ਚੀਫ਼ ਖ਼ਾਲਸਾ ਦੀਵਾਨ ਵੱਲੋਂ ਬਟਾਲਾ ਵਿਖੇ 3 ਅਪ੍ਰੈਲ ਨੂੰ ਇਕ ਨਵੇਂ ਅਤਿ—ਆਧੁਨਿਕ ਸਕੂਲ ਦਾ ਸ਼ਾਨਦਾਰ ਉਦਘਾਟਨ

ਬਟਾਲਾ, 1 ਅਪ੍ਰੈਲ ( ) ਸਿੱਖੀ ਅਤੇ ਸਿੱਖਿਆ ਨੂੰ ਸਮਰਪਿਤ ਚੀਫ਼ ਖ਼ਾਲਸਾ ਦੀਵਾਨ ਵੱਲੋਂ 50 ਵਿੱਦਿਅਕ ਅਦਾਰਿਆਂ ਦੀ ਲੜ੍ਹੀ ਵਿਚ ਵਾਧਾ ਕਰਦਿਆਂ ਬਟਾਲਾ ਦੇ ਅਰਬਨ ਅਸਟੇਟ ਵਿਖੇ 3 ਅਪ੍ਰੈਲ, ਦਿਨ ਬੁੱਧਵਾਰ ਨੂੰ ਇਕ ਨਵੇ ਅਤਿ ਆਧੁਨਿਕ ਸਕੂਲ ਦਾ ਉਦਘਾਟਨ ਕੀਤਾ ਜਾ ਰਿਹਾ ਹੈ, ਜਿਸ ਦਾ ਅਗਾਜ ਅਕਾਲ ਪੁਰਖ ਦਾ ਓਟ ਆਸਰਾ ਲੈਂਦਿਆਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਵੇਗਾ।
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਅਤੇ ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ ਨੇ ਦੱਸਿਆ ਕਿ ਗੁਰਮਤਿ ਅਤੇ ਸਿੱਖ ਵਿਰਾਸਤ ਥੀਮ ਤੇ ਅਧਾਰਿਤ ਇਸ ਉਦਘਾਟਨੀ ਸਮਾਰੋਹ ਵਿਚ ਸਿੱਖ ਵਿਰਾਸਤ, ਇਤਿਹਾਸ ਅਤੇ ਸਭਿਆਚਾਰ ਦਾ ਗੋਰਵਮਈ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਸਿੱਖ ਕਦਰਾਂ-ਕੀਮਤਾਂ, ਇਤਿਹਾਸਕ ਕਲਾ-ਕ੍ਰਿਤੀਆਂ ਦੇ ਨਾਲ-ਨਾਲ ਸਿੱਖ ਧਰਮ ਵਿਚ ਕੁਦਰਤ ਦੀ ਮਹੱਤਤਾ ਨੂੰ ਵੀ ਰੂਪਮਾਨ ਕੀਤਾ ਜਾਵੇਗਾ।
ਚੀਫ਼ ਖ਼ਾਲਸਾ ਦੀਵਾਨ ਦੇ ਮੀਤ ਪ੍ਰਧਾਨ ਸ੍ਰ.ਜਗਜੀਤ ਸਿੰਘ ਅਤੇ ਐਡੀ.ਆਨਰੇਰੀ ਸਕੱਤਰ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਮਾਰੋਹ ਦੌਰਾਨ ਵਿੱਦਿਆਰਥੀਆਂ ਵੱਲੋਂ ਰਸਭਿੰਨੇ ਕੀਰਤਨ ਦੀ ਛਹਿਬਰ ਲਗਾਉਂਦਿਆਂ ਰੂਹਾਨੀ ਵਾਤਾਵਰਣ ਸਿਰਜਿਆ ਜਾਵੇਗਾ ਅਤੇ ਉਪਰੰਤ ਸਿੱਖੀ ਦੇ ਅਮੀਰ ਵਿਰਸੇ ਦੇ ਪ੍ਰਤੀਕ ਗੱਤਕੇ ਦੇ ਪ੍ਰਦਰਸ਼ਨ ਦੀਆਂ ਤਿਆਰੀਆਂ ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਚੱਲ ਰਹੀਆਂ ਹਨ। ਉਹਨਾਂ ਨੇ ਦੱਸਿਆ ਕਿ ਦੀਵਾਨ ਦੇ ਆਈ.ਟੀ.ਵਿਭਾਗ ਵੱਲੋਂ ਚੀਫ਼ ਖ਼ਾਲਸਾ ਦੀਵਾਨ ਦੇ ਸ਼ਾਨਦਾਰ ਪੁਰਾਤਨ ਇਤਿਹਾਸ, ਪ੍ਰਾਪਤੀਆਂ ਅਤੇ ਨਵੀਨਤਮ ਪਹਿਲ ਕਦਮੀਆਂ ਆਧੁਨਿਕ ਤਕਨੀਕਾਂ ਰਾਹੀਂ ਵਿਖਾਉਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਇਸ ਮੌਕੇ ਪੁਰਾਤਨ ਤੰਤੀ ਸਾਜਾਂ ਅਤੇ ਸਿੱਖ ਧਾਰਮਿਕ ਸ਼ਸਤਰਾਂ ਦੀ ਪ੍ਰਦਰਸ਼ਨੀ ਅਤੇ ਨਰਸਿੰਗ ਕਾਲਜ ਵੱਲੋਂ ਸਿਹਤ ਅਤੇ ਤੰਦੁਰਸਤੀ ਦੇ ਸਟਾਲ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣਗੇ। ਇਸ ਸਮਾਰੋਹ ਦੀ ਵਿਸ਼ੇਸ਼ਤਾ ਇਹ ਰਹੇਗੀ ਕਿ ਇਸ ਦੌਰਾਨ ਮਾਪਿਆਂ ਅਤੇ ਵਿੱਦਿਆਰਥੀਆਂ ਲਈ ਨਿੱਜੀ ਯਾਦਾਂ ਨੂੰ ਕੈਦ ਕਰਨ ਲਈ ਥੀਮ ਵਾਲੇ ਬੈਕਡ੍ਰੋਪ ਨਾਲ ਵਿਰਾਸਤੀ ਸੈਲਫੀ ਕਾਰਨਰ ਵੀ ਬਣਾਇਆ ਗਿਆ ਹੈ।
Advertisement
