ਪੰਜਾਬ ਨੇ ਸੰਸਾਰ ਵਿਚ ਹਰੇ ਇਨਕਲਾਬ ਦੀ ਸਿਰਜਣਾ ਕੀਤੀ। ਇਸ ਵਿਚ ਕਿਸਾਨਾਂ, ਵਿਗਿਆਨੀਆਂ ਅਤੇ ਸਰਕਾਰ ਦੀ ਮੁੱਖ ਭੂਮਿਕਾ ਰਹੀ। ਦੇਸ਼ ਨੂੰ ਕੇਵਲ ਭੋਜਨ ਵਿਚ ਆਤਮ-ਨਿਰਭਰ ਹੀ ਨਹੀਂ ਬਣਾਇਆ ਸਗੋਂ ਦੂਜੇ ਲੋੜਵੰਦ ਦੇਸ਼ਾਂ ਦੀ ਵੀ ਸਹ
12 Punjabis awarded Padma Samman ਪੰਜਾਬ ਨੇ ਸੰਸਾਰ ਵਿਚ ਹਰੇ ਇਨਕਲਾਬ ਦੀ ਸਿਰਜਣਾ ਕੀਤੀ। ਇਸ ਵਿਚ ਕਿਸਾਨਾਂ, ਵਿਗਿਆਨੀਆਂ ਅਤੇ ਸਰਕਾਰ ਦੀ ਮੁੱਖ ਭੂਮਿਕਾ ਰਹੀ। ਦੇਸ਼ ਨੂੰ ਕੇਵਲ ਭੋਜਨ ਵਿਚ ਆਤਮ-ਨਿਰਭਰ ਹੀ ਨਹੀਂ ਬਣਾਇਆ ਸਗੋਂ ਦੂਜੇ ਲੋੜਵੰਦ ਦੇਸ਼ਾਂ ਦੀ ਵੀ ਸਹਾਇਤਾ ਕੀਤੀ। ਖੇਤੀ ਵਿਗਿਆਨ ਦੀ ਸਿਰਜਣਾ ਵਿਚ ਪੰਜਾਬੀ ਖੇਤੀ ਵਿਗਿਆਨੀਆਂ ਦੀ ਅਹਿਮ ਭੂਮਿਕਾ ਰਹੀ ਹੈ। ਭਾਰਤ ਸਰਕਾਰ ਵਲੋਂ ਬਹੁਤ ਸਾਰੇ ਵਿਗਿਆਨੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।
ਖੇਤੀ ਵਿਕਾਸ ਨੂੰ ਸਮਰਪਿਤ ਡਾ. ਗੁਰਚਰਨ ਸਿੰਘ ਕਾਲਕਟ
ਡਾ. ਗੁਰਚਰਨ ਸਿੰਘ ਕਾਲਕਟ ਦੀ ਪੰਜਾਬ ਦੇ ਖੇਤੀ ਵਿਕਾਸ ਵਿਚ ਅਹਿਮ ਭੂਮਿਕਾ ਹੈ। ਉਨ੍ਹਾਂ ਨੇ 1947 ਵਿਚ ਲਾਇਲਪੁਰ ਦੇ ਖੇਤੀ ਕਾਲਜ ਤੋਂ ਡਿਗਰੀ ਪ੍ਰਾਪਤ ਕੀਤੀ। ਉਹ ਪੰਜਾਬ ਕਿਸਾਨ ਕਮਿਸ਼ਨ ਦੇ ਮੋਢੀ ਚੇਅਰਮੈਨ ਵੀ ਰਹੇ। ਡਾ. ਕਾਲਕਟ ਦਾ ਜਨਮ 17 ਜੂਨ 1926 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸਹੋਰਾ ਵਿਖੇ ਹੋਇਆ। 1957 ਵਿਚ ਉਨ੍ਹਾਂ ਨੂੰ ਅਮਰੀਕਾ ਵਿਖੇ ਪੜ੍ਹਾਈ ਲਈ ਰੌਕੀਫੈਲਰ ਫਾਉਡੇਸ਼ਨ ਦੀ ਫੈਲੋਸ਼ਿਪ ਮਿਲ ਗਈ। ਉਨ੍ਹਾਂ ਨੇ ਦੋ ਸਾਲਾਂ ’ਚ ਓਹਾਈੳ ਸਟੇਟ ਯੂਨੀਵਰਸਿਟੀ ਕੋਲੰਬਸ ਤੋਂ ਪੌਦ ਸੁਰੱਖਿਆ ’ਚ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ। ਅਮਰੀਕਾ ਤੋਂ ਵਾਪਸੀ ’ਤੇ ਉਹ ਖੇਤੀ ਵਿਭਾਗ ’ਚ ਪਦਉਨੱਤ ਹੋ ਕੇ ਡਿਪਟੀ ਡਾਇਰੈਕਟਰ ਬਣੇ। 1971 ’ਚ ਉਨ੍ਹਾਂ ਨੂੰ ਵਿਭਾਗ ਦਾ ਮੁਖੀ ਬਣਾਇਆ ਗਿਆ। ਭਾਰਤ ਸਰਕਾਰ ਨੇ 1973 ਵਿਚ ਉਨ੍ਹਾਂ ਨੂੰ ਖੇਤੀਬਾੜੀ ਕਮਿਸ਼ਨਰ ਨਿਯੁਕਤ ਕੀਤਾ। ਡਾ. ਕਾਲਕਟ ਦੇ ਖੇਤੀ ਵਿਕਾਸ ਲਈ ਕੀਤੇ ਯਤਨਾਂ ਕਾਰਨ ਵਿਸ਼ਵ ਬੈਂਕ ਨੇ ਉਨ੍ਹਾਂ ਨੂੰ ਆਪਣਾ ਸੀਨੀਅਰ ਖੇਤੀ ਮਾਹਿਰ ਬਣਾਇਆ। ਪੰਜਾਬ ਵਿਚ ਆਈ ਖੇਤੀ ਖੜੋਤ ਨੂੰ ਵੇਖਦਿਆਂ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵਾਗਡੋਰ ਸੋਂਪੀ। ਉਹ ਅਪ੍ਰੈਲ 1998 ਤੋਂ ਮਾਰਚ 2001 ਤਕ ਯੂਨੀਵਰਸਿਟੀ ਦੇ ਉਪ-ਕੁਲਪਤੀ ਰਹੇ। ਕਿਸਾਨ ਕਮਿਸ਼ਨ ਨੇ ਪੰਜਾਬ ਦੀਆਂ ਖੇਤੀ ਔਕੜਾਂ ਤੇ ਚੁਣੌਤੀਆਂ, ਕਿਸਾਨ ਖੁਦਕੁਸ਼ੀਆਂ, ਕਿਸਾਨੀ ਕਰਜ਼ਾ, ਜ਼ਮੀਨਦੋਸ਼ ਪਾਣੀ ਦੀ ਸਮੱਸਿਆ, ਕਿਸਾਨਾਂ ਦੀ ਆਮਦਨ ’ਚ ਵਾਧੇ ਆਦਿ ਬਾਰੇ ਕਈ ਸਰਵੇਖਣ ਕਰਵਾਏ। ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਪੰਜਾਬ ਵਲੋਂ ਲਾਗੂ ਕਰਨ ਦੇ ਯਤਨ ਕੀਤੇ ਗਏ। ਪੰਜਾਬ ਸਰਕਾਰ ਦੇ ਉਹ ਖੇਤੀ ਸਬੰਧੀ ਮੁੱਖ ਸਲਾਹਕਾਰ ਵੀ ਰਹੇ। ਭਾਰਤ ਸਰਕਾਰ ਨੇ 1981 ’ਚ ਉਨ੍ਹਾਂ ਨੂੰ ‘ਪਦਮਸ੍ਰੀ’ ਤੇ 2007 ਵਿਚ ‘ਪਦਮ ਭੂਸ਼ਣ’ ਨਾਲ ਸਨਮਾਨਿਤ ਕੀਤਾ। ਪੀ ਏ ਯੂ ਨੇ ਆਪਣੀ ਆਧੁਨਿਕ ਜੈਵਿਕ ਕੀਟ ਪ੍ਰਬੰਧ ਪ੍ਰਯੋਗਸ਼ਾਲਾ ਦਾ ਨਾਂ ਡਾ. ਗੁਰਚਰਨ ਸਿੰਘ ਕਾਲਕਟ ਪ੍ਰਯੋਗਸ਼ਾਲਾ ਰੱਖਿਆ ਹੈ ਅਤੇ ਪੀਐਡੀ ਦੀ ਡਿਗਰੀ ਪ੍ਰਦਾਨ ਕੀਤੀ।
ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਵਾਲਾ ਡਾ. ਦਿਲਬਾਗ ਸਿੰਘ ਅਠਵਾਲ
ਹਰੇ ਇਨਕਲਾਬ ਦੀ ਸਿਰਜਣਾ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਗਿਆਨੀਆਂ ’ਚ ਡਾ. ਦਿਲਬਾਗ ਸਿੰਘ ਅਠਵਾਲ ਦਾ ਨਾਂ ਸਭ ਤੋਂ ਉੱਤੇ ਆਉਦਾ ਹੈ। ਉਨ੍ਹਾਂ ਨੇ ਦੇਸ਼ ਦੀ ਵੰਡ ਤੋਂ ਬਾਅਦ ਭਾਰਤ ਆ ਕੇ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਤੇ 1954 ਵਿਚ ਅਸਟ੍ਰੇਲੀਆ ਤੋਂ ਪੀਅੱੈਚਡੀ ਦੀ ਡਿਗਰੀ ਪ੍ਰਾਪਤ ਕੀਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਣੀ ਤਾਂ ਉਨ੍ਹਾਂ ਨੂੰ ਪੌਦ ਨਸਲਕਸ਼ੀ ਵਿਭਾਗ ਦਾ ਪਹਿਲਾ ਮੁਖੀ ਬਣਾਇਆ ਗਿਆ। ਡਾ. ਅਠਵਾਲ ਨੇ ਇਸ ਨੂੰ ਯੂਨੀਵਰਸਿਟੀ ਦਾ ਸਭ ਤੋਂ ਅਹਿਮ ਵਿਭਾਗ ਬਣਾਇਆ। ਉਨ੍ਹਾਂ ਦੀ ਦੁਨੀਆ ਵਿਚ ਪਹਿਲੀ ਵੱਡੀ ਪ੍ਰਾਪਤੀ ਬਾਜਰੇ ਦੀ ਵੱਧ ਝਾੜ ਦੇਣ ਵਾਲੀ ਦੋਗਲੀ ਕਿਸਮ ਪੀ ਐੱਚ 1 ਤਿਆਰ ਕਰਨਾ ਸੀ। ਨੋਬਲ ਇਨਾਮ ਜੇਤੂ ਡਾ. ਨਾਰਮਨ ਈਬੋਰਲੋਗ ਨੇ ਵੱਧ ਝਾੜ ਦੇਣ ਵਾਲੀਆਂ ਕਣਕ ਦੀਆਂ ਮੈਕਸੀਕੋ ਵਿਚ ਕਿਸਮਾਂ ਵਿਕਸਤ ਕੀਤੀਆਂ ਤਾਂ ਭਾਰਤ ਸਰਕਾਰ ਨੇ ਉਨ੍ਹਾਂ ਦੇ ਬੀਜ ਮੰਗਵਾ ਕੇ ਦੇਸ਼ ਦੇ ਮੁੱਖ ਖੇਤੀ ਖੋਜ ਕੇਂਦਰਾਂ ਨੂੰ ਭੇਜੇ। ਡਾ. ਅਠਵਾਲ ਨੇ ਇਨ੍ਹਾਂ ਦੀ ਪਰਖ ਕਰਕੇ ਪੀ ਬੀ 18 ਨਾਂ ਦੀ ਕਿਸਮ ਤਿਆਰ ਕੀਤੀ। ਪੰਜਾਬ ਦੇ ਕਿਸਾਨਾਂ ਨੇ ਇਸ ਦੀ ਕਾਸ਼ਤ ਕਰ ਕੇ ਮੰਡੀਆਂ ਵਿਚ ਕਣਕ ਦੇ ਅੰਬਾਰ ਲਗਾ ਦਿੱਤੇ। ਡਾ. ਅਠਵਾਲ ਨੇ ਇਸ ਵਿਚ ਹੋਰ ਸੁਧਾਰ ਕੀਤੇ ਤੇ ਇਸ ਕਿਸਮ ਦਾ ਨਾਂ ਆਪਣੇ ਪਿੰਡ ਦੇ ਨਾਂ ’ਤੇ ਕਲਿਆਣ ਰੱਖਿਆ। ਬਾਅਦ ਵਿਚ ਇਸ ਦਾ ਨਾਮ ਕਲਿਆਣ ਸੋਨਾ ਕਰ ਦਿੱਤਾ ਗਿਆ ਜਿਸ ਨੂੰ ਭਾਰਤ ਤੇ ਗੁਆਂਢੀ ਮੁਲਕਾਂ ਨੇ ਵੀ ਅਪਣਾਇਆ। ਇਸ ਕਿਸਮ ਨੇ ਦੇਸ਼ ਨੂੰ ਅਨਾਜ ਦੇ ਮਾਮਲੇ ਵਿਚ ਆਤਮ-ਨਿਰਭਰ ਬਣਾਇਆ। ਡਾ. ਅਠਵਾਲ ਦਾ ਜਨਮ 12 ਅਕਤੂਬਰ 1928 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਕਲਿਆਣਪੁਰ ਵਿਖੇ ਹੋਇਆ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੂੰ ਵਿਗਿਆਨ ਦੇ ਖੇਤਰ ਵਿਚ ਸਭ ਤੋਂ ਵੱਡਾ ਇਨਾਮ ਸ਼ਾਂਤੀ ਸਰੂਪ ਭਟਨਾਗਰ ਪੁਰਸਕਾਰ ਤੇ ਖੇਤੀ ਖੋਜ ਦਾ ਰਾਸ਼ਟਰੀ ਸਨਮਾਨ ਰਫੀ ਅਹਿਮਦ ਕਿਦਵਈ ਪੁਰਸਕਾਰ ਵੀ ਪ੍ਰਾਪਤ ਹੋਇਆ। ਡਾ. ਅਠਵਾਲ ਦੀ ਕੀਰਤੀ ਵਿਦੇਸ਼ਾਂ ਤਕ ਫੈਲੀ। ਫਿਲੀਪੀਨ ਸਥਿਤ ਕੌਮਾਂਤਰੀ ਚੌਲ ਖੋਜ ਸੰਸਥਾ ਨੇ ਉਨ੍ਹਾਂ ਨੂੰ ਆਪਣਾ ਡਿਪਟੀ ਡਾਇਰੈਕਟਰ ਜਨਰਲ ਨਿਯੁਕਤ ਕੀਤਾ। ਡਾ. ਅਠਵਾਲ ਹੋਰਾਂ ਉੱਥੇ ਚੌਲਾਂ ਉਪਰ ਵੀ ਖੋਜ ਕੀਤੀ। ਉਹ 1977 ਵਿਚ ਫਿਲੀਪੀਨ ਤੋਂ ਅਮਰੀਕਾ ਚਲੇ ਗਏ ਤੇ ਵਿਨਰਾਕ ਕੌਮਾਂਤਰੀ ਸੰਸਥਾ ਵਿਚ ਕੰਮ ਕੀਤਾ ਅਤੇ 1991 ਵਿਚ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ। ਪੀ ਏ ਯੂ ਨੇ ਨਵੇਂ ਬਣੇ ਕੌਮਾਂਤਰੀ ਵਿਗਿਆਨੀ ਮਹਿਮਾਨ ਘਰ ਦਾ ਨਾਂ ਡਾ. ਅਠਵਾਲ ਦੇ ਨਾਂ ’ਤੇ ਰੱਖਿਆ ਅਤੇ ਪੀਐੱਚਡੀ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ।
ਚੌਲਾਂ ਦਾ ਬਾਦਸ਼ਾਹ ਡਾ. ਗੁਰਦੇਵ ਸਿੰਘ ਖ਼ੁਸ਼ 12 Punjabis awarded Padma Samman
ਡਾ. ਬੋਰਲਾਗ ਵੱਲੋਂ ਮੈਕਸੀਕੋ ਵਿਖੇ ਕਣਕ ਦੀਆਂ ਤੇ ਡਾ. ਗੁਰਦੇਵ ਸਿੰਘ ਖ਼ੁਸ਼ ਵੱਲੋਂ ਫਿਲੀਪੀਨ ਵਿਖੇ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਤ ਕੀਤੇ ਜਾਣ ਨਾਲ ਸੰਸਾਰ ਵਿਚ ਅਨਾਜ ਦੀ ਪੈਦਾਵਾਰ ਵਿਚ ਇਨਕਲਾਬੀ ਵਾਧਾ ਹੋਇਆ ਜਿਸ ਨਾਲ ਸੰਸਾਰ ਵਿਚ ਭੁੱਖਮਰੀ ਤੇ ਅਸਥਿਰਤਾ ਨੂੰ ਰੋਕਿਆ ਜਾ ਸਕਿਆ। ਡਾ. ਖ਼ੁਸ਼ ਵੱਲੋਂ ਵਿਕਸਤ ਕੀਤੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਕਰਕੇ ਝੋਨਾ ਪੰਜਾਬ ਵਿਚ ਸਾਉਣੀ ਦੀ ਮੁੱਖ ਫ਼ਸਲ ਬਣ ਗਿਆ ਹੈ। ਡਾ. ਖ਼ੁਸ਼ ਨੇ ਫਿਲੀਪੀਨ ਸਥਿਤ ਕੌਮਾਂਤਰੀ ਝੋਨਾ ਖੋਜ ਸੰਸਥਾ ਵਿਚ ਨਵੀਆਂ ਕਿਸਮਾਂ ਵਿਕਸਤ ਕਰਨ ਲਈ 33 ਵਰ੍ਹੇ ਕੰਮ ਕੀਤਾ। ਡਾ. ਖ਼ੁਸ਼ ਵੱਲੋਂ 1973 ਵਿਚ ਝੋਨੇ ਦੀ ਪਹਿਲੀ ਕਿਸਮ ਆਈ ਆਰ26 ਵਿਕਸਤ ਕੀਤੀ ਗਈ। ਉਨ੍ਹਾਂ ਵੱਲੋਂ ਤਿਆਰ ਕੀਤੀ ਦੂਜੀ ਕਿਸਮ ਆਈ ਆਰ36 ਸੰਨ 1976 ਵਿਚ ਜਾਰੀ ਕੀਤੀ ਗਈ। ਇਸ ਕਿਸਮ ਨੇ ਸੰਸਾਰ ਵਿਚ ਹੋਰ ਕਿਸੇ ਵੀ ਫ਼ਸਲ ਦੀ ਕਿਸੇ ਵੀ ਕਿਸਮ ਨਾਲੋਂ ਵੱਧ ਰਕਬੇ ਵਿਚ ਕਾਸ਼ਤ ਕਰਨ ਦਾ ਨਵਾਂ ਕੀਰਤੀਮਾਨ ਸਥਾਪਿਤ ਕੀਤਾ। ਸੰਸਾਰ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਡਾਕਟਰੇਟ ਦੀਆਂ ਆਨਰੇਰੀ ਦੀ ਡਿਗਰੀ ਨਾਲ ਡਾ. ਖ਼ੁਸ਼ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਝੋਨੇ ਦੀਆਂ 300 ਕਿਸਮਾਂ ਵਿਕਸਤ ਕੀਤੀਆਂ। ਜਲੰਧਰ ਜ਼ਿਲ੍ਹੇ ਦੇ ਪਿੰਡ ਰੁੜਕੀ ਦੇ ਸਾਧਾਰਨ ਪਰਿਵਾਰ ਦੇ ਜੰਮਪਲ ਡਾ. ਖ਼ੁਸ਼ ਨੂੰ ਅਮਰੀਕਾ, ਜਪਾਨ, ਇਜ਼ਰਾਈਲ, ਚੀਨ, ਫਿਲੀਪੀਨ, ਈਰਾਨ, ਭਾਰਤ, ਇੰਗਲੈਂਡ, ਵੀਅਤਨਾਮ ਆਦਿ ਦੇਸ਼ਾਂ ਨੇ ਆਪਣੇ ਸਭ ਤੋਂ ਵੱਡੇ ਵਿਗਿਆਨਕ ਸਨਮਾਨਾਂ ਨਾਲ ਸਨਮਾਨਿਤ ਕੀਤਾ। ਭੋਜਨ ਦੇ ਖੇਤਰ ਵਿਚ ਸੰਸਾਰ ਦਾ ਸਭ ਤੋਂ ਵੱਡਾ ਇਨਾਮ ਵਰਲਡ ਫੂਡ ਪ੍ਰਾਈਜ਼ ਵੀ ਉਨ੍ਹਾਂ ਨੂੰ ਪ੍ਰਾਪਤ ਹੋਇਆ। ਇਨਾਮਾਂ ਤੋਂ ਪ੍ਰਾਪਤ ਰਾਸ਼ੀ ਨਾਲ ਉਨ੍ਹਾਂ ਨੇ ਪੀ ਏ ਯੂ ਵਿਖੇ ਡਾ. ਖ਼ੁਸ਼ ਫਾਊਂਡੇਸ਼ਨ ਕਾਇਮ ਕੀਤੀ ਜੋ ਖੇਤੀ ਖੋਜ ਨੂੰ ਉਤਸ਼ਾਹਿਤ ਕਰਦੀ ਹੈ ਤੇ ਹੋਣਹਾਰ ਪਿੰਡਾਂ ਦੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਦਿੰਦੀ ਹੈ। ਡਾ. ਖ਼ੁਸ਼ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ੳੱੁਚ ਸਿੱਖਿਆ ਖੇਤੀਬਾੜੀ ਕਾਲਜ ਲੁਧਿਆਣਾ ਤੋਂ ਪ੍ਰਾਪਤ ਕੀਤੀ ਤੇ ਉਚੇਰੀ ਪੜ੍ਹਾਈ ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਵਿਖੇ ਕੀਤੀ। ਉਨ੍ਹਾਂ ਦਾ ਜਨਮ ਆਪਣੇ ਨਾਨਕੇ ਪਿੰਡ ਖਟਕੜ ਕਲਾਂ ਵਿਖੇ 22 ਅਗਸਤ 1935 ਨੂੰ ਕੂਨਰ ਪਰਿਵਾਰ ਵਿਚ ਹੋਇਆ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ੍ਰੀ ਪੁਰਸਕਾਰ ਦਿੱਤਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਬਾਇਓਤਕਨਾਲੋਜੀ ਸੈਂਟਰ ਦਾ ਨਾਂ ਖ਼ੁਸ਼ ਪ੍ਰਯੋਗਸ਼ਾਲਾ ਰੱਖਿਆ ਤੇ ਪੀਐੱਚਡੀ ਦੀ ਡਿਗਰੀ ਦਿੱਤੀ।
ਭੂਮੀ ਵਿਗਿਆਨੀ ਡਾ. ਨਰਿੰਦਰ ਸਿੰਘ ਰੰਧਾਵਾ
ਪਿੰਡ ਦੇ ਸਾਧਾਰਨ ਕਿਸਾਨ ਪਰਿਵਾਰ ’ਚੋਂ ਉੱਠ ਕੇ ਪਹਿਲੀ ਪੌੜੀ ਤੋਂ ਨੌਕਰੀ ਸ਼ੁਰੂ ਕਰ ਕੇ ਟੀਸੀ ਤਕ ਡਾ. ਰੰਧਾਵਾ ਪਹੁੰਚੇ। ਉਨ੍ਹਾਂ ਦਾ ਜਨਮ ਅੰਮਿ੍ਰਤਸਰ ਨੇੜੇ ਪਿੰਡ ਥਾਰੂ ਵਿਚ ਸ: ਮੱਖਣ ਸਿੰਘ ਹੋਰਾਂ ਦੇ ਘਰ ਹੋਇਆ। ਡਾ. ਰੰਧਾਵਾ ਦੀ ਮੁੱਖ ਖੋਜ ਲਘੂ ਤੱਤਾਂ ਬਾਰੇ ਹੈ। ਉਨ੍ਹਾਂ ਸਾਬਿਤ ਕੀਤਾ ਕਿ ਧਰਤੀ ਦੀ ਉਪਜਾਊ ਸ਼ਕਤੀ ਵਿਚ ਇਨ੍ਹਾਂ ਦੀ ਅਹਿਮ ਭੂਮਿਕਾ ਹੈ। ਖੇਤੀਬਾੜੀ ਕਾਲਜ ਲਾਇਲਪੁਰ ਤੋਂ 1947 ਵਿਚ ਬੀ. ਐੱਸ. ਸੀ. ਦੀ ਡਿਗਰੀ ਪ੍ਰਾਪਤ ਕੀਤੀ ਤੇ 1949 ਵਿਚ ਖੇਤੀਬਾੜੀ ਵਿਭਾਗ ਵਿਚ ਖੋਜ ਸਹਾਇਕ ਬਣੇ। ਸਰਕਾਰ ਨੇ 1960 ਵਿਚ ਉਨ੍ਹਾਂ ਨੂੰ ਉਚੇਰੀ ਪੜ੍ਹਾਈ ਲਈ ਅਮਰੀਕਾ ਭੇਜਿਆ। ਕੈਲੇਫੋਰਨੀਆ ਯੂਨੀਵਰਸਿਟੀ ਤੋਂ ਭੂਮੀ ਵਿਗਿਆਨ ਵਿਚ ਪੀਐੱਚਡੀ ਦੀ ਡਿਗਰੀ ਪ੍ਰਾਪਤ ਕਰ ਕੇ 1964 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵਿਚ ਕੰਮ ਸ਼ੁਰੂ ਕੀਤਾ। ਉਹ 1967 ਵਿਚ ਵਿਭਾਗ ਦੇ ਮੁਖੀ ਤੇ ਪ੍ਰੋਫੈਸਰ ਬਣ ਗਏ। ਹਿਸਾਰ ਕੈਂਪਸ ਨੂੰ ਜਦ ਵੱਖਰੀ ਯੂਨੀਵਰਸਿਟੀ ਬਣਾਇਆ ਗਿਆ ਤਾਂ ਡਾ. ਰੰਧਾਵਾ ਨੇ ਲੁਧਿਆਣੇ ਆ ਕੇ ਭੂਮੀ ਵਿਗਿਆਨ ਦੇ ਵਿਭਾਗ ਦੇ ਮੁਖੀ ਦਾ ਅਹੁਦਾ ਸੰਭਾਲਿਆ। ਪੰਜਾਬ ਵਿਚ ਭੂਮੀ ਸੁਧਾਰ ਤੇ ਧਰਤੀ ਵਿਚ ਸਹੀ ਮਾਤਰਾ ਤੇ ਸਹੀ ਢੰਗ ਨਾਲ ਰਸਾਇਣਾਂ ਦੀ ਵਰਤੋਂ ਸਬੰਧੀ ਉਨ੍ਹਾਂ ਨੇ ਇਕ ਲਹਿਰ ਚਲਾਈ। ਉਨ੍ਹਾਂ ਨੇ ਖੇਤਾਂ, ਬਾਗ਼ਾਂ ਤੇ ਫ਼ਸਲਾਂ ਵਿਚ ਲਘੂ ਤੱਤਾਂ ਦੀ ਘਾਟ ਦੀਆਂ ਨਿਸ਼ਾਨੀਆਂ ਲੱਭੀਆਂ ਤੇ ਇਨ੍ਹਾਂ ਨੂੰ ਦੂਰ ਕਰਨ ਲਈ ਰਸਾਇਣਾਂ ਦੀ ਢੁੱਕਵੀਂ ਵਰਤੋਂ ਬਾਰੇ ਖੋਜ ਕੀਤੀ। ਡਾ. ਰੰਧਾਵਾ ਨੂੰ ਫਰਵਰੀ 1974 ਵਿਚ ਡਾਇਰੈਕਟਰ ਖੋਜ ਬਣਾਇਆ ਗਿਆ । ਇਸ ਪਿੱਛੋਂ ਉਹ ਖੇਤੀ ਕਾਲਜ ਦੇ ਡੀਨ ਬਣੇ। ਡਾ. ਰੰਧਾਵਾ ਵੱਲੋਂ ਕੀਤੀ ਗਈ ਖੋਜ ਸਦਕਾ ਭਾਰਤੀ ਖੇਤੀ ਖੋਜ ਪਰਿਸ਼ਦ ਨੇ 1978 ਵਿਚ ਆਪਣਾ ਡਿਪਟੀ ਡਾਇਰੈਕਟ ਜਨਰਲ ਬਣਾਇਆ। ਇਥੇ ਉਨ੍ਹਾਂ ਨੇ ਰਸਾਇਣਿਕ ਖਾਦਾਂ ਸਿੰਚਾਈ ਪਾਣੀ ਦੀ ਸੁਚੱਜੀ ਵਰਤੋਂ ਬਾਰੇ ਖੋਜ ਕਰਵਾਈ। ਉਨ੍ਹਾਂ ਨੂੰ 1985 ਵਿਚ ਭਾਰਤੀ ਖੇਤੀ ਖੋਜ ਪਰਿਸ਼ਦ ਦਾ ਡਾਇਰੈਕਟਰ ਜਨਰਲ ਬਣਾਇਆ ਗਿਆ। ਇਸ ਦੇ ਨਾਲ ਹੀ ਖੇਤੀ ਮੰਤਰਾਲੇ ਵਿਚ ਸਕੱਤਰ (ਖੇਤੀ ਖੋਜ ਤੇ ਪੜ੍ਹਾਈ) ਬਣਾਏ ਗਏ। ਸੇਵਾ ਮੁਕਤੀ ਪਿਛੋਂ ਉਹ ਵਿਸ਼ਵ ਬੈਂਕ ਦੇ ਸਲਾਹਕਾਰ ਬਣੇ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ। ਭਾਰਤੀ ਖੇਤੀ ਖੋਜ ਪਰਿਸ਼ਦ ਨੇ ਉਨ੍ਹਾਂ ਨੂੰ ਰਫੀ ਅਹਿਮਦ ਕਦਵਾਈ ਪੁਰਸਕਾਰ ਦਿੱਤਾ। ਉਨ੍ਹਾਂ ਨੇ ਕਿਸ਼੍ਰੀ ਮਿੱਤਰ ਅਤੇ ਨੈਸ਼ਨਲ ਸਿਟੀਜਨ ਪੁਰਸਕਾਰ ਵੀ ਪ੍ਰਾਪਤ ਕੀਤਾ। ਪੀ ਏ ਯੂ ਨੇ ਭੂਮੀ ਵਿਗਿਆਨ ਵਿਭਾਗ ਦਾ ਨਾਂ ਉਨ੍ਹਾਂ ਦੇ ਨਾਂ ਉਤੇ ਰੱਖਿਆ ਅਤੇ ਪੀਐੱਚਡੀ ਦੀ ਡਿਗਰੀ ਦਿੱਤੀ।
ਪੇਂਡੂ ਅਤੇ ਖੇਤੀ ਵਿਕਾਸ ਦੇ ਮੋਢੀ ਡਾ. ਮਹਿੰਦਰ ਸਿੰਘ ਰੰਧਾਵਾ
ਡਾ. ਮਹਿੰਦਰ ਸਿੰਘ ਰੰਧਾਵਾ ਪੰਜਾਬ ਦੀ ਖੇਤੀ ਅਤੇ ਪੇਂਡੂ ਵਿਕਾਸ ਦਾ ਰਚੇਤਾ ਸੀ ਜਿਸ ਨੇ ਮੁਰੱਬੇਬੰਦੀ ਕਰਵਾਈ। ਪਿੰਡਾਂ ਵਿਚ ਲਾਇਬ੍ਰੇਰੀਆਂ ਤੇ ਪੰਚਾਇਤ ਘਰ ਉਸਾਰੇ ਤੇ ਸਕੂਲ ਖੁੱਲ੍ਹਵਾਏ। ਉਨ੍ਹਾਂ ਹਰੇਕ ਪਿੰਡ ਰੇਡੀਓ ਭੇਜਿਆ ਤਾਂ ਜੋ ਪਿੰਡ ਵਾਸੀ ਗਿਆਨ ਨਾਲ ਜੁੜ ਸਕਣ। ਦੇਸ਼ ਵਿਚ ਹਰੇ ਇਨਕਲਾਬ ਦੀ ਨੀਂਹ ਰੱਖਣ ਵਾਲੇ ਵੀ ਉਹ ਹੀ ਸਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਬਣਾਈ ਤੇ ਉਸ ਨੂੰ ਭਾਰਤ ਦੀ ਹੀ ਨਹੀਂ ਸਗੋਂ ਸੰਸਾਰ ਦੀ ਵਧੀਆ ਸੰਸਥਾ ਬਣਾਇਆ। ਇਸ ਸੰਸਥਾ ਦੇ ਉਹ ਦੂਜੇ ਉਪ-ਕੁਲਪਤੀ ਬਣੇ। ਉਹ ਉੱਚ ਕੋਟੀ ਦਾ ਸਾਹਿਤਕਾਰ ਤੇ ਇਤਿਹਾਸਕਾਰ ਸੀ। ਸੇਵਾ ਮੁਕਤੀ ਪਿੱਛੋਂ ਕੋਈ 2500 ਪੰਨਿਆਂ ਦਾ ਚਾਰ ਜਿਲਦਾਂ ਵਿਚ ਭਾਰਤ ਦਾ ਖੇਤੀ ਇਤਿਹਾਸ ਲਿਖਿਆ ਜਿਹੜੀ ਕਿ ਇਕ ਵਿਲੱਖਣ ਪ੍ਰਾਪਤੀ ਹੈ। ਉਨ੍ਹਾਂ ਰੁੱਖਾਂ ਬੂਟਿਆਂ ਅਤੇ ਕਾਈ ਉਤੇ ਉਚੇਰੀ ਖੋਜ ਕੀਤੀ ਜਿਸ ’ਤੇ ਪੰਜਾਬ ਯੂਨੀਵਰਸਿਟੀ ਨੇ ਡੀ ਐੱਸ ਸੀ ਦੀ ਡਿਗਰੀ ਦਿੱਤੀ। ਉਹ ਇਕ ਮਹਾਨ ਸਾਹਿਤ ਤੇ ਕਲਾ ਪਾਰਖੂ ਸਨ। ਆਪ ਭੌ ਦਿ੍ਰਸ਼ ਅਤੇ ਭਵਨ ਕਲਾ ਦੇ ਮਾਹਿਰ ਸਨ। ਪੰਜਾਬ ਦੇ ਸ਼ਿੰਗਾਰ ਰੁੱਖਾਂ ਅਤੇ ਬੂਟਿਆਂ ਬਾਰੇ ਉਨ੍ਹਾਂ ਕੇਵਲ ਪੁਸਤਕਾਂ ਹੀ ਨਹੀਂ ਲਿਖੀਆਂ, ਸਗੋਂ ਸਾਰੇ ਪੰਜਾਬ ਨੂੰ ਸ਼ਿੰਗਾਰਿਆ। ਚੰਡੀਗੜ੍ਹ ਤੇ ਲੁੁਧਿਆਣੇ ਦੇ ਗੁਲਾਬਾਂ ਦੇ ਬਗ਼ੀਚੇ ਇਨ੍ਹਾਂ ਹੀ ਬਣਾਏ। ਪੀ ਏ ਯੂ ਦੀ ਸੁੰਦਰਤਾ ਵੀ ਇਨ੍ਹਾਂ ਦੀ ਹੀ ਦੇਣ ਹੈ। ਆਪ ਭਵਨ ਕਲਾ ਦੇ ਮਾਹਿਰ ਸਨ। ਚੰਡੀਗੜ੍ਹ ਸਥਿਤ ਪੰਜਾਬ ਆਰਟ ਕੌਂਸਲ ਅਤੇ ਕਲਾ ਭਵਨ ਆਪ ਜੀ ਦੀ ਆਖ਼ਰੀ ਕਲਾ ਿਤੀ ਸੀ। ਆਪ ਉੱਚ ਕੋਟੀ ਦੇ ਪ੍ਰਬੰਧਕ ਸਨ। ਉਹ ਭਾਰਤੀ ਖੇਤੀ ਖੋਜ ਕੌਂਸਲ ਦੇ ਪਹਿਲੇ ਭਾਰਤ ਮੁਖੀ ਬਣੇ। ਮੁੜ ਉਹ ਘਣੀ ਖੇਤੀ ਪ੍ਰੋਗਰਾਮ ਦੇ ਡਾਇਰੈਕਟਰ ਜਨਰਲ ਰਹੇ। ਉਨ੍ਹਾਂ ਦੀ ਦੇਖ-ਰੇਖ ਹੇਠ ਹੀ ਵਧ ਝਾੜ ਦੇਣ ਵਾਲੀਆਂ ਕਣਕ ਅਤੇ ਝੋਨੇ ਦੀ ਕਿਸਮਾਂ ਭਾਰਤ ਆਈਆਂ। ਆਈ ਸੀ ਐੱਸ ਅਫ਼ਸਰ ਬਣਨ ਵਾਲੇ ਸ਼ਾਇਦ ਉਹ ਪਹਿਲੇ ਪੰਜਾਬੀ ਸਨ। ਇਸ ਮਹਾਨ ਪੰਜਾਬੀ ਦਾ ਜਨਮ ਦੋ ਫਰਵਰੀ 1908 ਨੂੰ ਹੋਇਆ ਤੇ ਪੰਜਾਬ ਦੀ ਧਰਤੀ ’ਤੇ ਉਨ੍ਹਾਂ ਆਖਰੀ ਸਾਹ ਤਿੰਨ ਮਾਰਚ 1986 ਨੂੰ ਲਿਆ। ਉਨ੍ਹਾਂ ਦਾ ਜੱਦੀ ਪਿੰਡ ਬੋਂਦਲਾ (ਹੁਸ਼ਿਆਰਪੁਰ) ਤੇ ਕਰਮ ਭੂਮੀ ਖਾਨਪੁਰ (ਖਰੜ) ਬਣਿਆ। ਖੇਤੀ ਵਿਕਾਸ ਵਿਚ ਪਾਏ ਉਨ੍ਹਾਂ ਦੇ ਯੋਗਦਾਨ ਲਈ ਭਾਰਤ ਸਰਕਾਰ ਨੇ ਉਨ੍ਹਾਂ ਨੂੰ 1972 ਵਿਚ ਪਦਮ ਭੂਸ਼ਣ ਦੇ ਪੁਰਸਕਾਰ ਨਾਲ ਸਨਮਾਨਿਆ। ਪੀ ਏ ਯੂ ਨੇ ਆਪਣੀ ਸੁੰਦਰ ਲਾਇਬ੍ਰੇਰੀ ਦਾ ਨਾਂ ਡਾ. ਮਹਿੰਦਰ ਸਿੰਘ ਰੰਧਾਵਾ ਰੱਖਿਆ।
ਸਬਜ਼ੀਆਂ ਦੀ ਖੋਜ ਦਾ ਬਾਦਸ਼ਾਹ ਡਾ. ਹਰਭਜਨ ਸਿੰਘ
ਡਾ. ਹਰਭਜਨ ਸਿੰਘ ਦਾ ਬਚਪਨ ਆਪਣੇ ਜੱਦੀ ਪਿੰਡ ਮੜੋਲੀ ਕਲਾਂ (ਰੋਪੜ) ਵਿਚ ਬੀਤਿਆ। ਉਨ੍ਹਾਂ ਦਸਵੀਂ ਖ਼ਾਲਸਾ ਹਾਈ ਸਕੂਲ ਖਰੜ ਤੋਂ ਅਤੇ ਬੀ ਐੱਸ ਸੀ (ਖੇਤੀ) ਖ਼ਾਲਸਾ ਕਾਲਜ ਅੰਮਿ੍ਰਤਸਰ ਤੋਂ । ਉਨ੍ਹਾਂ ਭਾਰਤੀ ਖੇਤੀ ਖੋਜ ਸੰਸਥਾ ਨਵੀਂ ਦਿੱਲੀ ਵਿਖੇ 1935 ਵਿਚ ਪੌਦ ਨਸਲਕਸ਼ੀ ਡਿਵੀਜ਼ਨ ਵਿਚ ਨੌਕਰੀ ਸ਼ੁਰੂ ਕੀਤੀ ਅਤੇ 1962 ਵਿਚ ਇਸ ਦੇ ਮੁਖੀ ਬਣੇ। ਡਾ. ਸਿੰਘ ਵਲੋਂ ਤਿਆਰ ਕੀਤੀ ਭਿੰਡੀ ਦੀ ਕਿਸਮ ਪੂਸਾ ਸਾਵਣੀ ਪਿਛਲੇ ਪੰਜਾਹ ਸਾਲਾਂ ਤੋਂ ਕਾਸ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਟਮਾਟਰ, ਬੈਂਗਣ, ਗੁਆਰਾ, ਰਵਾਂਹ, ਮਟਰ, ਰੌਂਗੀ, ਸ਼ਲਗਮ, ਪਤ ਗੋਭੀ, ਫ਼ੁਲਗੋਭੀ, ਖਰਬੂਜਾ, ਸ਼ਕਰਕੰਦੀ, ਮੂਲੀ, ਗਾਜਰ, ਮਿਰਚਾਂ ਆਦਿ ਦੀਆਂ ਕਈ ਕਿਸਮਾਂ ਤਿਆਰ ਕੀਤੀਆਂ, ਜਿਨ੍ਹਾਂ ਵਿਚ ਰੋਗਾਂ ਦਾ ਟਾਕਰਾ ਕਰਨ ਅਤੇ ਵਧ ਝਾੜ ਦੇਣ ਦੀ ਸਮਰੱਥਾ ਸੀ। ਉਨ੍ਹਾਂ ਜਵੀਂ ਅਤੇ ਸੋਇਆਬੀਨ ਦੀਆਂ ਕਿਸਮਾਂ ਵੀ ਤਿਆਰ ਕੀਤੀਆਂ। ਭਾਰਤ ਸਰਕਾਰ ਨੇ 1971 ਵਿਚ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ।
ਸੰਤ ਸਿਪਾਹੀ ਖੇਤੀ ਵਿਗਿਆਨੀ ਡਾ. ਖੇਮ ਸਿੰਘ ਗਿੱਲ
ਡਾ. ਖੇਮ ਸਿੰਘ ਗਿੱਲ ਪਹਿਲੀ ਜਨਵਰੀ 1990 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ-ਕੁਲਪਤੀ ਬਣੇ। ਉਨ੍ਹਾਂ ਖੋਜ ਸਹਾਇਕ ਦੇ ਅਹੁਦੇ ਤੋਂ ਨੌਕਰੀ ਸ਼ੁਰੂ ਕਰਕੇ ਆਪਣੇ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਬਣੇ। ਇਸ ਪਿੱਛੋਂ ਉਹ ਖੇਤੀਬਾੜੀ ਕਾਲਜ ਦੇ ਡੀਨ, ਡਾਇਰੈਕਟਰ ਖੋਜ ਤੇ ਡਾਇਰੈਕਟਰ ਪਸਾਰ ਸਿੱਖਿਆ ਰਹੇ। ਡਾ. ਖੇਮ ਸਿੰਘ ਦਾ ਜਨਮ ਮਾਲਵੇ ਦੇ ਇਕ ਪੱਛੜੇ ਇਲਾਕੇ ਦੇ ਆਮ ਕਿਸਾਨ ਪਰਿਵਾਰ ਵਿਚ ਹੋਇਆ। ਦਸਵੀਂ ਤੋਂ ਪਿੱਛੋਂ ਉਨ੍ਹਾਂ ਨੇ ਖ਼ਾਲਸਾ ਕਾਲਜ ਅੰਮਿ੍ਰਤਸਰ ਵਿਖੇ ਦਾਖ਼ਲਾ ਲੈ ਲਿਆ। ਨੌਕਰੀ ਦੌਰਾਨ ਹੀ ਐੱਮ. ਐੱਸ. ਸੀ. ਕੀਤੀ ਤੇ ਉਚੇਰੀ ਪੜ੍ਹਾਈ ਲਈ ਅਮਰੀਕਾ ਗਏ। ਡਾ. ਖੇਮ ਸਿੰਘ ਦਾ ਬਹੁਤਾ ਕੰਮ ਫ਼ਸਲਾਂ ਦੀਆਂ ਨਵੀਆਂ ਕਿਸਮਾਂ ਵਿਕਸਤ ਕਰਨ ਦਾ ਰਿਹਾ ਹੈ। ਸਭ ਤੋਂ ਵੱਧ ਪ੍ਰਸਿੱਧੀ ਉਨ੍ਹਾਂ ਨੂੰ ਬਾਜਰੇ ਤੇ ਕਣਕ ਬਾਰੇ ਖੋਜ ਕਰਕੇ ਮਿਲੀ। ਬਾਜਰੇ ਦੀ ਵੱਧ ਝਾੜ ਦੇਣ ਵਾਲੀ ਪਹਿਲੀ ਦੋਗਲੀ ਕਿਸਮ ਐੱਚ ਬੀ-1 ਨੂੰ ਜਦੋਂ ਬਿਮਾਰੀ ਲੱਗ ਗਈ ਤਾਂ ਡਾ. ਗਿੱਲ ਨੇ ਬਾਜਰੇ ਦੀਆਂ ਦੋ ਹੋਰ ਨਵੀਆਂ ਕਿਸਮਾਂ ਪੀ ਬੀ ਐੱਚ-10 ਤੇ ਪੀ ਬੀ ਐੱਚ-14 ਵਿਕਸਤ ਕੀਤੀਆਂ ਜਿਹੜੀਆਂ ਇਸ ਬਿਮਾਰੀ ਦਾ ਟਾਕਰਾ ਕਰ ਸਕਦੀਆਂ ਸਨ। ਉਨ੍ਹਾਂ ਨੇ ਕਣਕ ਦੀ ਕਿਸਮ ਪੀ ਬੀ ਡਬਲਯੂ-711 ਵਿਕਸਤ ਕੀਤੀ ਜਿਸ ਨੂੰ ਭਾਰਤ ਤੇ ਗਵਾਂਢੀ ਦੇਸ਼ਾਂ ਵਿਚ ਪ੍ਰਸਿੱਧੀ ਮਿਲੀ। ਡਾ. ਖੇਮ ਸਿੰਘ ਨੂੰ ਉਨ੍ਹਾਂ ਦੀਆਂ ਖੋਜਾਂ ਲਈ ਭਾਰਤ ਦੀ ਖੇਤੀ ਖੋਜ ਕੌਂਸਲ ਨੇ ਸਭ ਤੋਂ ਵੱਡਾ ਸਨਮਾਨ ਰਫੀ ਅਹਿਮਦ ਕਦਵਾਈ ਦਿੱਤਾ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਆ। ਉਨ੍ਹਾਂ ਨੇ ਵੱਖ-ਵੱਖ ਫ਼ਸਲਾਂ ਦੀਆਂ 50 ਤੋਂ ਵੱਧ ਕਿਸਮਾਂ ਵਿਕਸਤ ਕੀਤੀਆਂ। ਸੇਵਾ ਮੁਕਤੀ ਪਿੱਛੋਂ ਉਨ੍ਹਾਂ ਨੇ ਬਾਬਾ ਇਕਲਾਬ ਸਿੰਘ ਦੀ ਅਗਵਾਈ ਹੇਠ ਪੰਜਾਬ ਵਿਚ ਵਿਦਿਅਕ ਲਹਿਰ ਸ਼ੁਰੂ ਕੀਤੀ।
ਹਰੀ ਕ੍ਰਾਂਤੀ ਦੇ ਮੋਢੀ ਡਾ. ਬੀ.ਪੀ. ਪਾਲ
ਹਰੀ ਕ੍ਰਾਂਤੀ ਦੇ ਮੋਢੀਆਂ ਵਿੱਚੋਂ ਡਾ. ਬੀ. ਪੀ. ਪਾਲ ਦਾ ਨਾਂ ਪਹਿਲੀ ਕਤਾਰ ਵਿਚ ਆਉਦਾ ਹੈ। ਖੇਤੀ ਖੋਜ ਅਤੇ ਵਿਕਾਸ ਵਿਚ ਪਾਏ ਉਨ੍ਹਾਂ ਦੇ ਯੋਗਦਾਨ ਲਈ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਆਪਣੇ ਦੂਜੇ ਸਭ ਤੋਂ ਵੱਡੇ ਸਨਮਾਨ ਪਦਮ ਵਿਭੂਸ਼ਣ (1968) ਨਾਲ ਸਨਮਾਨਿਆ। ਉਨ੍ਹਾਂ ਨੂੰ ਪਦਮਸ੍ਰੀ ਸਨਮਾਨ 1959 ਵਿਚ ਪ੍ਰਾਪਤ ਹੋ ਗਿਆ ਸੀ। ਡਾ. ਪਾਲ ਦਾ ਜੱਦੀ ਪਿੰਡ ਸਰਹਾਲ ਕਾਜ਼ੀਆਂ (ਜਲੰਧਰ) ਹੈ ਪਰ ਉਨ੍ਹਾਂ ਦਾ ਜਨਮ ਮੁਕੰਦਪੁਰ ਜਲੰਧਰ (ਹੁਣ ਨਵਾਂਸ਼ਹਿਰ) ਵਿਖੇ 26 ਮਈ 1906 ਨੂੰ ਹੋਇਆ। ਉਨ੍ਹਾਂ ਦੇ ਪਿਤਾ ਰਲਾਰਾਮ ਰਾਮਪਾਲ ਪੇਸ਼ੇ ਵਲੋਂ ਡਾਕਟਰ ਸਨ। ਆਪ ਨੇ ਪੀਐੱਚਡੀ ਕੈਂਬਰਿਜ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਅਤੇ ਇੰਪੀਰੀਅਲ ਖੇਤੀ ਖੋਜ ਸੰਸਥਾ ਵਿਚ ਨੌਕਰੀ ਸ਼ੁਰੂ ਕੀਤੀ। ਹੁਣ ਇਸ ਸੰਸਥਾ ਨੂੰ ਭਾਰਤੀ ਖੇਤੀ ਖੋਜ ਸੰਸਥਾ (ਆਈ ਏ ਆਰ ਆਈ) ਆਖਿਆ ਜਾਂਦਾ ਹੈ। ਡਾ. ਪਾਲ ਨੇ ਕਣਕ ਉਤੇ ਅਹਿਮ ਖੋਜ ਕੀਤੀ ਅਤੇ ਕੁੰਗੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਵਿਕਸਤ ਕੀਤੀਆਂ। ਇਥੇ ਉਹ ਆਪਣੇ ਵਿਭਾਗ ਦੇ 13 ਸਾਲ ਮੁਖੀ ਰਹੇ। 1950 ਵਿਚ ਇਸ ਦੇ ਡਾਇਰੈਕਟਰ ਬਣੇ। ਇਸ ਪਦਵੀ ’ਤੇ ਪਹੁੰਚਣ ਵਾਲੇ ਉਹ ਪਹਿਲੇ ਭਾਰਤੀ ਸਨ। ਉਨ੍ਹਾਂ ਨੂੰ ਇਸ ਪਿੱਛੋਂ ਭਾਰਤੀ ਖੇਤੀ ਖੋਜ ਕੌਂਸਲ ਦਾ ਡਾਇਰੈਕਟਰ ਜਨਰਲ ਬਣਾਇਆ ਗਿਆ। ਦੇਸ਼ ਵਿਚ ਕਣਕ ਅਤੇ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਉਨ੍ਹਾਂ ਦੀ ਹੀ ਦੇਖ ਰੇਖ ਹੇਠ ਵਿਕਸਤ ਹੋਈਆਂ। ਉਨ੍ਹਾਂ ਨੇ ਗੁਲਾਬ ਦੇ ਫ਼ੁੱਲਾਂ ’ਤੇ ਵੀ ਵਧੀਆ ਖੋਜ ਕੀਤੀ। ਚੰਡੀਗੜ੍ਹ ਦੇ ਰੋਜ਼ ਗਾਰਡਨ ਨੂੰ ਬਣਾਉਣ ਵਿਚ ਡਾ. ਪਾਲ ਦੀ ਅਹਿਮ ਭੂਮਿਕਾ ਹੈ। ਪੰਜਾਬ ਐਗਰੀਕਲਚਰਲ ਯੂਨੀ. ਵਿਖੇ ਇਕ ਆਡੀਟੋਰੀਅਮ ਦਾ ਨਾਮ ਪਾਲ ਆਡੀਟੋਰੀਅਮ ਰੱਖਿਆ ਗਿਆ ਹੈ।
ਖੇਤੀ ਵਿਕਾਸ ਦੇ ਮੋਢੀ ਡਾ. ਅਮਰੀਕ ਸਿੰਘ ਚੀਮਾ
ਡਾ. ਅਮਰੀਕ ਸਿੰਘ ਚੀਮਾ ਨੇ ਸਾਰੀ ਉਮਰ ਕਿਸਾਨ ਤੇ ਕਿਰਸਾਣੀ ਦੇ ਭਲੇ ਲਈ ਕੰਮ ਕੀਤਾ। ਉਹ ਜਦੋਂ ਪੰਜਾਬ ਵਿਚ ਖੇਤੀਬਾੜੀ ਮਹਿਕਮੇ ਦੇ ਡਾਇਰੈਕਟਰ ਸਨ ਤੇ ਮੁੜ ਭਾਰਤ ਸਰਕਾਰ ਦੇ ਖੇਤੀ ਉਪਜ ਕਮਿਸ਼ਨਰ ਸਨ ਉਦੋਂ ਹੀ ਦੇਸ਼ ਤੇ ਵਿਸ਼ੇਸ਼ ਕਰਕੇ ਪੰਜਾਬ ਦੀ ਕਿਰਸਾਣੀ ਵਿਚ ਇਕ ਨਵਾਂ ਮੋੜ ਆਇਆ। ਉਨ੍ਹਾਂ ਦਾ ਜਨਮ ਇਕ ਦਸੰਬਰ 1918 ਨੂੰ ਬਧਾਈ ਚੀਮਾ ਪਿੰਡ (ਪੱਛਮੀ ਪੰਜਾਬ) ’ਚ ਸ: ਕਰਤਾਰ ਸਿੰਘ ਹੋਰਾਂ ਦੇ ਗ੍ਰਹਿ ਵਿਖੇ ਹੋਇਆ। ਉਨ੍ਹਾਂ ਆਪਣੀ ਨੌਕਰੀ ਮਹਾਰਾਜ ਫ਼ਰੀਦਕੋਟ ਕੋਲ ਸ਼ੁਰੂ ਕੀਤੀ। ਜਦੋਂ ਪੈਪਸੂ ਹੋਂਦ ਵਿਚ ਆਇਆ ਤਾਂ ਉਹ ਇਸ ਦੇ ਖੇਤੀਬਾੜੀ, ਡਾਇਰੈਕਟਰ ਬਣੇ। ਪੈਪਸੂ ਦੇ ਪੰਜਾਬ ’ਚ ਰਲੇਵੇਂ ਪਿੱਛੋਂ ਉਹ 1963 ਵਿਚ ਖੇਤੀਬਾੜੀ ਵਿਭਾਗ ਦੇ ਡਾਇਰੈਟਕਰ ਬਣੇ। ਭਾਰਤ ਸਰਕਾਰ ਨੇ ਉਨ੍ਹਾਂ ਨੂੰ 1966 ਵਿਚ ਆਪਣਾ ਖੇਤੀ ਉਪਜ ਕਮਿਸ਼ਨਰ ਬਣਾ ਲਿਆ। ਉਦੋਂ ਹੀ ਮੈਕਸੀਕੋ ਵਿਚ ਕਣਕ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਤ ਹੋਈਆਂ ਤਾਂ ਉਨ੍ਹਾਂ ਵੱਡੀ ਮਾਤਰਾ ਵਿਚ ਉਥੋਂ ਬੀਜ ਮੰਗਵਾਇਆ ਤੇ ਉਸ ਨੂੰ ਕਿਸਾਨਾਂ ਤਕ ਪਹੁੰਚਾਇਆ। ਉਨ੍ਹਾਂ ਨੌਜਵਾਨ ਕਿਸਾਨ ਸੰਸਥਾ ਬਣਾਈ ਤੇ ਸਿਖਲਾਈ ਲਈ ਪਟਿਆਲਾ ਲਾਗੇ ਰਖੜਾ ਵਿਖੇ ਸਿਖਲਾਈ ਕੇਂਦਰ ਸਥਾਪਿਤ ਕੀਤਾ। ਉਨ੍ਹਾਂ ਦੇ ਖੇਤੀ ਵਿਕਾਸ ਵਿਚ ਪਾਏ ਯੋਗਦਾਨ ਨੂੰ ਵੇਖਦਿਆਂ ਹੋਇਆਂ ਮੁੜ ਉਸਾਰੀ ਅਤੇ ਵਿਕਾਸ ਲਈ ਅੰਤਰਰਾਸ਼ਟਰੀ ਬੈਂਕ ਨੇ 1973 ਵਿਚ ਆਪਣਾ ਖੇਤੀ ਸਲਾਹਕਾਰ ਬਣਾ ਲਿਆ। ਉਥੋਂ ਆ ਕੇ ਆਪ 1976 ਵਿਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਉਪਕੁਲਪਤੀ ਬਣੇ। ਭਾਰਤ ਸਰਕਾਰ ਨੇ ਉਨ੍ਹਾਂ ਵਲੋਂ ਖੇਤੀ ਵਿਕਾਸ ਲਈ ਪਾਏ ਯੋਗਦਾਨ ਲਈ ਪਦਮ ਸ੍ਰੀ ਨਾਲ ਸਨਮਾਨਿਆ।
ਬਾਗ਼ਬਾਨੀ ਨੂੰ ਉਤਸ਼ਾਹਿਤ ਕਰਨ ਵਾਲੇ ਡਾ. ਕ੍ਰਿਪਾਲ ਸਿੰਘ
ਡਾ. ਕੇ ਿਪਾਲ ਸਿੰਘ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਹਿਲੇ ਪਸਾਰ ਸਿੱਖਿਆ ਡਾਇਰੈਕਟਰ ਬਣੇ। ਇਸ ਤੋਂ ਪਹਿਲਾਂ ਉਹ ਪੰਜਾਬ ਸਰਕਾਰ ਦੇ ਫ਼ਲ ਮਾਹਿਰ ਸਨ। ਯੂਨੀਵਰਸਿਟੀ ਦੇ ਪਸਾਰ ਸਿੱਖਿਆ ਢਾਂਚੇ ਨੂੰ ਮਜ਼ਬੂਤ ਅਤੇ ਕਾਰਜਕਾਰੀ ਬਣਾਉਣ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਨੇ ਮਾਹਿਰਾਂ ਵਿਚ ਕਿਸਾਨਾਂ ਦੀ ਸੇਵਾ ਕਰਨ ਦੀ ਚੇਟਕ ਲਗਾਈ।
ਉਨ੍ਹਾਂ ਕਿਸਾਨਾਂ ਦੀ ਸਿਖਲਾਈ ਲਈ ਕੈਰੋਂ ਕਿਸਾਨ ਘਰ ਦੀ ਉਸਾਰੀ ਕਰਵਾਈ ਅਤੇ ਖੇਤੀ ਗਿਆਨ ਦੇ ਸੰਚਾਰ ਲਈ ਸੰਚਾਰ ਕੇਂਦਰ ਬਣਾਇਆ। ਉਹ ਚਾਰ ਮਹੀਨੇ ਯੂਨੀਵਰਸਿਟੀ ਦੇ ਉਪਕੁਲਪਤੀ ਵੀ ਰਹੇ। ਉਨ੍ਹਾਂ ਦਾ ਜਨਮ 24 ਜਨਵਰੀ 1920 ਨੂੰ ਸਮਾਟਰਾ ਟਾਪੂ ਵਿਖੇ ਹੋਇਆ। ਉਨ੍ਹਾਂ ਪੰਜਾਬ ਐਗਰੀਕਲਚਰਲ ਕਾਲਜ ਲਾਇਲਪੁਰ ਤੋਂ ਬੀਐੱਸਸੀ (ਖੇਤੀ) ਕੀਤੀ। ਭਾਰਤ ਸਰਕਾਰ ਨੇ ਆਪ ਨੂੰ ਉਚੇਰੀ ਪੜ੍ਹਾਈ ਲਈ ਅਸਟ੍ਰੇਲੀਆ ਭੇਜਿਆ। ਫ਼ਲਾਂ ਤੇ ਸਬਜ਼ੀਆਂ ਦੀ ਕੋਲਡ ਸਟੋਰਾਂ ਰਾਹੀਂ ਸੰਭਾਲ ਵਿਸ਼ੇ ’ਤੇ ਖੋਜ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਤੋਂ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ। ਆਪ 1954 ਵਿਚ ਪੈਪਸੂ ਦੇ ਫਲ ਮਾਹਿਰ ਬਣੇ ਅਤੇ ਜਦੋਂ ਪੈਪਸੂ ਪੰਜਾਬ ਵਿਚ ਰਲਾਇਆ ਗਿਆ ਤੇ ਆਪ 1956 ਵਿਚ ਇਸ ਦੇ ਫਲ ਮਾਹਿਰ ਬਣੇ। ਆਪ ਨੇ ਬਾਗ਼ਬਾਨੀ ਵਿਚ ਰੁਚੀ ਰਖਣ ਵਾਲੇ ਕਿਸਾਨਾਂ ਦੀ ਸੰਸਥਾ ਪੰਜਾਬ ਕੋਆਪਰੇਟਿਵ ਫ਼ਰੂਟ ਡਿਵੈਲਪਮੈਂਟ ਫ਼ੈਡਰੇਸ਼ਨ ਬਣਾਈ ਤੇ ਇਸ ਸੰਸਥਾ ਦੇ ਆਨਰੇਰੀ ਮੈਨੇਜਿੰਗ ਡਾਇਰੈਕਟਰ ਬਣੇ। ਇਸ ਸੰਸਥਾ ਵੱਲੋਂ ਦੋ ਮੈਗਜ਼ੀਨ ਵੀ ਸ਼ੁਰੂ ਕੀਤੇ ਗਏ। ਸੰਸਥਾ ਰਾਹੀਂ ਕਿਸਾਨਾਂ ਲਈ ਵਧੀਆ ਅਤੇ ਸਿਫਾਰਸ਼ ਕੀਤੀਆਂ ਫਲਾਂ ਦੀ ਕਿਸਮਾਂ ਦੇ ਬੂਟਿਆਂ ਦਾ ਪ੍ਰਬੰਧ ਕੀਤਾ ਅਤੇ ਸਬਜ਼ੀਆਂ ਦੇ ਬੀਜ ਤਿਆਰ ਕਰਵਾਏ। ਪੰਜਾਬ ਵਿਚ ਨਵੇਂ ਗਿਆਨ ਨੂੰ ਕਿਸਾਨਾਂ ਤਕ ਪਹੁੰਚਾ ਕੇ ਹਰੇ ਇਨਕਲਾਬ ਦੀ ਸਿਰਜਣਾ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ਪੰਜਾਬ ਦੇ ਕਿਸਾਨਾਂ ਨੇ 1970 ਉਨ੍ਹਾਂ ਦਾ ਸਨਮਾਨ ਸੋਨੇ ਦੇ ਤਗਮੇ ਨਾਲ ਕੀਤਾ ਅਤੇ ਪੰਜਾਬ ਸਰਕਾਰ ਨੇ 1972 ਵਿਚ ਉਨ੍ਹਾਂ ਨੂੰ ਪਦਮ ਸ੍ਰੀ ਨਾਲ ਸਨਮਾਨਿਆ।
ਖੇਤੀ ਅਰਥ ਸ਼ਾਸਤਰੀ ਡਾ. ਸਰਦਾਰਾ ਸਿੰਘ ਜੌਹਲ
ਖੇਤੀ ਅਰਥ ਸ਼ਾਸਤਰੀ ਡਾ. ਸਰਦਾਰਾ ਸਿੰਘ ਜੌਹਲ ਦਾ ਜਨਮ ਪੱਛਮੀ ਪੰਜਾਬ ਦੇ ਜ਼ਿਲ੍ਹਾ ਜੜ੍ਹਾਂਵਾਲਾ ਦੇ ਪਿੰਡ ਚੱਕ ਨੰਬਰ 104 ਵਿਚ 24 ਫਰਵਰੀ 1928 ਨੂੰ ਸ: ਬੂਟਾ ਸਿੰਘ ਹੋਰਾਂ ਦੇ ਘਰ ਹੋਇਆ। ਆਪ ਦਾ ਪੰਜਾਬ ਦੇ ਖੇਤੀ ਵਿਕਾਸ, ਖੇਤੀ ਪ੍ਰਬੰਧ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਪੂਰਾ ਮੱੁਲ ਦਿਵਾਉਣ ਵਿਚ ਅਹਿਮ ਯੋਗਦਾਨ ਹੈ। ਉਨ੍ਹਾਂ ਦਸਵੀਂ ਤੋਂ ਬਾਅਦ ਖੇਤੀਬਾੜੀ ਦੀ ਪੜ੍ਹਾਈ ਖੇਤੀਬਾੜੀ ਕਾਲਜ ਲੁਧਿਆਣਾ ਵਿਖੇ ਪੂਰੀ ਕੀਤੀ। ਉਨ੍ਹਾਂ ਖੇਤੀਬਾੜੀ ਕਾਲਜ ਲੁਧਿਆਣਾ ਵਿਖੇ ਬਤੌਰ ਸਹਾਇਕ ਪ੍ਰੋਫੈਸਰ ਆਪਣੀ ਨੌਕਰੀ 1960 ’ਚ ਕੀਤੀ ਅਤੇ 1965 ’ਚ ਵਿਭਾਗ ਦੇ ਮੁਖੀ ਬਣ ਗਏ। ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਉਪ-ਕੁਲਪਤੀ ਰਹੇ। ਇਸੇ ਤਰ੍ਹਾਂ ਉਹ ਪੰਜਾਬ ਦੀ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਵੀ ਰਹੇ। ਭਾਰਤ ਸਰਕਾਰ ਨੇ 1987 ਵਿਚ ਖੇਤੀ ਲਾਗਤ ਮੁੱਲ ਕਮਿਸ਼ਨ ਦਾ ਚੇਅਰਮੈਨ ਬਣਾਇਆ। ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਯੋਜਨਾ ਬੋਰਡ ਦਾ ਉਪ-ਚੇਅਰਮੈਨ ਬਣਾਇਆ ਅਤੇ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ। ਉਨ੍ਹਾਂ ਨੂੰ ਪੰਜ ਪ੍ਰਧਾਨ ਮੰਤਰੀਆਂ ਦੀ ਸਲਾਹਕਾਰ ਕੌਂਸਲ ਅਤੇ ਰੀਜ਼ਰਵ ਬੈਂਕ ਦੇ ਬੋਰਡ ਦਾ ਮੈਂਬਰ ਬਣਨ ਦਾ ਮਾਣ ਵੀ ਪ੍ਰਾਪਤ ਹੋਇਆ। ਖੇਤੀ ਵਿਕਾਸ ’ਚ ਪਾਏ ਯੋਗਦਾਨ ਲਈ ਭਾਰਤ ਸਰਕਾਰ ਨੇ ਉਨ੍ਹਾਂ ਨੂੰ 2006 ’ਚ ਪਦਮ ਭੂਸ਼ਣ ਸਨਮਾਨ ਨਾਲ ਸਨਮਾਨਿਆ।
‘ਪਾਰਸ’ ਮੱਕੀ ਦਾ ਖੋਜੀ ਡਾ. ਬਲਦੇਵ ਸਿੰਘ ਢਿੱਲੋਂ 12 Punjabis awarded Padma Samman
ਡਾ. ਬਲਦੇਵ ਸਿੰਘ ਢਿੱਲੋਂ ਇਕ ਸੂਝਵਾਨ ਕੌਮਾਂਤਰੀ ਪ੍ਰਸਿੱਧੀ ਦੇ ਵਿਗਿਆਨੀ ਹੋਣ ਦੇ ਨਾਲੋ ਨਾਲ ਮਿਹਨਤੀ ਅਤੇ ਸੁਲਝੇ ਹੋਏ ਨੀਤੀਵਾਨ ਵੀ ਹਨ। ਉਨ੍ਹਾਂ ਨੂੰ ਮੱਕੀ ਮਾਹਿਰ ਕਰਕੇ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਮੱਕੀ ਦੀਆਂ ਕਈ ਨਵੀਆਂ ਕਿਸਮਾਂ ਤਿਆਰ ਕੀਤੀਆਂ। ਉਨ੍ਹਾਂ ਪਹਿਲੀ ਵਾਰ ਇਕਹਿਰੀ ਨਸਲਕਸ਼ੀ ਨਾਲ ਮੱਕੀ ਦੀ ਦੋਗਲੀ ਕਿਸਮ ਪਾਰਸ ਵਿਕਸਤ ਕੀਤੀ। ਡਾ. ਢਿੱਲੋਂ ਵੱਲੋਂ ਡਾ. ਖਹਿਰਾ ਨਾਲ ਰਲ ਕੇ ਕੀਤੀ ਖੋਜ ਸਦਕਾ ਹੀ ਮੱਕੀ ਦੀ ਕਾਸ਼ਤ ਹੁਣ ਸਾਰਾ ਸਾਲ ਹੀ ਕੀਤੀ ਜਾ ਸਕਦੀ ਹੈ। ਅਗੇਤੀ-76, ਪ੍ਰਤਾਪ, ਸੰਗਮ, ਨਵਜੋਤ, ਸਰਤਾਜ, ਕਿਰਨ, ਜੇ-1006, ਮੇਘਾ, ਕੇਸਰੀ, ਪੰਜਾਬ ਸੱਠੀ-1, ਪਰਲ ਪੋਪਕਾਰਨ, ਪ੍ਰਕਾਸ਼ ਉਨ੍ਹਾਂ ਵਲੋਂ ਵਿਕਸਤ ਕੀਤੀਆਂ ਮੱਕੀ ਦੀਆਂ ਕੁਝ ਪ੍ਰਸਿੱਧ ਕਿਸਮਾਂ ਹਨ। ਉਨ੍ਹਾਂ ਦਾ ਜਨਮ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੋਬਰਜੀ ਵਿਖੇ 27 ਜੂਨ 1947 ਨੂੰ ਸ: ਬਖਸ਼ੀਸ਼ ਸਿੰਘ ਹੋਰਾਂ ਦੇ ਗ੍ਰਹਿ ਵਿਖੇ ਹੋਇਆ। ਮੁਢਲੀ ਪੜ੍ਹਾਈ ਪਿੰਡ ਦੇ ਸਕੂਲ ਵਿਚ ਹੀ ਕੀਤੀ ਅਤੇ ਉਚੇਰੀ ਪੜ੍ਹਾਈ ਖ਼ਾਲਸਾ ਕਾਲਜ ਅੰਮਿ੍ਰਤਸਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਭਾਰਤੀ ਖੇਤੀ ਖੋਜ ਸੰਸਥਾ, ਨਵੀਂ ਦਿੱਲੀ ਵਿਖੇ ਕੀਤੀ। ਉਨ੍ਹਾਂ ਨੂੰ ਮੈਕਸੀਕੋ, ਜਰਮਨੀ ਅਤੇ ਇੰਗਲੈਂਡ ਵਿਖੇ ਵੀ ਉਚੇਰੀ ਸਿੱਖਿਆ ਪ੍ਰਾਪਤੀ ਦਾ ਮੌਕਾ ਮਿਲਿਆ। ਡਾ. ਢਿੱਲੋਂ ਨੇ ਪੀ ਏ ਯੂ ਵਿਖੇ ਬਤੌਰ ਸਹਾਇਕ ਮੱਕੀ ਖੋਜ ਮਾਹਿਰ ਨੌਕਰੀ ਸ਼ੁਰੂ ਕੀਤੀ ਤੇ ਸੀਨੀਅਰ ਮੱਕੀ ਖੋਜ ਮਾਹਿਰ, ਡਾਇਰੈਕਟਰ ਖੋਜ ਅਤੇ ਇੱਥੋਂ ਦੇ ਉਪਕੁਲਪਤੀ ਬਣੇ। ਨਰਮੇ ਦੀ ਬੀਟੀ ਕਿਸਮ ਵੀ ਉਨ੍ਹਾਂ ਸਮੇਂ ਹੀ ਪੀ ਏ ਯੂ ਨੇ ਵਿਕਸਤ ਕੀਤੀ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ੍ਰੀ ਦੇ ਸਨਮਾਨ ਨਾਲ ਸਨਮਾਨਿਤ ਕੀਤਾ।
– ਡਾ. ਰਣਜੀਤ ਸਿੰਘ