Alexei Navalny Death
ਪੁਤਿਨ ਦੇ ਵਿਰੋਧੀ ਤੇ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵਲਨੀ ਦੀ ਮੌਤ ਤੋਂ ਬਾਅਦ ਅਮਰੀਕੀ ਸਰਕਾਰ ਰੂਸ ’ਤੇ ਭੜਕਿਆ ਹੋਇਆ ਹੈ। ਨਵਲਨੀ ਦੀ ਮੌਤ ਤੋਂ ਬਾਅਦ ਪੱਛਮੀ ਦੇਸ਼ਾਂ ਦੇ ਨੇਤਾਵਾਂ ਨੇ ਪੁਤਿਨ ਨੂੰ ਕਾਤਲ ਕਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਵਲਨੀ ਦੀ ਮੌਤ ਲਈ ਪੁਤਿਨ ਜ਼ਿੰਮੇਵਾਰ ਹੈ। ਹਾਲਾਂਕਿ ਪੁਤਿਨ ਨੇ ਨਵਲਨੀ ਦੀ ਮੌਤ ‘ਤੇ ਕੋਈ ਜਨਤਕ ਟਿੱਪਣੀ ਨਹੀਂ ਕੀਤੀ ਹੈ। ਇਸ ਦੌਰਾਨ ਰਾਸ਼ਟਰਪਤੀ ਜੋਅ ਬਾਈਡਨ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵਲਨੀ ਦੀ ਮੌਤ ਤੇ ਦੋ ਸਾਲ ਪੁਰਾਣੇ ਯੂਕਰੇਨ ਯੁੱਧ ਨੂੰ ਲੈ ਕੇ ਸ਼ੁੱਕਰਵਾਰ ਨੂੰ ਰੂਸ ਦੇ ਖਿਲਾਫ਼ ਪਾਬੰਦੀਆਂ ਦੇ ਵੱਡੇ ਪੈਕੇਜ ਦਾ ਐਲਾਨ ਕਰੇਗਾ।
ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਕਿਹਾ ਕਿ ਰੂਸ ‘ਤੇ ਤਾਜ਼ਾ ਪਾਬੰਦੀਆਂ ਦੇਸ਼ ਦੇ ਰੱਖਿਆ ਅਤੇ ਉਦਯੋਗਿਕ ਅਧਾਰਾਂ ਦੇ ਨਾਲ-ਨਾਲ ਆਰਥਿਕਤਾ ਦੇ ਮਾਲੀਏ ਦੇ ਸਰੋਤਾਂ ਸਮੇਤ ਕਈ ਵਸਤੂਆਂ ਨੂੰ ਨਿਸ਼ਾਨਾ ਬਣਾਉਣਗੀਆਂ।
‘ਇਹ ਪੈਕੇਜ ਰੂਸ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਹੈ’
ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਬੁਲਾਰੇ ਜੌਨ ਕਿਰਬੀ ਨੇ ਕਿਹਾ ਕਿ ਇਹ ਪੈਕੇਜ ਨਵਲਨੀ ਨਾਲ ਜੋ ਕੁਝ ਹੋਇਆ ਉਸ ਲਈ ਰੂਸ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ। ਪੈਕੇਜ ਵਿੱਚ ਯੂਕਰੇਨ ਨਾਲ ਜੰਗ ਦੌਰਾਨ ਰੂਸੀ ਕਾਰਵਾਈਆਂ ਲਈ ਮਾਸਕੋ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
ਅਮਰੀਕਾ ਪਹਿਲਾਂ ਹੀ ਬਣਾ ਰਿਹਾ ਸੀ ਰੂਸ ‘ਤੇ ਪਾਬੰਦੀਆਂ ਦੀ ਯੋਜਨਾ
ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਯੂਕਰੇਨ ਯੁੱਧ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ ‘ਤੇ ਰੂਸ ‘ਤੇ ਪਾਬੰਦੀਆਂ ਦੇ ਪੈਕੇਜ ਦੀ ਪਹਿਲਾਂ ਹੀ ਯੋਜਨਾ ਬਣਾਈ ਜਾ ਰਹੀ ਸੀ ਪਰ ਹੁਣ ਨਵਲਨੀ ਦੀ ਮੌਤ ਤੋਂ ਬਾਅਦ ਇਸ ‘ਤੇ ਮੁੜ ਵਿਚਾਰ ਕੀਤਾ ਜਾਵੇਗਾ।
Alexei Navalny Death