ਵਿੱਤ ਮੰਤਰੀ ਕਰਨਗੇ ਅੱਜ ਪੰਜਾਬ ਦਾ ਵਹੀ ਖਾਤਾ ਪੇਸ਼, ਬਜਟ ਸੈਸ਼ਨ ਚ ਵੱਡੇ ਐਲਾਨ ਹੋਣ ਦਾ ਅਨੁਮਾਨ

ਵਿੱਤ ਮੰਤਰੀ ਕਰਨਗੇ ਅੱਜ ਪੰਜਾਬ ਦਾ ਵਹੀ ਖਾਤਾ ਪੇਸ਼, ਬਜਟ ਸੈਸ਼ਨ ਚ ਵੱਡੇ ਐਲਾਨ ਹੋਣ ਦਾ ਅਨੁਮਾਨ

ਚੰਡੀਗੜ੍ਹ- ਪੰਜਾਬ ਵਿੱਚ ਆਪ ਦੀ ਸਰਕਾਰ ਨੂੰ ਬਣਿਆ ਕਰੀਬ ਤਿੰਨ ਸਾਲ ਪੂਰੇ ਹੋ ਚੁੱਕੇ ਹਨ। ਚੋਣਾਂ ਦੌਰਾਨ ਸਰਕਾਰ ਵੱਲੋਂ ਬਹੁਤ ਸਾਰੇ ਵਾਅਦੇ ਕੀਤੇ ਗਏ ਸਨ ਜੋ ਕਿ ਅਜੇ ਤੱਕ ਪੂਰੇ ਹੁੰਦੇ ਨਜ਼ਰ ਨਹੀਂ ਆ ਰਹੇ। ਅੱਜ ਦੇ ਬਜਟ ਇਜਲਾਸ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਵਿੱਤ ਮੰਤਰੀ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੇ ਸਬੰਧ ਵਿੱਚ ਵੀ ਵੱਡੇ ਐਲਾਨ ਕਰ ਸਕਦੇ ਹਨ। ਦੇਖਣਯੋਗ ਹੈ ਕਿ ਅਜਿਹਾ ਹੁੰਦਾ ਹੈ ਜਾਂ ਨਹੀਂ।

ਦੱਸ ਦਈਏ ਕਿ ਸਰਕਾਰ ਨੇ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਮ ਲੋਕਾਂ ਦੀ ਸਰਕਾਰ ਆਖਿਆ ਸੀ। ਆਪ ਸਰਕਾਰ ਭਾਰੀ ਬਹੁਮਤ ਨਾਲ ਸੱਤਾ ਤੇ ਕਾਬਜ਼ ਹੋਈ ਸੀ। ਪਰ ਜਿਸ ਉਮੀਦ ਨਾਲ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾਈਆਂ ਸਨ ਉਹ ਉਨ੍ਹਾਂ ਤੇ ਖ਼ਰੇ ਉਤਰਦੇ ਨਜ਼ਰ ਨਹੀਂ ਆ ਰਹੇ।

image-750x-2025-03-20-10_32_41pm-67dc4a3116d8f

Read Also- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 26 ਮਾਰਚ 2025

ਅੱਜ ਵਿੱਤ ਮੰਤਰੀ ਪੰਜਾਬ ਵਿੱਤੀ ਸਾਲ 2025-26 ਲਈ ਆਪਣਾ ਚੌਥਾ ਬਜਟ ਪੇਸ਼ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਤੇ ਕਰੀਬ ਸਵੇਰੇ ਸਾਢੇ ਨੌਂ ਵਜੇ ਕੈਬਨਿਟ ਮੀਟਿੰਗ ਸੱਦੀ ਗਈ ਜਿਸ ਵਿੱਚ ਬਜਟ ਦੇ ਅਹਿਮ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਲਗਭਗ 2.15 ਲੱਖ ਕਰੋੜ ਦਾ ਬਜਟ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਇਹ ਪਿਛਲੇ ਸਾਲ ਨਾਲੋਂ ਕਰੀਬ ਪੰਜ ਫ਼ੀਸਦੀ ਵੱਧ ਹੈ। ਦੇਖਣਾ ਇਹ ਹੋਵੇਗਾ ਕਿ ਬਜਟ ਵਿੱਚ ਆਮ ਜਨਤਾ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿੰਨੀ ਰਾਸ਼ੀ ਰੱਖੀ ਜਾਵੇਗੀ।

ਸਰਕਾਰ ਬਣਨ ਤੋਂ ਪਹਿਲਾਂ ਮਾਨ ਸਰਕਾਰ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਰ ਇਹ ਗਾਰੰਟੀ ਵੀ ਅਜੇ ਤੱਕ ਪੂਰੀ ਨਹੀਂ ਹੋਈ। ਅੱਜ ਦੇ ਇਸ ਬਜਟ ਸੈਸ਼ਨ ਦੌਰਾਨ ਇਸ ਗਾਰੰਟੀ ਨੂੰ ਪੂਰਾ ਕਰਨ ਲਈ ਸਰਕਾਰ ਕੀ ਕਦਮ ਚੁੱਕਦੀ ਹੈ ਇਸ ਤੇ ਸਭ ਦੀ ਨਜ਼ਰ ਟਿਕੀ ਹੋਈ ਹੈ।

ਸਰਕਾਰ ਦਾ ਕਹਿਣਾ ਸੀ ਕਿ ਉਹ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਬਣਾ ਦੇਵੇਗੀ ਪਰ ਪਿਛਲੇ ਕੁਝ ਸਮੇਂ ਤੋਂ ਇਹ ਦੇਖਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਤੇ ਠੱਲ੍ਹ ਪੈਣ ਦਾ ਨਾਂਅ ਨਹੀਂ ਲੈ ਰਹੀ। ਪੁਲਿਸ ਪ੍ਰਸ਼ਾਸਨ ਦੇ ਯਤਨਾਂ ਦੇ ਬਾਵਜੂਦ ਵੀ ਪੰਜਾਬ ਦੀ ਨੌਜਵਾਨੀ ਅਜੇ ਵੀ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਗ੍ਰਸਤ ਹੈ। ਇਹ ਵੀ ਇੱਕ ਅਹਿਮ ਮੁੱਦਾ ਹੈ ਜੋ ਪੰਜਾਬ ਨੂੰ ਘੁਣ ਵਾਂਗ ਖਾ ਰਿਹਾ ਹੈ। ਸਰਕਾਰ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਦੀ ਸਥਾਪਨਾ ਲਈ ਕੀ ਕੁਝ ਕੀਤਾ ਜਾਵੇਗਾ ਇਹ ਵੀ ਬਜਟ ਆਉਣ ਤੋਂ ਬਾਅਦ ਹੀ ਸਾਬਤ ਹੋਵੇਗਾ।

ਸਰਕਾਰ ਸੂਬੇ ਵਿੱਚ ਸਿੱਖਿਆ ਨੂੰ ਪ੍ਰਫੁਲਿਤ ਕਰਨ ਉੱਤੇ ਜ਼ੋਰ ਦੇ ਰਹੀ ਹੈ। ਇਸ ਲਈ ਬਜਟ ਦੇ ਮੁੱਖ ਮੁੱਦੇ ਨਸ਼ਾ ਮੁਕਤ ਪੰਜਾਬ, ਸਿੱਖਿਆ, ਸਿਹਤ ਅਤੇ ਉਦਯੋਗਿਕ ਨਿਵੇਸ਼ ਹੀ ਹਨ। ਸਰਕਾਰ ਨੌਜਵਾਨਾਂ ਲਈ ਬਜਟ ਵਿੱਚ ਰੁਜ਼ਗਾਰ ਸਬੰਧੀ ਕੀ ਨਿਰਣਾ ਲੈਂਦੀ ਹੈ ਇਸ ਤੇ ਵੀ ਸੂਬੇ ਦੇ ਲੋਕਾਂ ਦਾ ਧਿਆਨ ਕੇਂਦਰਿਤ ਹੈ।