ਕਣਕ ਦੀ ਖ਼ਰੀਦ ਦੇ ਆਗਾਜ਼ ਤੋਂ ਪਹਿਲਾਂ 1864 ਮੰਡੀਆਂ ਤੇ ਖ਼ਰੀਦ ਕੇਂਦਰਾਂ ’ਚ ਕੀਤੇ ਗਏ ਪੁਖ਼ਤਾ ਪ੍ਰਬੰਧ
ਚੰਡੀਗੜ੍ਹ- ਪਹਿਲੀ ਅਪ੍ਰੈਲ ਤੋਂ ਸੂਬੇ ਭਰ ਵਿਚ ਹੋਣ ਵਾਲੀ ਕਣਕ ਦੀ ਖ਼ਰੀਦ ਲਈ ਸਰਕਾਰ ਪੂਰੀ ਤਰ੍ਹਾਂ ਨਾਲ ਤਿਆਰ ਹੈ। ਪੰਜਾਬ ਸਰਕਾਰ ਦੇ ਖ਼ੁਰਾਕ ਵੰਡ ਤੇ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਨੇ ਕਿਹਾ ਕਿ ਮੰਡੀਆਂ ਵਿਚ ਸਾਰੇ ਪ੍ਰਬੰਧ ਪੂਰੇ ਹੋ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਕਣਕ ਦੀ ਖ਼ਰੀਦ ਲਈ ਪੂਰੀ ਤਰ੍ਹਾਂ ਤਿਆਰ ਹੈ। ਹੁਣ ਸਿਰਫ਼ ਕਿਸਾਨਾਂ ਦੇ ਆਉਣ ਦਾ ਇੰਤਜ਼ਾਰ ਹੈ। ਕਣਕ ਦੀ ਖ਼ਰਦੀ ਲਈ 28 ਹਜ਼ਾਰ ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਦਾ ਪੁਖ਼ਤਾ ਪ੍ਰਬੰਧ ਕਰ ਲਿਆ ਗਿਆ ਹੈ। ਕਿਸਾਨਾਂ ਨੂੰ ਇਸ ਵਾਰ ਫ਼ਸਲ ਦੇ ਪੈਸੇ ਮਿਲਣ ਵਿਚ ਕੋਈ ਦਿੱਕਤ ਨਹੀਂ ਹੋਵੇਗੀ। ਫ਼ਸਲ ਦੀ ਪੂਰੀ ਕੀਮਤ 24 ਘੰਟੇ ਦੇ ਅੰਦਰ, ਐੱਮਐੱਸਪੀ ਦੇ ਮੁਤਾਬਕ ਖਾਤਿਆਂ ਵਿਚ ਪਹੁੰਚ ਜਾਵੇਗੀ।
Read Also- ਮਨਜਿੰਦਰ ਸਿੰਘ ਬੇਦੀ ਨੂੰ ਕੀਤਾ ਗਿਆ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਵਜੋਂ ਨਿਯੁਕਤ
ਇਸ ਤੋਂ ਇਲਾਵਾ ਬਿਨਾਂ ਰੁਕਾਵਟ ਬਿਜਲੀ ਸਪਲਾਈ ਲਈ ਬਿਜਲੀ ਬੋਰਡ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਲਈ DGP ਪੰਜਾਬ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਸਾਰੇ ਡਿਪਟੀ ਕਮਿਸ਼ਨਰਾਂ ਨੂੰ ਵੀ ਇਸ ਨਾਲ ਸਬੰਧਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਤਾਂ ਕਿ ਖ਼ਰੀਦ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਮੰਡੀਆਂ ਵਿਚ ਚੰਗੇ ਪ੍ਰਬੰਧ ਯਕੀਨੀ ਬਣਾਉਣ ਲਈ ਮੈਂ ਲਗਾਤਾਰ ਮੰਤਰੀ ਦੇ ਤੌਰ ’ਤੇ ਵੱਖ-ਵੱਖ ਮੰਡੀਆਂ ਦਾ ਦੌਰਾ ਕਰ ਰਿਹਾ ਹਾਂ ਅਤੇ ਸਬੰਧਤ ਅਫਸਰਾਂ ਨਾਲ ਮੀਟਿੰਗ ਕਰ ਕੇ ਪ੍ਰਬੰਧਾਂ ਦਾ ਜਾਇਜ਼ਾ ਲੈ ਰਿਹਾ ਹਾਂ। ਕਿਸਾਨ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ ਅਤੇ ਇੱਥੋਂ ਦੇ ਅਰਥਚਾਰੇ ਅਤੇ ਪਿੰਡ ਦਾ ਵਿਕਾਸ ਖੇਤੀ ’ਤੇ ਅਧਾਰਤ ਹੈ ਇਸ ਲਈ ਇਸ ਵਾਰ ਅਸੀਂ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨ ਦੇਵਾਂਗੇ।
ਕਟਾਰੂਚੱਕ ਨੇ ਕਿਹਾ ਕਿ ਸਾਰੀਆਂ ਮੰਡੀਆਂ ਵਿਚ ਹਰ ਜਗ੍ਹਾ ਠੀਕ ਮਾਤਰਾ ਵਿਚ ਬਾਰਦਾਨਾ ਪਹੁੰਚਾ ਦਿੱਤਾ ਗਿਆ ਹੈ। ਸਾਰੀਆਂ 1,864 ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿਚ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਾ ਹੋਵੇ। ਮੰਡੀਆਂ ਵਿਚ ਪਾਣੀ ਤੋਂ ਲੈ ਕੇ ਮੈਡੀਕਲ ਟ੍ਰੀਟਮੈਂਟ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ। ਲਗਪਗ 700 ਕੱਚੀਆਂ ਮੰਡੀਆਂ ਜਿਨ੍ਹਾਂ ਨੂੰ ਆਰਜ਼ੀ ਮੰਡੀਆਂ ਕਿਹਾ ਜਾਂਦਾ ਹੈ, ਉਨ੍ਹਾਂ ਨੂੰ ਵੀ ਤਿਆਰ ਕਰ ਲਿਆ ਗਿਆ ਹੈ ਤਾਂ ਕਿ ਲੋੜ ਪੈਣ ’ਤੇ ਉਨ੍ਹਾਂ ਦਾ ਇਸਤੇਮਾਲ ਕੀਤਾ ਜਾ ਸਕੇ। ਖ਼ਰੀਦ ਪ੍ਰਕਿਰਿਆ ਨਾਲ ਸਬੰਧਤ ਸਾਰੇ ਵਿਭਾਗਾਂ ਨੂੰ ਸਰਕਾਰ ਵੱਲੋਂ ਸਖ਼ਤ ਆਦੇਸ਼ ਜਾਰੀ ਕੀਤੇ ਗਏ।