ਖਪਤਕਾਰ ਵਸਤਾਂ ਦੀ ਵਿਕਰੀ ‘ਤੇ ਚੌਕਸੀ ਰੱਖੀ ਜਾਵੇ – ਖਰਚਾ ਨਿਗਰਾਨ

ਲੁਧਿਆਣਾ, 25 ਮਈ (000) – ਭਾਰਤੀ ਚੋਣ ਕਮਿਸ਼ਨ ਵੱਲੋਂ ਲੁਧਿਆਣਾ ਸੰਸਦੀ ਹਲਕੇ ਲਈ ਤਾਇਨਾਤ ਕੀਤੇ ਗਏ ਖਰਚਾ ਨਿਗਰਾਨ ਪੰਕਜ ਕੁਮਾਰ, ਆਈ.ਆਰ.ਐਸ. ਅਤੇ ਚੇਤਨ ਡੀ. ਕਲਮਕਾਰ, ਆਈ.ਆਰ.ਐਸ. ਨੇ ਸ਼ਨੀਵਾਰ ਨੂੰ ਅਧਿਕਾਰੀਆਂ ਨੂੰ ਕਿਹਾ ਕਿ ਉਹ ਖਪਤਕਾਰ ਵਸਤਾਂ ਸਮੇਤ ਇਲੈਕਟਰੋਨਿਕ ਸਮਾਨ ਦੀ ਵਿਕਰੀ ‘ਤੇ ਵੀ ਸਖ਼ਤ ਨਜ਼ਰ ਰੱਖਣ ਜਿਨ੍ਹਾਂ ਵਿੱਚ ਮੋਬਾਇਲ, ਬਰਤਨ, ਛੱਤ ਵਾਲੇ ਪੱਖੇ, ਕੁੱਕਰ, ਮਿਕਸਰ, ਗਰਾਈਂਡਰ, ਮਸ਼ੀਨਾਂ, ਕੱਪੜੇ ਆਦਿ ਸ਼ਾਮਲ ਹਨ।

ਅਬਜ਼ਰਵਰਾਂ ਨੇ ਸ਼ਨੀਵਾਰ ਨੂੰ ਵੱਖ-ਵੱਖ ਲਾਅ ਇਨਫੋਰਸਮੈਂਟ ਏਜੰਸੀਆਂ ਦੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਸਤਾਂ ਦੀ ਵਰਤੋਂ ਵੋਟਰਾਂ ਨੂੰ ਸਿੱਧੇ ਤੌਰ ‘ਤੇ ਜਾਂ ਕੂਪਨ ਪ੍ਰਣਾਲੀ ਰਾਹੀਂ  ਮੁਫ਼ਤ ਵਿੱਚ ਵੰਡ ਕੀਤੀ ਜਾ ਸਕਦੀ ਹੈ। ਉਨ੍ਹਾਂ ਚੋਣਾਂ ਦੇ ਨਿਰਵਿਘਨ, ਨਿਰਪੱਖ ਅਤੇ ਪਾਰਦਰਸ਼ੀ ਆਯੋਜਨ ਨੂੰ ਯਕੀਨੀ ਬਣਾਉਣ ਲਈ ਏਜੰਸੀਆਂ ਦਰਮਿਆਨ ਬਿਹਤਰ ਤਾਲਮੇਲ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਇਨ੍ਹਾਂ ਸਾਰੀਆਂ ਵਸਤਾਂ ਦੀ ਮੌਜੂਦਾ ਅਤੇ ਪਿਛਲੇ ਮਹੀਨਿਆਂ ਦੀ ਵਿਕਰੀ ਦੇ ਵੇਰਵਿਆਂ ਨੂੰ ਇਕੱਠਾ ਕਰਨ ਲਈ ਵੀ ਕਿਹਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਸੇ ਖਾਸ ਪ੍ਰੋਡਕਟ ਦੀ ਅਚਾਨਕ ਵਿਕਰੀ ਕਿਉਂ ਵਧੀ ਹੈ।

ਅਬਜ਼ਰਵਰਾਂ ਨੇ ਉਨ੍ਹਾਂ ਨੂੰ ਅੰਤਰ-ਰਾਜੀ ਸਰਹੱਦਾਂ, ਚੈਕ ਪੋਸਟਾਂ ਸਥਾਪਤ ਕੀਤੀਆਂ ਜਾਣ ਵਾਲੀਆਂ ਅਜਿਹੀਆਂ ਵਸਤੂਆਂ ਦੀ ਢੋਆ-ਢੁਆਈ ‘ਤੇ ਚੌਕਸੀ ਰੱਖਣ ਲਈ ਵੀ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਅਧਿਕਾਰੀਆਂ ਨੂੰ 43 ਉਮੀਦਵਾਰਾਂ ਦੇ ਰਿਸ਼ਤੇਦਾਰਾਂ ਅਤੇ ਨਜ਼ਦੀਕੀ ਸਾਥੀਆਂ ਦੇ ਬੈਂਕ ਲੈਣ-ਦੇਣ ਦੀ ਜਾਂਚ ਕਰਨੀ ਚਾਹੀਦੀ ਹੈ।

ਇਸ ਤੋਂ ਇਲਾਵਾ, ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਮੁੱਖ ਤੌਰ ‘ਤੇ ਨਸ਼ੇ ਵਜੋਂ ਵਰਤਣ ਵਾਲੀਆਂ  ਦਵਾਈਆਂ ਦੀ ਕੈਮਿਸਟਾਂ ਜਾਂ ਥੋਕ ਵਿਕਰੇਤਾਵਾਂ ਦੀ ਰੋਜਾਨਾ ਵਿਕਰੀ ‘ਤੇ ਵੀ ਨਜ਼ਰ ਰੱਖਣ। ਅਬਜ਼ਰਵਰਾਂ ਨੇ ਚੋਣ ਸਮੇਂ ਦੌਰਾਨ ਸ਼ਰਾਬ ਦੀ ਢੋਆ-ਢੁਆਈ ਦੀ ਮਹੱਤਵਪੂਰਨ ਨਿਗਰਾਨੀ ‘ਤੇ ਵੀ ਚਾਨਣਾ ਪਾਇਆ ਅਤੇ ਸਾਰੀਆਂ ਪ੍ਰਮੁੱਖ ਚੈਕ ਪੋਸਟਾਂ ‘ਤੇ ਅਚਨਚੇਤ ਚੈਕਿੰਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਏਜੰਸੀਆਂ ਨੂੰ ਚੌਕਸ ਰਹਿਣ ਅਤੇ ਲੋੜ ਪੈਣ ‘ਤੇ ਐਸ.ਐਸ.ਟੀ., ਵੀ.ਐਸ.ਟੀ. ਅਤੇ ਐਫ.ਐਸ.ਟੀ. ਦੀ ਵਰਤੋਂ ਕਰਨ ਲਈ ਵੀ ਕਿਹਾ।

ਖਰਚਾ ਅਬਜ਼ਰਵਰਾਂ ਨੇ ਚੋਣ ਸਮੇਂ ਦੌਰਾਨ ਏਜੰਸੀਆਂ ਦੁਆਰਾ ਜ਼ਬਤੀ ਦੌਰਾਨ ਅਪਣਾਈ ਜਾਣ ਵਾਲੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਦਾ ਵੀ ਵੇਰਵਾ ਦਿੱਤਾ। ਉਨ੍ਹਾਂ ਸਾਰੀਆਂ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਖਰਚਾ ਨਿਗਰਾਨ ਸੈੱਲ ਨਾਲ ਤਾਲਮੇਲ ਕਰਕੇ ਕੰਮ ਕਰਨ ਅਤੇ ਸਾਰੀ ਜ਼ਬਤੀ ਬਾਰੇ ਤੁਰੰਤ ਜਾਣਕਾਰੀ ਦੇਣ।

ਅਬਜ਼ਰਵਰਾਂ ਨੇ ਕਮਿਸ਼ਨਰੇਟ ਪੁਲਿਸ, ਲੁਧਿਆਣਾ ਦਿਹਾਤੀ ਪੁਲਿਸ, ਰੇਲਵੇ ਪ੍ਰੋਟੈਕਸ਼ਨ ਫੋਰਸ, ਏਅਰਪੋਰਟ ਅਥਾਰਟੀਜ਼, ਇਨਕਮ ਟੈਕਸ ਵਿਭਾਗ, ਆਬਕਾਰੀ ਵਿਭਾਗ ਅਤੇ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਸਮੇਤ ਵੱਖ-ਵੱਖ ਏਜੰਸੀਆਂ ਦੁਆਰਾ ਕੀਤੀ ਗਈ ਕਾਰਵਾਈ ਬਾਰੇ ਵੀ ਪੁੱਛਗਿੱਛ ਕੀਤੀ।

ਉਨ੍ਹਾਂ ਏਜੰਸੀਆਂ ਨੂੰ ਅਪੀਲ ਕੀਤੀ ਕਿ ਉਹ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਜੋਸ਼ ਅਤੇ ਅਟੁੱਟ ਵਚਨਬੱਧਤਾ ਨਾਲ ਕੰਮ ਕਰਨ ਅਤੇ ਚੋਣ ਪ੍ਰਕਿਰਿਆ ਦੀ ਸਮਾਪਤੀ ਤੱਕ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ।

[wpadcenter_ad id='4448' align='none']