ਮਾਨਸਾ, 13 ਮਈ:
ਮਹਾਰਾਜਾ ਅਗਰਸੇਨ ਭਵਨ ਵਿਖੇ ਸੀਨੀਅਰ ਪੱਤਰਕਾਰ ਅਤੇ ਸਮਾਜ ਸੇਵੀ ਹਰਦੀਪ ਕੌਰ ਦੀ ਅਗਵਾਈ ਹੇਠ ਕਰਵਾਈ ਗਈ ’ਮਹਿਲਾ ਪੰਚਾਇਤ ’ ਦੌਰਾਨ ਸ਼ਾਮਲ ਹੋਈਆਂ 17 ਪਿੰਡਾਂ ਦੀਆਂ ਮਹਿਲਾਵਾਂ ਦੇ ਵਿੱਚ ਬੜਾ ਜੋਸ਼ ਦੇਖਣ ਨੂੰ ਮਿਲਿਆ। ਇਸ ਦੌਰਾਨ ਮਹਿਲਾਵਾਂ ਨੇ ਦਿਸ਼ਾ ਟਰੱਸਟ ਦੀ ‘ਜਾਗ ਭੈਣੇ ਜਾਗ ਮੁਹਿੰਮ’ ਦੇ ਤਹਿਤ ‘ਮੇਰੀ ਵੋਟ ਮੇਰਾ ਅਧਿਕਾਰ’ ਦੇ ਨਾਅਰੇ ਲਗਾਏ। ਹਰਦੀਪ ਕੌਰ ਨੇ ਕਿਹਾ ਕਿ ਇਸ ਤੋਂ ਅਗਲੀ ਮਹਿਲਾ ਪੰਚਾਇਤ ਮੋਹਾਲੀ ਵਿਖੇ ਹੋਵੇਗੀ, ਜਿਸ ਵਿਚ ਲਗਭਗ 10 ਪਿੰਡਾਂ ਤੋਂ ਮਹਿਲਾਵਾਂ ਇਕੱਤਰ ਹੋਣਗੀਆਂ। ਇਸ ਮਹਿਲਾ ਪੰਚਾਇਤ ਦਾ ਆਯੋਜਨ ਹਰਦੀਪ ਕੌਰ, ਪ੍ਰਧਾਨ ਦਿਸ਼ਾ ਵੁਮੈਨ ਵੈਲਫੇਅਰ ਟਰੱਸਟ ਅਤੇ ਏਕ ਨੂਰ ਸੰਸਥਾ ਦੀ ਪ੍ਰਧਾਨ ਜੀਤ ਕੌਰ ਦਹੀਆ ਦੇ ਸਾਂਝੇ ਸਹਿਯੋਗ ਦੇ ਨਾਲ ਕੀਤਾ ਗਿਆ।
ਇਸ ਮੌਕੇ ਹਾਜ਼ਰ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਦਿਸ਼ਾ ਟਰਸਟ ਦੇ ਪ੍ਰਧਾਨ ਹਰਦੀਪ ਕੌਰ ਨੇ ਕਿਹਾ ਲੋਕ ਸਭਾ ਚੋਣਾਂ 2024 ਦੌਰਾਨ ਹਰ ਇੱਕ ਮਹਿਲਾ ਦੇ ਕੋਲ ਉਹ ਹਥਿਆਰ ਹੈ ਜਿਸ ਦੇ ਨਾਲ ਉਹ ਆਪਣੀ ਮਰਜ਼ੀ ਦੀ ਸਰਕਾਰ ਚੁਣ ਸਕਦੀਆਂ ਹਨ। ਹਾਜ਼ਰ ਮਹਿਲਾਵਾਂ ਨੂੰ ਜਾਗਰੂਕ ਕਰਦਿਆਂ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੇ ਨਾਅਰੇ, ‘ਇਸ ਵਾਰ 70 ਪਾਰ’ ਨੂੰ ਸਫਲ ਕਰਨ ਲਈ ਔਰਤਾਂ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਘਰ ਤੋਂ ਬਾਹਰ ਜਰੂਰ ਨਿਕਲਣ ਅਤੇ ਆਪਣੀ ਮਰਜ਼ੀ ਦੇ ਨਾਲ ਵੋਟ ਪਾਉਣ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਕਿਸੇ ਵੀ ਲਾਲਚ ਵਿਚ ਆ ਕੇ ਵੋਟ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਬਲਕਿ ਆਪਣੀ ਸਮਝ ਮੁਤਾਬਿਕ ਸਹੀ ਉਮੀਦਵਾਰ ਦੀ ਚੋਣ ਕਰਨੀ ਚਾਹੀਦੀ ਹੈ।
ਸੀਨੀਅਰ ਪੱਤਰਕਾਰ ਮਮਤਾ ਸ਼ਰਮਾ ਨੇ ਕਿਹਾ ਕਿ ਵੋਟ ਪਾਉਣ ਤੋਂ ਪਹਿਲਾਂ ਆਪਣੇ ਪਰਿਵਾਰਕ ਮੈਂਬਰ, ਪਿੰਡ ਦੇ ਸਰਪੰਚ, ਪੰਚ ਨਾਲ ਗੱਲ ਨਾ ਕਰੋ। ਭਾਰਤੀ ਸੰਵਿਧਾਨ ਦੇ ਅਨੁਸਾਰ ਇਹ ਗੁਪਤ ਰੱਖਣਾ ਵੋਟਰ ਦਾ ਅਧਿਕਾਰ ਹੈ ਕਿ ਤੁਸੀਂ ਕਿਸ ਨੂੰ ਵੋਟ ਦਿੱਤੀ ਹੈ। ਏਕ ਨੂਰ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਜੀਤ ਕੌਰ ਦਹੀਆ ਇਸ ਮਹਿਲਾ ਪੰਚਾਇਤ ਦੇ ਦੌਰਾਨ ਪੰਚਾਇਤ ਪ੍ਰਧਾਨ ਬਣੇ ਅਤੇ ਹਾਜ਼ਰ ਮਹਿਲਾਵਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਆਪਣੀ ਮਨ ਮਰਜ਼ੀ ਦੇ ਨਾਲ ਕਰਨ ਦੇ ਲਈ ਪ੍ਰੇਰਿਤ ਕੀਤਾ।
ਇਸ ਮਹਿਲਾ ਪੰਚਾਇਤ ਦੇ ਦੌਰਾਨ ਬੁਢਲਾਡਾ, ਕੁਲਰੀਆਂ, ਭੰਮੇ ਖੁਰਦ, ਹਾਕਮ ਵਾਲਾ, ਆਲਮਪੁਰ ਮੰਦਰਾਂ, ਮਾਨਸਾ, ਮਾਨਸਾ ਖੁਰਦ, ਆਦਮ ਕੇ, ਖਾਰਾ ਬਰਨਾਲਾ, ਤੂਲ ਵਣਜਾਰੇ, ਬਰ੍ਹੇ, ਕਲੀਪੁਰ, ਲਹਿਰਾਗਾਗਾ, ਹਰੀਕੇ ਬੁਰਜ਼ ਦੇ ਪਿੰਡਾਂ ਦੀਆਂ ਮਹਿਲਾਵਾਂ ਨੇ ਹਿੱਸਾ ਲਿਆ।
ਬਾਕਸ ਲਈ ਪ੍ਰਸਤਾਵਿਤ
ਔਰਤਾਂ ਲਈ ਵੋਟਿੰਗ ਨਾਲ ਸਬੰਧਤ ਇਨਾਮੀ ਮੁਕਾਬਲਾ ਕਰਵਾਇਆ
ਪੰਜਾਬ ਵਿੱਚ ਆਪਣੀ ਕਿਸਮ ਦਾ ਇਹ ਪਹਿਲਾ ਸਮਾਗਮ ਸੀ ਜਿਸ ਵਿੱਚ ਮਹਿਲਾ ਪੰਚਾਇਤ ਰਾਹੀਂ ਔਰਤਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਬਹੁਗਿਣਤੀ ਵਿੱਚ ਔਰਤਾਂ ਨੇ ਮੰਨਿਆ ਕਿ ਉਹ ਆਪਣੀ ਵੋਟ ਤਾਂ ਇਸਤੇਮਾਲ ਆਪਣੀ ਪਰਿਵਾਰਿਕ ਪੁਰਸ਼ ਮੈਂਬਰਾਂ ਦੇ ਕਹਿਣ ਉੱਪਰ ਕਰਦੀਆਂ ਹਨ, ਪਰ ਇਸ ਪ੍ਰੋਗਰਾਮ ਤੋਂ ਬਾਅਦ ਉਨ੍ਹਾਂ ਸਹੁੰ ਚੁੱਕੀ ਕਿ ਉਹ ਆਪ ਆਪਣੀ ਮਰਜ਼ੀ ਦੇ ਨਾਲ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੀਆਂ। ਇਸ ਪੰਚਾਇਤ ਵਿੱਚ ਔਰਤਾਂ ਨੂੰ ਸਵੀਪ ਗਤੀਵਿਧੀਆਂ, ਵੋਟ ਦੇ ਅਧਿਕਾਰ ਆਦਿ ਸਬੰਧੀ ਸਵਾਲ ਪੁੱਛੇ ਗਏ। ਸਹੀ ਜਵਾਬ ਦੇਣ ਵਾਲੀਆਂ ਔਰਤਾਂ ਨੂੰ ਟਰੱਸਟ ਵੱਲੋਂ ਸਨਮਾਨਿਤ ਕੀਤਾ ਗਿਆ।
ਮੇਰੀ ਵੋਟ ਮੇਰਾ ਅਧਿਕਾਰ’ ਦੇ ਨਾਅਰਿਆਂ ਨਾਲ ਗੂੰਜੀ ਮਹਿਲਾ ਪੰਚਾਇਤ
[wpadcenter_ad id='4448' align='none']