ਜ਼ਿਲ੍ਹੇ ਵਿੱਚ ਮਾਨਸੂਨ ਸੀਜ਼ਨ ਦੌਰਾਨ ਕਰੀਬ 11 ਲੱਖ ਬੂਟੇ ਲਾਉਣ ਦਾ ਟੀਚਾ: ਏ ਡੀ ਸੀ ਵਿਰਾਜ ਐਸ. ਤਿੜਕੇ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਜੁਲਾਈ:

ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਹਰਿਆ-ਭਰਿਆ ਤੇ ਪ੍ਰਦੂਸ਼ਣ ਰਹਿਤ ਬਨਾਉਣ ਦੇ ਟੀਚੇ ਦੀ ਪ੍ਰਾਪਤੀ ਹਿਤ ਬੂਟੇ ਲਾਉਣ ਦੀ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਕੀਤਾ ਜਾ ਰਿਹਾ ਹੈ, ਜਿਸ ਅਧੀਨ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਕਰੀਬ 11 ਲੱਖ ਬੂਟੇ ਲਾਏ ਜਾਣੇ ਹਨ ਤੇ ਲਾਇਆ ਜਾਣਾ ਵਾਲ ਹਰ ਇੱਕ ਬੂਟਾ ਜੀਓ-ਟੈਗ ਕੀਤਾ ਜਾਵੇਗਾ ਤਾਂ ਜੋ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕਦੇ ਕਿ ਬੂਟੇ ਦੀ ਸਾਂਭ-ਸੰਭਾਲ ਹੋ ਸਕੇ।

ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ ਐਸ. ਤਿੜਕੇ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਪਲਾਂਟੇਸ਼ਨ ਮੁਹਿੰਮ ਸਬੰਧੀ ਸੱਦੀ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ।

ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ, ਡਵੀਜ਼ਨਲ ਜੰਗਲਾਤ ਅਫ਼ਸਰ ਕੰਵਰਦੀਪ ਸਿੰਘ, ਐਸ ਡੀ ਐਮ ਗੁਰਮੰਦਰ ਸਿੰਘ ਖਰੜ, ਦੀਪਾਂਕਰ ਗਰਗ ਮੋਹਾਲੀ ਅਤੇ ਹਿਮਾਂਸ਼ੂ ਗੁਪਤਾ ਡੇਰਾਬੱਸੀ ਵੀ ਮੌਜੂਦ ਸਨ।

ਏ ਡੀ ਸੀ ਤਿੜਕੇ ਨੇ ਵਿਭਾਗਾਂ ਦੇ ਜ਼ਿਲ੍ਹਾ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਆਪੋ-ਆਪਣੇ ਵਿਭਾਗਾਂ ਵੱਲੋਂ ਲਾਏ ਜਾਣ ਵਾਲੇ ਬੂਟਿਆਂ ਦੀ ਮੰਗ ਸਬੰਧੀ ਪੱਤਰ ਮੰਡਲ ਜੰਗਲਾਤ ਅਫ਼ਸਰ ਦੇ ਦਫ਼ਤਰ ਨੂੰ ਭੇਜਣੇ ਯਕੀਨੀ ਬਣਾਉਣ ਤੇ ਨਾਲ ਹੀ ਅੱਜ ਸ਼ਾਮ ਤੱਕ ਇਸ ਸਬੰਧੀ ਜਾਣਕਾਰੀ ਗੂਗਲਸ਼ੀਟ ਵਿੱਚ ਵੀ ਅਪਡੇਟ ਕੀਤੀ ਜਾਵੇ। ਜਿਸ ਵੀ ਵਿਭਾਗ ਵੱਲੋਂ ਜ਼ਿਲ੍ਹੇ ਦੇ ਜਿਹੜੇ ਵੀ ਖੇਤਰ ਵਿੱਚ ਬੂਟੇ ਲਾਏ ਜਾਣੇ ਹਨ, ਉਸ ਵਿਭਾਗ ਨੂੰ ਜੰਗਲਾਤ ਵਿਭਾਗ ਦੀਆਂ ਜ਼ਿਲ੍ਹੇ ਵਿਚਲੀਆਂ 12 ਨਰਸਰੀਆਂ ਵਿੱਚੋਂ ਨੇੜੇ ਪੈਂਦੀ ਨਰਸਰੀ ਤੋਂ ਬੂਟੇ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ. ਦਮਨਜੀਤ ਸਿੰਘ ਮਾਨ ਜ਼ਿਲ੍ਹੇ ਵਿਚਲੀ ਇਸ ਮੁਹਿੰਮ ਦੇ ਨੋਡਲ ਅਫ਼ਸਰ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੇਂਡੂ ਖੇਤਰਾਂ ’ਚ ਮੁਹਿੰਮ ਦਾ ਨੋਡਲ ਵਿਭਾਗ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ (ਏ ਡੀ ਸੀ ਵਿਕਾਸ) ਹੋਣਗੇ ਜਦਕਿ ਪੰਜਾਬ ਮਿਊਂਸਪਲ ਇੰਨਫ੍ਰਾਸਟ੍ਰਕਚਰ ਡਿਵੈਲਪਮੈਂਟ ਕੰਪਨੀ (ਸਥਾਨਕ ਸਰਕਾਰਾਂ) ਸ਼ਹਿਰੀ ਖੇਤਰਾਂ ’ਚ ਨੋਡਲ ਵਿਭਾਗ ਹੋਣਗੇ।

ਇਸ ਮੌਕੇ ਏ ਡੀ ਸੀ ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਲਾਏ ਜਾਣ ਵਾਲੇ ਹਰ ਇੱਕ ਬੂਟੇ ਨੂੰ ਜੀਓ-ਟੈਗ ਕਰ ਕੇ ਉਸ ਸਬੰਧੀ ਰਿਪੋਰਟ ਰੋਜ਼ਾਨਾ ਪੱਧਰ ’ਤੇ ਗੂਗਲਸ਼ੀਟ ਵਿੱਚ ਅਪਡੇਟ ਕੀਤੀ ਜਾਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਇਸ ਪਲਾਂਟੇਸ਼ਨ ਮੁਹਿੰਮ ਦਾ ਮੁੱਖ ਸਕੱਤਰ ਪੰਜਾਬ, ਸ੍ਰੀ ਅਨੁਰਾਗ ਵਰਮਾ ਵੱਲੋਂ ਹਫ਼ਤਾਵਾਰੀ ਰੀਵਿਊ ਵੀ ਕੀਤਾ ਜਾਵੇਗਾ। ਇਸ ਲਈ ਹਰ ਵਿਭਾਗ ਇਸ ਮੁਹਿੰਮ ਸਬੰਧੀ ਆਪਣੇ ਵੱਲੋਂ ਇੱਕ ਨੋਡਲ ਅਫ਼ਸਰ ਨਿਯੁਕਤ ਕਰੇ ਤੇ ਬੂਟੇ ਲਾਉਣ ਸਬੰਧੀ ਜਗ੍ਹਾ ਦੀ ਸ਼ਨਾਖ਼ਤ ਕੀਤੀ ਜਾਵੇ, ਜਿਨ੍ਹਾਂ ਵਿੱਚ ਪੰਚਾਇਤੀ ਜ਼ਮੀਨਾਂ, ਪੁਲੀਸ ਥਾਣੇ ਤੇ ਚੌਕੀਆਂ, ਸਕੂਲਾਂ, ਦਫ਼ਤਰਾਂ, ਸੜਕਾਂ ਦੇ ਕਿਨਾਰੇ, ਪੈਟਰੋਲ ਪੰਪ ਤੇ ਹੋਰ ਢੁਕਵੀਆਂ ਥਾਵਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਸ ਪੰਚਾਇਤੀ ਥਾਂ ’ਤੇ ਵੀ ਬੂਟੇ ਲੱਗਣਗੇ, ਉਹ ਥਾਂ ਪੰਚਾਇਤ ਦੀ ਹੀ ਰਹੇਗੀ।

ਉਨ੍ਹਾਂ ਅੱਗੇ ਕਿਹਾ ਕਿ ਵੱਖੋ-ਵੱਖ ਸਕੀਮਾਂ ਤਹਿਤ ਵੱਖੋ-ਵੱਖ ਵਿਭਾਗ ਬੂਟੇ ਲਾਉਂਦੇ ਹਨ, ਇਸ ਮੁਹਿੰਮ ਤਹਿਤ ਇਨ੍ਹਾਂ ਸਕੀਮਾਂ ਦੀ ਕਨਵਰਜੈਂਸ ਦੇ ਅਧਾਰ ’ਤੇ ਵੀ ਬੂਟੇ ਲਾਏ ਜਾਣ ਤੇ ਮੁਹਿੰਮ ਵਿੱਚ ਐਨ.ਜੀ.ਓਜ਼ ਨੂੰ ਨਾਲ ਲੈ ਕੇ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਹੁਤੀ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਐਨ.ਜੀ.ਓਜ਼ ਬੂਟੇ ਲਾਉਣ ਨੂੰ ਤਿਆਰ ਹੁੰਦੀਆਂ ਹਨ ਪਰ ਉਨ੍ਹਾਂ ਨੂੰ ਢੁੱਕਵੀਂ ਥਾਂ ਨਹੀਂ ਮਿਲਦੀ। ਇਸ ਮੁਹਿੰਮ ਤਹਿਤ ਵੱਖੋ-ਵੱਖਰੇ ਵਿਭਾਗ ਬੂਟੇ ਲਾਉਣ ਲਈ ਥਾਂ ਐਨ.ਜੀ.ਓਜ਼ ਨੂੰ ਮੁਹੱਈਆ ਕਰਵਾ ਸਕਦੇ ਹਨ। ਇਸ ਮੰਤਵ ਲਈ ਐਨ ਜੀ ਓਜ਼ ਨਾਲ ਤਾਲਮੇਲ ਦੀ ਜ਼ਿੰਮੇਂਵਾਰੀ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਨੂੰ ਸੌਂਪੀ ਗਈ।

ਡਵੀਜ਼ਨਲ ਜੰਗਲਾਤ ਅਫ਼ਸਰ ਕੰਵਰਦੀਪ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਕੇਵਲ ਬੂਟੇ ਲਾਉਣਾ ਨਹੀਂ ਹੈ, ਸਗੋਂ ਬੂਟਿਆਂ ਨੂੰ ਪਾਲਣਾ ਵੀ ਹੈ, ਇਸ ਲਈ ਪਹਿਲਾਂ ਤੋਂ ਹੀ (ਇੱਕ ਹਫ਼ਤੇ ਤੋਂ 10 ਦਿਨ ਪਹਿਲਾਂ) ਪੌਦੇ ਲਾਉਣ ਲਈ ਟੋਏ ਤਿਆਰ ਕਰ ਲਏ ਜਾਣ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਵਿਆਪਕ ਪਸਾਰ ਲਈ ਵੱਧ ਤੋਂ ਵੱਧ ਲੋਕਾਂ ਨੂੰ ਬੂਟੇ ਲਾਉਣ ਤੇ ਉਨ੍ਹਾਂ ਦੀ ਸੰਭਾਲ ਬਾਬਤ ਜਾਗਰੂਕ ਕੀਤਾ ਜਾਵੇ ਤਾਂ ਜੋ ਇਹ ਮੁਹਿੰਮ ਸਫ਼ਲ ਹੋਵੇ ਤੇ ਜ਼ਿਲ੍ਹਾ ਐੱਸ.ਏ.ਐੱਸ ਨਗਰ ਪੰਜਾਬ ਦੇ ਵਾਤਾਵਰਨ ਦੀ ਸੰਭਾਲ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾ ਸਕੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸਹਾਇਕ ਕਮਿਸ਼ਨਰ ਹਰਮਿੰਦਰ ਸਿੰਘ ਹੁੰਦਲ, ਡੀ ਡੀ ਪੀ ਓ ਬਲਜਿੰਦਰ ਸਿੰਘ ਗਰੇਵਾਲ, ਈ ਓ ਨਗਰ ਕੌਂਸਲ, ਨਗਰ ਨਿਗਮ ਵੱਲੋਂ ਕਾਰਜਕਾਰੀ ਇੰਜੀਨੀਅਰ ਕਮਲਦੀਪ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

[wpadcenter_ad id='4448' align='none']