ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪ੍ਰਦਰਸ਼ਨੀਆਂ ਜਾਰੀ

ਬਠਿੰਡਾ, 6 ਜੂਨ-  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਦੁਆਰਾ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸਾਹਿਤ ਕਰਨ ਸਬੰਧੀ ਚਲਾਈ ਜਾ ਰਹੀ ਮੁਹਿੰਮ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਵੱਖ-ਵੱਖ ਪਿੰਡ ਮਾਨਸਾ ਖੁਰਦ, ਕਿਲੀ ਨਿਹਾਲ ਸਿੰਘ, ਤਿਉਣਾ, ਕੋਟ ਫੱਤਾ ਵਿੱਚ ਪ੍ਰਦਰਸ਼ਨੀ ਪਲਾਂਟ ਲਗਵਾਏ ਜਾ ਰਹੇ ਹਨ। ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

          ਡਿਪਟੀ ਡਾਇਰੈਕਟਰ (ਟ੍ਰੇਨਿੰਗ) ਡਾ.ਗੁਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਲੱਗਭਗ 25% ਪਾਣੀ ਦੀ ਬੱਚਤ ਹੁੰਦੀ ਹੈ ਅਤੇ ਇੱਕ ਤਿਹਾਈ ਲੇਬਰ ਦਾ ਖਰਚਾ ਘੱਟ ਆਉਂਦਾ ਹੈ ਅਤੇ ਝੋਨਾ ਕੱਟਣ ਤੋਂ ਬਾਅਦ ਬੀਜੀ ਫ਼ਸਲ ਕਣਕ ਦੇ ਝਾੜ ਵਿੱਚ 1 ਕੁਇੰਟਲ ਤੱਕ ਦਾ ਵਾਧਾ ਹੁੰਦਾ ਹੈ ਅਤੇ ਹੱਥੀ ਲਵਾਏ ਝੋਨੇ ਦੇ ਮੁਕਾਬਲੇ ਝਾੜ ਵਿੱਚ ਕੋਈ ਅੰਤਰ ਨਹੀਂ ਰਹਿੰਦਾ। ਉਨ੍ਹਾਂ ਦੱਸਿਆ ਕਿ ਪਰਮਲ ਝੋਨੇ ਦੀ ਕਿਸਮਾਂ ਦੀ ਬਿਜਾਈ ਲਈ ਜੂਨ ਦਾ ਪਹਿਲਾ ਪੰਦਰਵਾੜਾ ਅਤੇ ਬਾਸਮਤੀ ਕਿਸਮਾਂ ਲਈ ਜੂਨ ਦਾ ਦੂਜਾ ਪੰਦਰਵਾੜਾ ਢੁਕਵਾਂ ਸਮਾਂ ਹੈ।

            ਡਾ.ਗੁਰਮੀਤ ਸਿੰਘ ਢਿੱਲੋਂ ਪ੍ਰੋਫੈਸਰ ਪਸਾਰ ਸਿੱਖਿਆ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ ਕਿਸਮਾਂ ਦੀ ਹੀ ਸਿੱਧੀ ਬਿਜਾਈ ਕਰਨ ਤਾਂ ਜੋ ਪਾਣੀ ਦੀ ਬੱਚਤ ਕੀਤੀ ਜਾ ਸਕੇ।ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਘੱਟ ਸਮੇਂ ਵਿੱਚ ਪੱਕਣ ਵਾਲੀਆ ਕਿਸਮਾਂ ਦੇ ਬੀਜ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੀ ਦੁਕਾਨ ਤੇ ਉਪਲੱਬਧ ਹਨ।

          ਇਸ ਮੌਕੇ ਡਾ.ਤੇਜਵੀਰ ਸਿੰਘ ਬੁੱਟਰ ਨੇ ਕਿਸਾਨਾਂ ਦੇ ਮੁਖਾਤਿਬ ਹੁੰਦਿਆਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਤੋਂ ਪਹਿਲਾ ਖੇਤ ਵਿੱਚ ਕੰਪਿਊਟਰ ਕਰਾਹਾ ਲਾ ਕੇ ਪੱਧਰ ਕਰ ਲੈਣਾ ਚਾਹੀਦਾ ਹੈ ਤਾਂ ਜੋ ਬਿਜਾਈ ਇੱਕਸਾਰ ਹੋ ਸਕੇ ਅਤੇ ਨਦੀਨਾਂ ਦੀ ਸਮੱਸਿਆ ਘੱਟ ਆਵੇ। ਉਨ੍ਹਾਂ ਨੇ ਸਿੱਧੀ ਬਿਜਾਈ ਵਿੱਚ ਆਉਣ ਵਾਲੇ ਤੱਤਾਂ ਦੀ ਘਾਟ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ ਸਬੰਧੀ ਆਪਣੇ ਸੁਝਾਅ ਸਾਂਝੇ ਕੀਤੇ।

          ਡਾ.ਵਿਨੈ ਸਿੰਘ ਨੇ ਝੋਨੇ ਦੀ ਫ਼ਸਲ ਦੇ ਕੀੜੇ-ਮਕੌੜਿਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਖੇਤੀਬਾੜੀ  ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾ ਮੁਤਾਬਿਕ ਹੀ ਕੀਟਨਾਸ਼ਕਾਂ ਦੀ ਵਰਤੋਂ ਕਰਨ।

[wpadcenter_ad id='4448' align='none']