ਬੇਲੋੜੇ ਖੇਤੀ ਖਰਚੇ ਘਟਾ ਕੇ ਤੇ ਪੈਦਾਵਾਰ ਵਧਾ ਕੇ ਕਿਸਾਨ ਕਮਾ ਸਕਦੇ ਹਨ ਵਧ ਮੁਨਾਫਾ-ਵਧੀਕ ਡਿਪਟੀ ਕਮਿਸ਼ਨਰ

ਫਾਜ਼ਿਲਕਾ 7 ਜੂਨ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਾਜ਼ਿਲਕਾ ਵੱਲੋਂ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਸਬੰਧੀ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਦੇ ਉਦਘਾਟਨ ਮੌਕੇ ਵਿਸ਼ੇਸ਼ ਤੌਰ *ਤੇ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਰਿੰਦਰ ਸਿੰਘ ਮਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਵੀਰਾਂ ਨੂੰ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਰੋਕਣ, ਪਾਣੀ ਬਚਾਉਣ ਅਤੇ ਆਪਣੀ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਖੇਤੀਬਾੜੀ ਮਾਹਰਾਂ ਦੀ ਸਲਾਹਾ ਅਨੁਸਾਰ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੈਂਪਾਂ ਰਾਹੀਂ ਖੇਤੀਬਾੜੀ ਮਾਹਰਾਂ ਤੋਂ ਤਕਨੀਕੀ ਗਿਆਨ ਹਾਸਲ ਕਰਕੇ ਕਿਸਾਨ ਵੀਰ ਬੇਲੋੜੇ ਖੇਤੀ ਖਰਚੇ ਘਟਾ ਕੇ ਅਤੇ ਪੈਦਾਵਾਰ ਵਧਾ ਕੇ ਵਧ ਮੁਨਾਫਾ ਕਮਾ ਸਕਦੇ ਹਨ।

ਵਧੀਕ ਡਿਪਟੀ ਕਮਿਸ਼ਨਰ ਨੇ ਹਾਜ਼ਰੀਨ ਕਿਸਾਨਾਂ ਨੂੰ ਖੇਤੀ ਕਰਨ ਦੇ ਨਾਲ-ਨਾਲ ਸਹਾਇਕ ਧੰਦੇ ਜਿਵੇਂ ਕਿ ਪਸ਼ੂਪਾਲਣ, ਮੱਛੀਪਾਲਣ ਤੇ ਡੇਅਰੀ ਫਾਰਮਿੰਗ ਆਦਿ ਹੋਰ ਧੰਦੇ ਅਪਣਾਉਣ ਬਾਰੇ ਜਾਗਰੂਕ ਕੀਤਾ। ਇਸ ਦੇ ਨਾਲ-ਨਾਲ ਉਨ੍ਹਾਂ ਕਣਕ ਅਤੇ ਝੋਨੇ ਦੀ ਪਰਾਲੀ ਤੇ ਰਹਿੰਦ-ਖੂਹੰਦ ਨੂੰ ਅੱਗ ਲਗਾਉਣ ਦੀ ਬਜਾਏ ਇਸ ਨੂੰ ਵਰਤੋਂ ਵਿੱਚ ਲਿਆਉਣ ਦੇ ਢੁਕਵੇਂ ਤਰੀਕਿਆਂ ਬਾਰੇ ਵੀ ਕਿਸਾਨਾਂ ਨੂੰ ਜਾਣੂੰ ਕਰਵਾਇਆ।  ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜਨ ਨਾਲ ਵਾਤਾਵਰਣ ਦੀ ਸੁੱਧਤਾ ਵਿੱਚ ਬੁਰਾ ਅਸਰ ਪੈਂਦਾ ਹੈ । ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜਨ ਨਾਲ ਜਿੱਥੇ ਕਿਸਾਨਾਂ ਦੇ ਮਿੱਤਰ ਕੀੜੇ ਮਰ ਜਾਂਦੇ ਹਨ ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ। ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ ਨੇ ਕੈਂਪ ਦੌਰਾਨ ਲਗਾਈ ਗਈ ਪ੍ਰਦਰਸ਼ਨੀ ਦਾ ਨਿਰੀਖਣ ਵੀ ਕੀਤਾ।

ਕੈਂਪ ਦੌਰਾਨ ਵਿਸ਼ੇਸ਼ ਤੌਰ *ਤੇ ਪੁੱਜੇ ਸੰਯੁਕਤ ਡਾਇਰੈਕਟਰ ਖੇਤੀਬਾੜੀ ਵਿਭਾਗ ਡਾ. ਦਿਲਬਾਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਫਸਲੀ ਵਿਭਿਨਤਾ ਬਹੁਤ ਲਾਜਮੀ ਹੈ। ਉਨ੍ਹਾਂ ਕਿਹਾ ਕਿ ਆਪਣੇ ਖੇਤਰ ਅਤੇ ਆਪਣੀ ਜਮੀਨ ਅਨੁਸਾਰ ਵੇਖ ਕੇ ਫਸਲ ਦੀ ਬਿਜਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਰਵਾਇਤੀ ਚੱਕਰ ਵਿਚ ਫਸ ਕੇ ਵਾਹੀਯੋਗ ਜਮੀਨ ਤੋਂ ਤਾਂ ਵਾਂਝੇ ਹੋਵਾਂਗੇ ਬਲਕਿ ਆਰਥਿਕ ਪੱਖੋਂ ਵੀ ਕਮਜੋਰ ਹੋ ਜਾਂਵਾਂਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਤਕਨੀਕੀ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਕਿਸਾਨ ਵੀਰਾਂ ਨੂੰ ਲਗਾਤਾਰ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਲਈ ਵੱਖ-ਵੱਖ ਤਰ੍ਹਾਂ ਦੀਆਂ ਸਮੇਂ ਸਮੇਂ *ਤੇ ਸਕੀਮਾਂ ਚਲਾਈਆਂ ਜਾਂਦੀਆਂ ਹਨ ਜਿਸ ਨਾਲ ਕਿਸਾਨਾਂ ਨੂੰ ਫਸਲ ਦੀ ਬਿਜਾਈ ਕਰਨ ਲਈ ਸਬਸਿਡੀ *ਤੇ ਖੇਤੀਬਾੜੀ ਸੰਦ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਾਰਦਰਸ਼ਤਾ ਲਿਆਉਂਦੇ ਹੋਏ ਵਿਭਾਗ ਵੱਲੋਂ ਖੇਤੀਬਾੜੀ ਸੰਦਾਂ ਲਈ ਆਨਲਾਈਨ ਅਰਜੀਆਂ ਮੰਗੀਆਂ ਜਾਂਦੀਆਂ ਹਨ।

ਉਨ੍ਹਾਂ ਕਿਸਾਨਾਂ ਨੁੰ ਜਾਗਰੂਕ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਦੇ ਮੱਦੇਨਜਰ ਝੋਨੇ ਦੀ ਪਰਾਲੀ ਨੁੰ ਅਗ ਨਾ ਲਗਾ ਕੇ ਸਗੋਂ ਖੇਤੀਬਾੜੀ ਸੰਦਾਂ ਦੀ ਵਰਤੋਂ ਕਰਕੇ ਜਮੀਨ ਵਿਚ ਵਹਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਫੇਸ ਸੀਡਰ-ਕਮ-ਮਲਚਿੰਗ ਤਕਨੀਕੀ ਇਸ ਖੇਤਰ ਵਿਚ ਕਾਫੀ ਲਾਹੇਵੰਦ ਸਾਬਿਤ ਹੋਈ ਹੈ। ਇਸ ਲਈ ਕਿਸਾਨ ਵੀਰ ਇਸ ਨੂੰ ਅਪਣਾਉਣ ਤੇ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ ਕਰਨ।

ਇਸ ਦੌਰਾਨ ਖੇਤੀਬਾੜੀ ਮਾਹਰ ਰਾਜਵਿੰਦਰ ਸਿੰਘ, ਡਾ. ਮਨਪ੍ਰੀਤ ਸਿੰਘ, ਡਾ. ਜਗਦੀਸ਼ ਅਰੋੜਾ, ਪਸ਼ੂ ਪਾਲਣ ਵਿਭਾਗ ਤੋਂ ਡਾ. ਮਨਦੀਪ ਸਿੰਘ ਆਦਿ ਹੋਰ ਸਾਇੰਸਦਾਨਾ ਨੇ ਨਰਮੇ ਦੀ ਕਾਸ਼ਤ ਕਰਨ ਦੀ ਵਿਧੀ ਅਤੇ ਚਿੱਟੇ ਮੱਛਰ ਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਅਗੇਤੇ ਪ੍ਰਬੰਧਨ, ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਫਾਇਦਿਆਂ, ਪਸ਼ੂ ਪਾਲਕਾਂ ਨੂੰ ਪਸ਼ੂਆਂ ਦਾ ਗਰਮੀ ਦੇ ਦਿਨਾਂ ਵਿਚ ਖਾਸ ਤੌਰ *ਤੇ ਖਿਆਲ ਰੱਖਣ ਆਦਿ ਹੋਰ ਸਹਾਇਕ ਕਿਤਿਆਂ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ।

ਕੈਂਪ ਮੌਕੇ ਖੇਤੀ ਨਾਲ ਸਬੰਧਤ ਪੁੱਛੇ ਗਏ ਪ੍ਰਸ਼ਨਾਂ ਦਾ ਜਵਾਬ ਦੇਣ ਵਾਲੇ ਕਿਸਾਨਾਂ ਨੂੰ ਅਗਾਂਹਵਧੂ ਕਿਸਾਨ ਕਰਨੈਲ ਸਿੰਘ ਦੀ ਅਗਵਾਈ ਹੇਠ ਨੋਜਵਾਨ ਕਿਸਾਨ ਕਲੱਬ ਅਤੇ ਨੋਜਵਾਨ ਸੈਲਫ ਹੈਲਪ ਗਰੁੱਪ ਪਿੰਡ ਅਲਿਆਣਾ ਤੇ ਘਟਿਆਂ ਵਾਲਾ ਵੱਲੋਂ ਰਸਾਲੇ ਭੇਂਟ ਕਰਨ ਦਾ ਨਿਵੇਕਲਾ ਉਪਰਾਲਾ ਸਿਰਜਿਆ ਗਿਆ। ਇਸ ਰਸਾਲੇ ਵਿਚ ਖੇਤੀਬਾੜੀ ਨਾਲ ਸਬੰਧਤ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਹਨ।

ਇਸ ਮੌਕੇ ਕਾਰਜਕਾਰੀ ਮੁੱਖ ਖੇਤੀਬਾੜੀ ਅਫਸਰ ਡਾ. ਜਗਸੀਰ ਸਿੰਘ ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਜਿਥੇ ਸਨਮਾਨਿਤ ਕੀਤਾ ਉਥੇ ਕਿਸਾਨਾਂ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਉਮੀਦ ਕੀਤੀ ਕਿ ਕਿਸਾਨ ਵੀਰ ਸਿਖਲਾਈ ਕੈਂਪ ਤੋਂ ਗਿਆਨ ਹਾਸਲ ਕਰਕੇ ਆਪਣੇ ਖੇਤਾਂ ਵਿਚ ਲਾਗੂ ਕਰਨਗੇ ਤੇ ਖੇਤੀਬਾੜੀ ਤੇ ਸਹਾਇਕ ਕਿਤਿਆਂ ਦੇ ਕਾਰੋਬਾਰ ਨੂੰ ਹੋਰ ਉਚਾਈਆਂ ਵੱਲ ਲਿਜਾਉਣਗੇ। ਖੇਤੀਬਾੜੀ ਵਿਭਾਗ ਵੱਲੋਂ ਵਣ ਵਿਭਾਗ ਦੇ ਸਹਿਯੋਗ ਨਾਲ ਕਿਸਾਨਾ ਨੂੰ ਵਾਤਾਵਰਣ ਦੀ ਸੁਰੱਖਿਆ ਲਈ ਬੁਟੇ ਵੀ ਵੰਡੇ ਗਏ।

ਇਸ ਮੌਕੇ ਵਿਭਾਗਾਂ ਤੇ ਕਿਸਾਨਾਂ ਵੱਲੋਂ ਵੱਖ-ਵੱਖ ਕਿਤਿਆਂ ਨਾਲ ਸਬੰਧਤ ਪ੍ਰਦਰਸ਼ਨੀ ਵੀ ਲਗਾਈ ਗਈ ਸੀ। ਸਟੇਜ ਦਾ ਸੰਚਾਨ ਰਜਿੰਦਰ ਵਰਮਾਂ ਵੱਲੋਂ ਕੀਤਾ ਗਿਆ।

ਇਸ ਦੌਰਾਨ ਖੇਤੀਬਾੜੀ ਅਫਸਰ ਮਮਤਾ, ਹਰਪ੍ਰੀਤ ਪਾਲ ਕੌਰ, ਸੁੰਦਰ ਲਾਲ, ਬਲਦੇਵ ਸਿੰਘ ਆਦਿ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

[wpadcenter_ad id='4448' align='none']