ਨੌਜਵਾਨ ਜਗਤੇਸ਼ਵਰ ਨੇ ਪੁਲਿਸ ਨਾਲ ਮਿਲ ਕੇ ਨਸ਼ਿਆਂ ਵਿਰੁੱਧ ਚੇਤਨਾ ਰੈਲੀ ਕੱਢੀ

ਅੰਮ੍ਰਿਤਸਰ, 1 ਦਸੰਬਰ

ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਅੰਮ੍ਰਿਤਸਰ ਦੇ ਸਮਾਜ ਸੇਵੀ ਉਦਯੋਗਪਤੀ ਇੰਦਰਪਾਲ ਸਿੰਘ ਦੇ ਹੋਣਹਾਰ ਪੁੱਤਰ ਜਗਤੇਸ਼ਵਰ ਸਿੰਘ ਜੋ ਕਿ ਕੌਮੀ ਪੱਧਰ ਦਾ ਖਿਡਾਰੀ ਹੈ, ਨੇ ਪੁਲਿਸ ਦੀ ਮਦਦ ਨਾਲ ਸੈਂਕੜੇ ਗੱਡੀਆਂ ਦੇ ਕਾਫ਼ਲੇ ਨਾਲ ਭਾਰੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਿਰਕਤ ਕਰਕੇ ਨਸ਼ਿਆਂ ਵਿਰੁੱਧ ਚੇਤਨਾ ਰੈਲੀ ਕੱਢੀ। ਇਹ ਚੇਤਨਾ ਰੈਲੀ ਅਸਲ ਵਿੱਚ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੀ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਹੋਰ ਸਾਰਥਕ ਕਰਨ ਦਾ ਹੀ ਇੱਕ ਇਤਿਹਾਸਕ ਉਪਰਾਲਾ ਸੀ। ਇਸ ਸ਼ਲਾਘਾਯੋਗ ਤੇ ਸਮਾਜ ਸੁਧਾਰਕ ਕਾਰਜ ਕਰਕੇ ਸਥਾਨਕ ਪੁਲਿਸ ਪ੍ਰਸ਼ਾਸਨ ਨੇ ਵੀ ਪੂਰਨ ਸਹਿਯੋਗ ਦਿੱਤਾ ਅਤੇ ਨਸ਼ਿਆਂ ਵਿਰੁੱਧ ਸਾਰਥਕ ਸੁਨੇਹਾ ਦਿੱਤਾ। ਅੰਮ੍ਰਿਤਸਰ ਦੇ ਰਣਜੀਤ ਐਵਨਿਊ ਤੋਂ ਛੇਹਰਟਾ ਤੱਕ ਕੱਢੀ ਗਈ ਇਸ ਸਮਾਜ ਸੁਧਾਰਕ ਤੇ ਨਸ਼ਿਆਂ ਵਿਰੁੱਧ ਚੇਤਨਾ ਰੈਲੀ ਵਿੱਚ ਸੈਂਕੜੇ ਗੱਡੀਆਂ ਦੇ ਕਾਫ਼ਲੇ ਵਿੱਚ ਮੌਜੂਦ ਹੋਏ ਨੌਜਵਾਨਾਂ ਨੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਸੂਬੇ ਨੂੰ ਖ਼ੁਸ਼ਹਾਲ ਕਰਨ ਲਈ ਜਾਗਰੂਕ ਕੀਤਾ। 17 ਸਾਲਾਂ ਸਮਾਜ ਸੁਧਾਰਕ ਨੌਜਵਾਨ ਆਗੂ ਜਗਤੇਸ਼ਵਰ ਸਿੰਘ ਨੇ ਕਿਹਾ ਕਿ ਆਪਣੇ ਮੁਲਕ ਦੀ ਵਿਸ਼ਵ-ਵਿਆਪੀ ਤਰੱਕੀ ਲਈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਨੌਜਵਾਨਾਂ ਨੂੰ ਆਪਣੀ ਊਰਜਾ ਨੂੰ ਖੇਡਾਂ ਤੇ ਹੋਰ ਉਸਾਰੂ ਕਾਰਜਾਂ ਵਿੱਚ ਲਗਾਉਣਾ ਚਾਹੀਦਾ ਹੈ। ਇਹ ਜ਼ਿਕਰਯੋਗ ਹੈ ਕਿ ਜਗਤੇਸ਼ਵਰ ਸਿੰਘ ਵੀ ਇੱਕ ਕੌਮੀ ਪੱਧਰ ਦਾ ਖਿਡਾਰੀ ਹੈ, ਜਿਸ ਨੇ ਰਾਜ ਪੱਧਰ ‘ਤੇ ਖੇਡਾਂ ਦੇ ਖੇਤਰ ਵਿੱਚ ਚੈਂਪੀਅਨਸ਼ਿਪ ਵੀ ਪ੍ਰਾਪਤ ਕੀਤੀ ਹੋਈ ਹੈ। ਇਸ ਚੇਤਨਾ ਰੈਲੀ ਵਿੱਚ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਜੈ ਪ੍ਰਤਾਪ ਸਿੰਘ ਜੈਦੀਪ ਸਿੰਘ ਉਦੇ ਬਾਜਵਾ,  ਤਰਕਸ਼ ਆਦਿ ਸੈਂਕੜੇ ਨੌਜਵਾਨਾਂ ਨੇ ਭਾਗ ਲਿਆ।