਾਰ ਸਿੰਘ ਸੰਧਵਾਂ ਨੇ ਸੰਗਤਾਂ ਦੇ ਰੂ-ਬ-ਰੂ ਹੁੰਦਿਆਂ ਕਿਹਾ ਕਿ ਸਾਨੂੰ ਹਮੇਸ਼ਾ ਗੁਰੂਆਂ ਦੀ ਧਾਰਨਾਵਾਂ ਅਨੁਸਾਰ ਹੀ ਚੱਲਣਾ ਚਾਹੀਦਾ ਹੈ, ਜਿਸ ਨਾਲ ਜਿੰਦਗੀ ਹਮੇਸ਼ਾ ਹੀ ਚੜਦੀਕਲਾ ਵਾਲੀ ਰਹਿੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਹਰਿਆਲੀ ਤੇ ਖੁਸ਼ਹਾਲੀ ਹੈ ਉਥੇ ਹੀ ਪ੍ਰਮਾਤਮਾ ਦਾ ਵਾਸਾ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਰਿਵਾਇਤੀ ਦਰਖਤ ਲਗਾਉਣ ਦੇ ਨਾਲ-ਨਾਲ ਆਯੁਰਵੈਦਿਕ ਮੈਡੀਸਨ ਪਲਾਂਟ ਲਗਾਉਣ ਦੀ ਵੀ ਅਪੀਲ ਕੀਤੀ।

ਇਸ ਦੌਰਾਨ ਸ ਕੁਲਤਾਰ ਸਿੰਘ ਸੰਧਵਾਂ ਨੇ ਸ਼੍ਰੀ ਗੁਰੂ ਹਰਰਾਏ ਜੀ ਦੇ ਜੀਵਨ ਬਾਰੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਦਿਆਂ ਸਿੱਖ ਇਤਿਹਾਸ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਜਿਥੇ ਸਕੂਲੀ ਬੱਚਿਆਂ ਨੂੰ 1-1 ਬੂਟਾ ਲਗਾਉਣ ਤੇ ਉਸ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਉਥੇ ਹੀ ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਉਹ ਆਪਣੇ ਮਾਪਿਆਂ ਨੂੰ ਰੁੱਖ ਨਾ ਕੱਟਣ ਲਈ ਜਾਗਰੂਕ ਵੀ ਕਰਨ। ਇਸ ਮੌਕੇ ਉਨ੍ਹਾਂ ਸਕੂਲੀ ਬੱਚਿਆਂ ਕੋਲੋਂ ਗੁਰੂਆਂ ਤੇ ਵਾਤਾਵਰਣ ਸਬੰਧੀ ਸਵਾਲ ਵੀ ਪੁੱਛੇ ਤੇ ਜਵਾਬ ਦੇਣ ਵਾਲੇ ਬੱਚਿਆਂ ਨੂੰ ਨਕਦ ਇਨਾਮ ਦੇ ਕੇ ਹੌਂਸਲਾ-ਅਫਜਾਈ ਵੀ ਕੀਤੀ।

ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਫਸਲੀ ਵਿਭਿੰਨਤਾ ਦੀ ਖੇਤੀ ਕਰਨੀ ਲਾਜ਼ਮੀ ਬਣਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਦਿਨ ਪ੍ਰਤੀ ਦਿਨ ਪਾਣੀ ਦੇ ਘੱਟ ਰਹੇ ਪੱਧਰ ਨੂੰ ਬਚਾਉਣ ਲਈ ਘੱਟ ਪਾਣੀ ਵਾਲੀਆਂ ਫਸਲਾਂ ਨੂੰ ਬੀਜਣ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸੀਜ਼ਨ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ 15 ਲੱਖ ਬੂਟੇ ਲਗਾਉਣ ਦਾ ਮਿੱਥਿਆ ਟੀਚਾ ਹੈ, ਜਿਸ ਨੂੰ ਜਲਦ ਪੂਰਾ ਕੀਤਾ ਜਾਵੇਗਾ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਾਤਾਵਰਣ ਅਤੇ ਮਨੁੱਖੀ ਸਿਹਤ ਨੂੰ ਬਚਾਉਣ ਲਈ ਹਰੇਕ ਮਨੁੱਖ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਤੇ ਲਗਾਉਣ ਉਪਰੰਤ ਦੇਖਭਾਲ ਕਰਨੀ ਚਾਹੀਦੀ ਹੈ ਤਾਂ ਜੋ ਮਨੁੱਖੀ ਜੀਵਨ ਬਚਾਇਆ ਜਾ ਸਕੇ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਟਿਊਬਵੈਲਾਂ ਅਤੇ ਮੋਟਰਾਂ ਤੇ ਘੱਟੋ-ਘੱਟ 4-5 ਪੌਦੇ ਜ਼ਰੂਰ ਲਗਾਉਣ ਤੇ ਗੁਰੂਆਂ ਦੇ ਉਪਦੇਸ਼ ਤੇ ਚੱਲਣ।

ਇਸ ਮੌਕੇ ਖਾਲਸਾ ਏਡ ਵਲੋਂ ਭਾਈ ਗੁਰਪ੍ਰੀਤ ਸਿੰਘ ਨੇ ਖਾਲਸਾ ਏਡ ਸੰਸਥਾ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਿਛਲੇ 25 ਸਾਲਾਂ ਤੋਂ ਸੰਸਥਾ ਕੁਦਰਤੀ ਆਫਤਾਂ ਤੋਂ ਇਲਾਵਾ ਮਨੁੱਖਤਾ ਦੀ ਭਲਾਈ ਲਈ ਉਪਰਾਲੇ ਕਰ ਰਹੀਂ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ।

ਇਸ ਤੋਂ ਪਹਿਲਾ ਡਾ. ਸੰਜੀਵ ਤਿਵਾੜੀ (ਆਈਏਐਸ) ਨੇ ਵਾਤਾਰਣ, ਧਰਤੀ ਦੀ ਸੰਭਾਲ, ਰੁੱਖਾਂ ਦੀ ਮਹੱਤਤਾ ਅਤੇ ਲਗਾਏ ਜਾਣ ਵਾਲੇ ਬੂਟਿਆਂ ਦੀ ਸਾਂਭ-ਸੰਭਾਲ ਲਈ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਗਿਆਨੀ ਕੇਵਲ ਸਿੰਘ ਅਤੇ ਵਾਤਾਵਰਣ ਪ੍ਰੇਮੀ ਡਾ. ਬਲਵਿੰਦਰ ਸਿੰਘ ਲੱਖੇਵਾਲੀ ਨੇ ਵਾਤਾਰਣ ਦੀ ਸ਼ੁੱਧਤਾ ਨੂੰ ਬਰਕਰਾਰ, ਦਰੱਖਤਾਂ ਦੀ ਮਹੱਤਤਾ ਤੇ ਉਨ੍ਹਾਂ ਦੀ ਸਾਂਭ-ਸੰਭਾਲ ਬਾਰੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ।

ਇਸ ਦੌਰਾਨ ਭਾਈ ਅਮਨਦੀਪ ਸਿੰਘ ਵਲੋਂ ਆਪਣੀ ਕਥਾ ਰਾਹੀਂ ਗੁਰ ਇਤਿਹਾਸ ਦੇ ਨਾਲ-ਨਾਲ ਮਨੁੱਖਤਾ ਦੀ ਭਲਾਈ ਲਈ ਆਪਣੀਆਂ ਆਦਤਾਂ ’ਚ ਸੁਧਾਰ ਕਰਨ ਤੇ ਆਉਣ ਵਾਲੀ ਪੀੜੀ ਦਾ ਭਵਿੱਖ ਸੁਰੱਖਿਅਤ ਰੱਖਣ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ।

ਅਖੀਰ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ ਕੁਲਤਾਰ ਸਿੰਘ ਸੰਧਵਾਂ ਅਤੇ ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਤੇ ਹੋਰ ਮੌਜੂਦ ਸਖਸ਼ੀਅਤਾਂ ਵਲੋਂ ਪਛਾੜੀ ਸਾਹਿਬ ਗੁਰੂ ਕੇ ਬਾਗ ਦੀ ਆਰੰਭਤਾ ਦੇ ਸ਼ੁਭ ਮੌਕੇ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਵੱਖ-ਵੱਖ ਤਰ੍ਹਾਂ ਦੇ ਛਾਂਦਾਰ ਤੇ ਫਲਦਾਰ ਬੂਟੇ ਵੀ ਲਗਾਏ। 

ਇਸ ਮੌਕੇ ਪਹੁੰਚੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਸਪੀਕਰ ਵਿਧਾਨ ਸਭਾ ਦੇ ਓਐਸਡੀ ਮਨਿੰਦਰ ਸਿੰਘ, ਸਪੀਕਰ ਵਿਧਾਨ ਸਭਾ ਦੇ ਪੀਆਰਓ ਮਨਪ੍ਰੀਤ ਸਿੰਘ ਧਾਲੀਵਾਲ, ਐਡਵੋਕੇਟ ਜਸਵਿੰਦਰ ਸਿੰਘ ਅੰਮ੍ਰਿਤਸਰ, ਡਾ. ਅਮਰਬੀਰ ਸਿੰਘ, ਗੁਰਿੰਦਰ ਸਿੰਘ ਮਹਿੰਦੀਰੱਤਾ, ਜ਼ਿਲ੍ਹਾ ਬਾਰ ਐਸੋਸ਼ੀਏਸ਼ਨ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਢਿੱਲੋਂ, ਪਿੰਡ ਦੇ ਸਰਪੰਚ ਜਗਮੀਤ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

[wpadcenter_ad id='4448' align='none']