ਗਾਇਕੀ ਦਾ ਬਾਬਾ ਬੋਹੜ ਲਾਲ ਚੰਦ ਯਮਲਾ ਜੱਟ

Lal Chand Yamla Jat

Lal Chand Yamla Jat

ਕਲਾਕਾਰ ਕੋਲ ਕਲਮ ਹੋਵੇ ਜਾਂ ਗੀਤਕਾਰ ਕੋਲ ਅਵਾਜ਼ ਹੋਵੇ ਤਾਂ ਸੋਨੇ ’ਤੇ ਸੁਹਾਗਾ ਹੀ ਸਮਝੋ। ਇਹ ਦੋਵੇਂ ਚੀਜ਼ ਇਕੱਠੀਆਂ ਕਿਸੇ ਵਿਰਲੇ ਟਾਂਵੇ ਵਿਆਕਤੀ ਦੇ ਹਿੱਸੇ ਹੀ ਆਉਂਦੀਆਂ ਹਨ। ਉਸ ਵਿਆਕਤੀ ਨੂੰ ਕਿਸੇ ਦੂਸਰੇ ਸਹਾਰੇ ਦੀ ਲੋੜ ਨਹੀਂ ਪੈਂਦੀ, ਦੋਵੇਂ ਗੁਣਾਂ ਦਾ ਮਾਲਕ ਸਫਲਤਾ ਛੇਤੀ ਹਾਸਲ ਕਰਦਾ ਹੈ। ਪੰਜਾਬੀ ਸੰਗੀਤ ਵਿਚ ਇਕ ਅਜਿਹਾ ਸ਼ਖ਼ਸ ਰਿਹਾ, ਜਿਸ ਵਿਚ ਉਪਰੋਕਤ ਦੋਵੇਂ ਗੁਣ ਭਰਪੂਰ ਸਨ। ਇਨ੍ਹਾਂ ਗੁਣਾਂ ਦੇ ਸਿਰ ’ਤੇ ਹੀ ਉਨ੍ਹਾਂ ਸੰਸਾਰ ਵਿਚ ਪ੍ਰਸਿੱਧੀ ਖੱਟੀ। ਉਨ੍ਹਾਂ ਦਾ ਨਾਮ ਅੱਜ ਵੀ ਧਰੂ-ਤਾਰੇ ਵਾਂਗ ਚਮਕਦਾ ਹੈ, ਜੋ ਜਾਣੇ ਜਾਂਦੇ ਹਨ ਕਲਾਕਾਰਾਂ ਦੇ ਬਾਬਾ ਬੋਹੜ ਵਜੋਂ, ਜਿਨ੍ਹਾਂ ਦਾ ਨਾਂ ਹੈ ਸਵਰਗੀ ਲਾਲ ਚੰਦ ਯਮਲਾ ਜੱਟ।

ਲਾਲ ਚੰਦ ਯਮਲਾ ਜੱਟ ਦਾ ਜਨਮ ਮਾਤਾ ਹਰਨਾਮ ਕੌਰ ਦੀ ਕੁੱਖੋਂ, ਪਿਤਾ ਖੇੜਾ ਰਾਮ ਦੇ ਘਰ, ਬਾਬਾ ਝੰਡਾ ਰਾਮ ਬਦਵਾਲ ਦੇ ਵਿਹੜੇ 28 ਮਾਰਚ 1906 ਵਿਚ ਪਿੰਡ ਚੱਕ ਨੰਬਰ :384 ਈਸਪੁਰ ਤਹਿਸੀਲ ਟੋਭਾ ਟੇਕ ਸਿੰਘ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਚ ਹੋਇਆ। ਇਨ੍ਹਾਂ ਦੇ ਪਿਤਾ ਰਾਸਧਾਰੀਆ ਦੀ ਮੰਡਲੀ ਨਾਲ ਰਹਿੰਦੇ ਸਨ ਤੇ ਇਨ੍ਹਾਂ ਦੇ ਬਾਬਾ ਜੀ ਵੰਝਲੀ ਦੇ ਬਹੁਤ ਮਾਹਰ ਸਨ। 1919 ’ਚ ਛੋਟੀ ਉਮਰੇ ਪਿਤਾ ਦਾ ਸਾਇਆ ਸਿਰੋਂ ਉਠ ਜਾਣ ਕਾਰਨ ਕਬੀਲਦਾਰੀ ਦਾ ਬੋਝ ਆਪ ਦੇ ਸਿਰ ਪਰ ਆ ਪਿਆ। 1947 ਵਿਚ ਦੇਸ਼ ਦੇ ਬਟਵਾਰੇ ਤੋਂ ਬਾਅਦ ਲੁਧਿਆਣੇ ਆ ਕੇ ਵਸੇ।

ਕਵੀ ਨਰਾਇਣ ਸਿੰਘ ਦਰਦੀ ਦੇ ਘਰ ਮਾਲੀ ਦੀ ਨੌਕਰੀ ਵੀ ਕਰਨੀ ਪਈ ਅਤੇ ਫੁੱਲਾਂ ਦੇ ਹਾਰ ਵੀ ਵੇਚਣੇ ਪਏ। ਇਨ੍ਹਾਂ ਦੀ ਹਮਸਫਰ ਬੀਬੀ ਰਾਮਰੱਖੀ ਬਣੀ ਅਤੇ ਇਨ੍ਹਾਂ ਦੇਘਰ ਪੰਜ ਪੁੱਤਰਾਂ ਤੇ ਦੋ ਧੀਆਂ ਨੇ ਜਨਮ ਲਿਆ। ਯਮਲਾ ਜੀ ਸਿਰਫ 9 ਕੁ ਸਾਲ ਦੀ ਉਮਰ ਵਿਚ ਹੀ ਗਾਇਕੀ ਵੱਲ ਖਿੱਚੇ ਗਏ ਤੇ ‘ਆਸੀ ਜੀ’ ਨੂੰ ਉਸਤਾਦ ਧਾਰ ਲਿਆ। ਸਾਰੰਗੀ, ਢੋਲਕ ਤੇ ਦੋ ਤਾਰਾ ਵਜਾਉਣ ਵਿਚ ਮੁਹਾਰਤ ਰੱਖਣ ਵਾਲੇ ਨੇ ਪਿੱਛੋਂ ਪੱਕੇ ਰਾਗਾਂ ਦੀ ਸਿੱਖਿਆ ਹਾਸਲ ਕਰਨ ਲਈ ਚੌਧਰੀ ਮਜੀਦ ਦਾ ਲੜ ਫੜ ਲਿਆ। 17 ਕੁ ਸਾਲ ਦੀ ਉਮਰ ’ਚ ਹੀ ਯਮਲੇ ਨੇ ਪੰਡਤ ਸਾਹਿਬ ਦਿਆਲ ਜੀ ਤੋਂ ਵੰਝਲੀ, ਅਲ਼ਗੋਜ਼ੇ, ਸਾਰੰਗੀ, ਦੋ ਤਾਰਾ ਤੇ ਇੱਕ ਤਾਰਾ ਵਜਾਉਣੇ ਸਿੱਖੇ। ਢੋਲਕ ਦੇ ਮਦਰੰਗ ਦੀਆਂ ਪਤਾ ਤੇ ਤੌੜਿਆਂ ਦੇ ਵੀ ਮਾਹਰ ਬਣੇ।

ਯਮਲਾ ਜੱਟ ਨੇ ਸਮੇਂ ਦੀ ਜ਼ਰੂਰਤ ਨੂੰ ਮੁੱਖ ਰੱਖ ਕੇ ਤੂੰਬੀ ਦੀ ਕਾਢ ਕੱਢੀ। ਪਹਿਲਾਂ ਤੂੰਬੀ ਪਿੱਤਲ ਦੀ ਕੌਲੀ ਤੋਂ ਬਣਾਈ ਜੋ ਵੱਡੇ ਤੂੰਬੇ ਦਾ ਹੀ ਰੂਪ ਸੀ। ਫਿਰ ਤੂੰਬੀ ਵਜਾਉਣ ਵਿਚ ਐਨੀ ਮੁਹਾਰਤ ਹਾਸਲ ਕੀਤੀ ਕਿ ਤੂੰਬੀ ਦੀ ਇਕ ਤਾਰ ਉੱਤੇ ਸੱਤੇ ਸੁਰਾਂ ਜਗਾ ਦਿੰਦੇ ਸਨ। ਆਪਣੇ ਸਮੇਂ ’ਚ ਲਾਲ ਚੰਦ ਯਮਲਾ ਜੱਟ ਦੀ ਚਾਰੇ ਪਾਸੇ ਧੁੰਮ ਪੈਂਦੀ ਸੀ। ਉਸ ਦਾ ਜਿੱਥੇ ਵੀ ਅਖਾੜਾ ਲੱਗਣਾ ਹੁੰਦਾ ਲੋਕ ਸੁਣਨ ਲਈ ਉਤਾਵਲੇ ਹੁੰਦੇ ਤੇ ਵਹੀਰਾਂ ਘੱਤ ਕੇ ਅਖਾੜਾ ਵੇਖਣ ਲਈ ਪਹੁੰਚਦੇ। ਉਸ ਦੀ ਮਿੱਠੜੀ ਰਸੀਲੀ ਅਵਾਜ਼ ਕੰਨ ਵਿਚ ਪੈਂਦੀ ਤਾਂ ਸਰੋਤੇ ਸੁਸਰੀ ਵਾਂਗ ਸੌਂ ਜਾਂਦੇ। ਉਨ੍ਹਾਂ ਦੇ ਬਹੁਤ ਸਾਰੇ ਗੀਤ ਮਕਬੂਲ ਹੋਏ ਜੋ ਸਦੀਵੀ ਰੂਪ ਧਾਰ ਗਏ ਜਿਵੇਂ ‘ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ’, ‘ਸਤਿ ਗੁਰੂ ਨਾਨਕ ਤੇਰੀ ਲੀਲਾ ਨਿਆਰੀ ਐ’, ‘ਜੱਗ ਦਿਆ ਚਾਨਣਾ ਮੁੱਖ ਨਾ ਲੁਕਾ ਵੇਂ’ ‘ਨਾਮ ਸਾਂਈ ਦਾ ਬੋਲ’, ‘ਜਗਤੇ ਨੂੰ ਛੱਡ ਕੇ’, ‘ਚਿੱਟਾ ਹੋ ਗਿਆ ਲਹੂ ਭਰਾਵੋਂ’, ‘ਆਰ ਟਾਗਾਂ-ਪਾਰ ਟਾਗਾਂ’, ‘ਰਾਣੀ ਇੱਛਰਾਂ’, ਆਦਿ। ਮਾਂ ਬੋਲੀ ਦਾ ਹੀਰਾ ਗਾਇਕ ਲਾਲ ਚੰਦ ਯਮਲਾ ਜੱਟ 20 ਦਸੰਬਰ 1991 ਨੂੰ ਰੱਬ ਨੂੰ ਪਿਆਰਾ ਹੋ ਗਿਆ। ਭਾਵੇਂ ਇਹ ਯੁੱਗ ਗਾਇਕ ਅੱਜ ਸਾਡੇ ਵਿਚਕਾਰ ਤਾਂ ਨਹੀਂ ਹੈ ਪਰ ਇਨ੍ਹਾਂ ਦੀ ਪਿਆਰੀ ਵਜ਼ਨਦਾਰ ਲਿਖਤ (ਗੀਤਕਾਰੀ) ਤੇ ਮਿੱਠੜੀ ਆਵਾਜ਼ ਵਿਚ ਰਿਕਾਰਡ ਕਰਵਾਏ ਗੀਤ ਹਮੇਸ਼ਾ ਉਨ੍ਹਾਂ ਨੂੰ ਅਮਰ ਰੱਖਣਗੇ।

READ ALSO:ਅੱਜ ਸ਼ਾਮ ਨੂੰ ਜ਼ਾਰੀ ਹੋਵੇਗਾ ਗਰੁੱਪ ਡੀ HTET ਦਾ ਨਤੀਜਾ

ਪੰਜਾਬੀ ਗਾਇਕਾਂ ਦੇ ਸਨ ਉਸਤਾਦ

ਲਾਲ ਚੰਦ ਯਮਲਾ ਜੱਟ ਇਕ ਦਰਵੇਸ਼ ਗਾਇਕ ਸਨ। ਸਾਦਾ ਜੀਵਨ, ਸਾਦੀ ਗਾਇਕੀ। ਮਕਬੂਲੀਅਤ ਹੋਣ ਦੇ ਬਾਵਜੂਦ ਕਦੇ ਕਿਸੇ ਚੀਜ਼ ਦਾ ਘੁਮੰਡ ਨਹੀਂ ਕੀਤਾ। ਇਨ੍ਹਾਂ ਦੀ ਅਜਿਹੀ ਸ਼ਖ਼ਸੀਅਤ ਹੋਣ ਕਾਰਨ ਹੀ ਪੰਜਾਬੀ ਦੇ ਵੱਡੀ ਗਿਣਤੀ ਗਾਇਕ ਉਨ੍ਹਾਂ ਨੂੰ ਆਪਣਾ ਉਸਤਾਦ ਮੰਨਦੇ ਸਨ ਅਤੇ ਉਨ੍ਹਾਂ ਨੂੰ ਉਸਤਾਦ ਗਾਇਕ ਦੇ ਰੁਤਬੇ ਨਾਲ ਨਵਾਜ਼ਦੇ ਸਨ। ਇਸ ਕਾਰਨ ਹੀ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਬਹੁਤ ਸਾਰੇ ਗਾਇਕ ਉਨ੍ਹਾਂ ਦੇ ਅੰਦਾਜ਼ ਨੂੰ ਕਾਪੀ ਕਰਦੇ ਸਨ।

Lal Chand Yamla Jat

[wpadcenter_ad id='4448' align='none']