ਦੇਵੀਗੜ੍ਹ, 4 ਅਕਤੂਬਰ (ਮਾਲਕ ਸਿੰਘ ਘੁੰਮਣ)-ਪਿੰਡ ਗੁਥਮੜਾ ਨੇੜੇ ਦੇਵੀਗੜ੍ਹ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਤੇ ਪ੍ਰਦਰਸ਼ਨੀ ਲਗਾਈ ਗਈ | ਇਸ ਮੌਕੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੈਂਪ ਵਿਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਕੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ | ਕੈਂਪ ਦੌਰਾਨ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਵਾਤਾਵਰਨ ਬਚਾਉਣ ਲਈ ਹੁਣ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ | ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਧਰਤੀ ਹੇਠਲਾ ਪਾਣੀ ਬਚਾਉਣ ਤੇ ਜ਼ਹਿਰ ਮੁਕਤ ਖੇਤੀ ਕਰਨ ਲਈ ਖੇਤੀ ਮਾਹਰਾਂ ਦੀ ਸਲਾਹ ਨਾਲ ਹੀ ਖੇਤੀ ਕਰਨ ਨੂੰ ਤਰਜੀਹ ਦੇਣ ਤਾਂ ਕਿ ਅਸੀਂ ਆਪਣੀ ਧਰਤੀ, ਪਾਣੀ, ਹਵਾ ਤੇ ਜਵਾਨੀ ਨੂੰ ਬਚਾ ਸਕੀਏ | ਉਨ੍ਹਾਂ ਕਿਹਾ ਕਿ ਅਗਾਂਹਵਧੂ ਕਿਸਾਨਾਂ ਦੇ ਤਜ਼ਰਬਿਆਂ ਤੋਂ ਬਾਕੀ ਕਿਸਾਨ ਵੀ ਸੇਧ ਲੈਣ | ਇਸ ਮੌਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਭਰ ‘ਚੋਂ ਪੁੱਜੇ ਵੱਡੀ ਗਿਣਤੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਰਾਲੀ ਨੂੰ ਖੇਤਾਂ ‘ਚ ਅੱਗ ਲਗਾਉਣ ਨਾਲ ਅਸੀਂ ਆਪਣੇ ਖ਼ਰਚਿਆਂ ਵਿਚ ਵਾਧਾ ਕਰਦੇ ਹਾਂ ਕਿਉਂਕਿ ਕੁੱਝ ਪੈਸੇ ਬਚਾਉਣ ਦੇ ਚੱਕਰ ‘ਚ ਅਸੀਂ ਵਾਤਾਵਰਨ ਗੰਧਲਾ ਕਰ ਕੇ ਬਿਮਾਰੀ ਨੂੰ ਸੱਦਾ ਦਿੰਦੇ ਹਾਂ ਤੇ ਫੇਰ ਪੈਸਾ ਦਵਾਈ ‘ਤੇ ਜ਼ਿਆਦਾ ਖ਼ਰਚ ਕਰ ਦਿੰਦੇ ਹਾਂ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਸ ਪਰਾਲੀ ਦਾ ਸਹੀ ਤਰ੍ਹਾਂ ਪ੍ਰਬੰਧਨ ਕਰੀਏ ਤਾਂ ਇਹ ਖੇਤਾਂ ਨੂੰ ਨੁਕਸਾਨ ਕਰਨ ਦੀ ਥਾਂ ਖਾਦ ਦੇ ਰੂਪ ‘ਚ ਖੇਤਾਂ ਨੂੰ ਉਪਜਾਊ ਬਣਾ ਸਕਦੀ ਹੈ | ਕੈਂਪ ਦੀ ਪ੍ਰਧਾਨਗੀ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਨੇ ਖੇਤੀਬਾੜੀ ਗਤੀਵਿਧੀਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵਲੋਂ ਪਿੰਡਾਂ ‘ਚ ਕੈਂਪ ਲਗਾ ਕੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਅਤੇ ਨਵੀਆਂ ਤਕਨੀਕਾਂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਮੌਕੇ ਪਰਾਲੀ ਨੂੰ ਅੱਗ ਨਾ ਲਗਾ ਕੇ ਕਣਕ ਦੀ ਬਿਜਾਈ ਕਰਨ ਵਾਲੇ ਤੇ ਖੇਤੀ ਵਿਚ ਨਵੇਂ ਉਪਰਾਲੇ ਕਰਨ ਵਾਲੇ 15 ਕਿਸਾਨਾਂ ਨੂੰ ਸਨਮਾਨਿਤ ਕੀਤਾ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਦੋ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਤੇ ਡਿਪਟੀ ਕਮਿਸ਼ਨਰ ਨੇ ਕਿਸਾਨ ਮੇਲੇ ‘ਚ ਪਸ਼ੂ ਪਾਲਣ, ਮੱਛੀ ਪਾਲਣ, ਭੂਮੀ ਰੱਖਿਆ ਆਦਿ ਵਿਭਾਗਾਂ ਤੇ ਮਾਰਕਫੈੱਡ, ਖੇਤੀਬਾੜੀ ਮਸ਼ੀਨਰੀ ਤੇ ਸਵੈ-ਸਹਾਇਤਾ ਗਰੁੱਪਾਂ ਵਲੋਂ ਲਗਾਈਆਂ ਪ੍ਰਦਰਸ਼ਨੀਆਂ ਦਾ ਜਾਇਜ਼ਾ ਵੀ ਲਿਆ | ਕੈਂਪ ‘ਚ ਵਿਸ਼ੇਸ਼ ਮਹਿਮਾਨ ਵਜੋਂ ਐੱਸ. ਡੀ. ਐਮ. ਦੁਧਨਸਾਧਾਂ ਕਿਰਪਾਲਵੀਰ ਸਿੰਘ, ਤਹਿਸੀਲਦਾਰ ਵੀਨਾ ਰਾਣੀ, ਨਾਇਬ ਤਹਿਸੀਲਦਾਰ ਮਲਕੀਤ ਸਿੰਘ, ਪ੍ਰਧਾਨ ਸਿਮਰਜੀਤ ਸਿੰਘ ਸੋਹਲ, ਬਲਾਕ ਸੰਮਤੀ ਵਾਈਸ ਚੇਅਰਮੈਨ ਗੁਰਮੀਤ ਸਿੰਘ ਬਿੱਟੂ, ਮਨਿੰਦਰ ਸਿੰਘ ਫਰਾਂਸਵਾਲਾ, ਗੁਰਬਚਨ ਸਿੰਘ ਵਿਰਕ, ਸਿਮਰਦੀਪ ਸਿੰਘ ਬਰਕਤਪੁਰ, ਬਲਜਿੰਦਰ ਸਿੰਘ ਨੰਦਗੜ੍ਹ, ਪਰਗਟ ਸਿੰਘ ਰਤਾਖੇੜਾ, ਬਲਕਾਰ ਸਿੰਘ ਆਲੀਵਾਲ, ਨਰਿੰਦਰ ਸਿੰਘ ਲੇਹਲਾਂ, ਜਗਤਾਰ ਸਿੰਘ ਜੱਗਾ, ਸੁਖਵਿੰਦਰ ਸਿੰਘ ਸੋਹਲ ਸਮੇਤ ਵੱਡੀ ਗਿਣਤੀ ‘ਚ ਕਿਸਾਨ ਮੌਜੂਦ ਸਨ |
ਵਾਤਾਵਰਨ ਬਚਾਉਣ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ-ਵਿਧਾਇਕ ਪਠਾਣਮਾਜਰਾ
[wpadcenter_ad id='4448' align='none']