ਫਿਰੋਜ਼ਪੁਰ,16 ਅਪ੍ਰੈਲ 2024:
ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਨਵਜੰਮੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਵੱਲੋਂ ਸਪੈਸ਼ਲ ਕੈਂਪਾਂ ਰਾਹੀਂ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ ਵਿਸ਼ਵ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਕਾਰਜਕਾਰੀ ਸਿਵਲ ਸਰਜਨ ਡਾ. ਮੀਨਾਕਸ਼ੀ ਅਬਰੋਲ ਨੇ ਸਾਂਝੀ ਕੀਤੀ।
ਉਨ੍ਹਾਂ ਕਿਹਾ ਕਿ ਇਹ ਮੁਹਿੰਮ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਚਲਾਈ ਜਾ ਰਹੀ ਹੈ। ਇਸ ਸਾਲ ਦੇਸ਼ ਟੀਕਾਕਰਨ ਪ੍ਰੋਗਰਾਮ ਦੀ ਗੋਲਡਨ ਜੁਬਲੀ ਮਨਾ ਰਿਹਾ ਹੈ। ਟੀਕਾਕਰਨ ਦੀ ਬਦੌਲਤ ਕਈ ਬਿਮਾਰੀਆਂ ਤੋਂ ਮੁਕਤੀ ਪਾਈ ਗਈ ਹੈ ਅਤੇ ਕਈ ਬਿਮਾਰੀਆਂ ਤੇ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਟੀਕਾਕਰਨ ਹਫਤੇ ਦੌਰਾਨ ਉਨਾਂ ਬਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਜਾਵੇਗਾ ਜੋ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਸਨ। ਇਸ ਦੌਰਾਨ ਪਰਵਾਸੀ ਅਬਾਦੀ ਅਤੇ ਵਾਂਝੇ ਰਹਿ ਗਏ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾਵੇਗਾ।
ਹੋਰ ਜਾਣਕਾਰੀ ਦਿੰਦਿਆਂ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ ਨੇ ਕਿਹਾ ਕਿ ਟੀਕਾਕਰਨ ਦੀ ਸਫਲਤਾ ਲਈ ਵਿਸ਼ੇਸ਼ ਸੈਸ਼ਨ ਲਾਏ ਜਾਣਗੇ। ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਹੋਣ ਅਤੇ ਕਿਸੇ ਕਾਰਨ ਟੀਕਾਕਰਨ ਤੋ ਵਾਂਝੇ ਰਹਿ ਗਏ ਬੱਚਿਆਂ ਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਜ਼ਰੂਰ ਕਰਵਾਉਣ।
ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਸੰਦੀਪ ਵਾਲੀਆ ਨੇ ਦੱਸਿਆ ਕਿ ਇਸ ਵਿਸ਼ੇਸ ਹਫ਼ਤੇ ਸੰਬਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਸੈਮੀਨਾਰ, ਜਾਗਰੂਕਤਾ ਰੈਲੀ ਅਤੇ ਕੁਇੱਜ਼ ਮੁਕਾਬਲੇ ਕਰਵਾਏ ਜਾ ਰਹੇ ਹਨ।