Iran Police Station Attack
ਈਰਾਨ ‘ਚ ਵੱਡਾ ਹਮਲਾ ਹੋਇਆ ਹੈ। ਦਰਅਸਲ, ਰਾਤ ਸਮੇਂ ਵੱਖਵਾਦੀਆਂ ਨੇ ਪੁਲਿਸ ਸਟੇਸ਼ਨ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ 11 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਈਰਾਨ ਦੇ ਸਰਕਾਰੀ ਮੀਡੀਆ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਈਰਾਨ ਦੇ ਦੱਖਣ-ਪੂਰਬੀ ਖੇਤਰ ਵਿੱਚ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਵੱਖਵਾਦੀ ਸਮੂਹਾਂ ਨੇ ਈਰਾਨ ਵਿੱਚ ਕਈ ਛੋਟੇ-ਵੱਡੇ ਹਮਲੇ ਕੀਤੇ ਹਨ।
ਦੇਰ ਰਾਤ ਪੁਲਿਸ ਥਾਣੇ ‘ਤੇ ਹੋਇਆ ਹਮਲਾ
ਮੀਡੀਆ ਰਿਪੋਰਟਾਂ ਮੁਤਾਬਕ, ਰਾਤ ਸਮੇਂ ਇੱਕ ਵੱਖਵਾਦੀ ਸਮੂਹ ਦੇ ਸ਼ੱਕੀ ਮੈਂਬਰਾਂ ਨੇ ਪੁਲਿਸ ਸਟੇਸ਼ਨ ‘ਤੇ ਗੋਲੀਬਾਰੀ ਕੀਤੀ। ਈਰਾਨ ਦੇ ਸਿਸਤਾਨ ਅਤੇ ਬਲੋਚਿਸਤਾਨ ਸੂਬੇ ਦੇ ਡਿਪਟੀ ਗਵਰਨਰ ਅਲੀ ਰੇਜ਼ਾ ਮਰਹੇਮਤੀ ਨੇ ਕਿਹਾ ਕਿ ਹਮਲੇ ਵਿਚ ਸੀਨੀਅਰ ਪੁਲਿਸ ਅਧਿਕਾਰੀ ਅਤੇ ਸੈਨਿਕ ਮਾਰੇ ਗਏ ਹਨ। ਕਈ ਹੋਰ ਜ਼ਖਮੀ ਵੀ ਹੋਏ ਹਨ। ਖਬਰਾਂ ਮੁਤਾਬਕ ਇਹ ਹਮਲਾ ਰਾਤ ਕਰੀਬ 2 ਵਜੇ ਰਾਸਕ ਸ਼ਹਿਰ ‘ਚ ਹੋਇਆ। ਇਹ ਇਲਾਕਾ ਰਾਜਧਾਨੀ ਤਹਿਰਾਨ ਤੋਂ ਦੱਖਣ-ਪੂਰਬੀ ਦਿਸ਼ਾ ਵਿੱਚ 1400 ਕਿਲੋਮੀਟਰ ਦੂਰ ਹੈ।
ਇਹ ਵੀ ਪੜ੍ਹੋ: ਇਜ਼ਰਾਈਲ ਨੇ 142 ਫਲਸਤੀਨੀ ਔਰਤਾਂ ਅਤੇ ਲੜਕੀਆਂ ਨੂੰ ਲਿਆ ਹਿਰਾਸਤ ‘ਚ
ਵੱਖਵਾਦੀ ਸਮੂਹ ਜੈਸ਼ ਅਲ-ਅਦਲ ਦੇ ਸ਼ਾਮਲ ਹੋਣ ਦਾ ਡਰ
ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਕਈ ਹਮਲਾਵਰ ਵੀ ਮਾਰੇ ਗਏ ਹਨ। ਹਮਲੇ ਪਿੱਛੇ ਵੱਖਵਾਦੀ ਸਮੂਹ ਜੈਸ਼ ਅਲ-ਅਦਲ ਦਾ ਹੱਥ ਦੱਸਿਆ ਜਾਂਦਾ ਹੈ। 2019 ਵਿੱਚ ਵੀ, ਜੈਸ਼ ਅਲ-ਅਦਲ ਨੇ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਫੋਰਸ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ‘ਤੇ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਸ ਹਮਲੇ ‘ਚ ਈਰਾਨੀ ਫੌਜ ਦੇ 27 ਜਵਾਨ ਮਾਰੇ ਗਏ ਸਨ। ਹਾਲ ਹੀ ਦੇ ਮਹੀਨਿਆਂ ‘ਚ ਈਰਾਨ ਦੇ ਸੁੰਨੀ ਬਹੁਲ ਇਲਾਕਿਆਂ ‘ਚ ਪੁਲਸ ਸਟੇਸ਼ਨਾਂ ‘ਤੇ ਹਮਲਿਆਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਸਿਸਤਾਨ ਇਲਾਕਾ ਜਿੱਥੇ ਇਹ ਹਮਲਾ ਹੋਇਆ ਹੈ, ਉਹ ਈਰਾਨ ਦੇ ਸਭ ਤੋਂ ਪਛੜੇ ਇਲਾਕਿਆਂ ਵਿੱਚ ਗਿਣਿਆ ਜਾਂਦਾ ਹੈ।
Iran Police Station Attack