ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਅਤੇ ਦਿਵਿਆਂਗਜਨਾਂ ਦੀ ਭਲਾਈ ਲਈ ਵਚਨਬੱਧ; 522 ਲਾਭਪਾਤਰੀਆਂ ਨੂੰ 9.14 ਕਰੋੜ ਰੁਪਏ ਦੀ ਕਰਜਾ ਰਾਸ਼ੀ ਕੀਤੀ ਜਾਰੀ- ਡਾ. ਬਲਜੀਤ ਕੌਰ

ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਅਤੇ ਦਿਵਿਆਂਗਜਨਾਂ ਦੀ ਭਲਾਈ ਲਈ ਵਚਨਬੱਧ; 522 ਲਾਭਪਾਤਰੀਆਂ ਨੂੰ 9.14 ਕਰੋੜ ਰੁਪਏ ਦੀ ਕਰਜਾ ਰਾਸ਼ੀ ਕੀਤੀ ਜਾਰੀ- ਡਾ. ਬਲਜੀਤ ਕੌਰ

ਚੰਡੀਗੜ੍ਹ, 3 ਅਪ੍ਰੈਲ:  

ਪੰਜਾਬ ਸਰਕਾਰ ਆਤਮ-ਨਿਰਭਰਤਾ ਵਲ਼ ਵਧਦੀਆਂ ਕਦਮਾਂ ਦੇ ਤਹਿਤ ਅਨੁਸੂਚਿਤ ਜਾਤੀਆਂ ਅਤੇ ਦਿਵਿਆਂਗਜਨਾਂ ਦੀ ਭਲਾਈ ਲਈ ਵਚਨਬੱਧ ਹੈ। ਇਸੇ ਤਹਿਤ, ਅਨੁਸੂਚਿਤ ਜਾਤੀਆਂ ਅਤੇ ਦਿਵਿਆਂਗ ਵਿਅਕਤੀਆਂ ਦੇ 522 ਲਾਭਪਾਤਰੀਆਂ ਨੂੰ ਵਿੱਤੀ ਸਾਲ 2024-25 ਦੌਰਾਨ 9.14 ਕਰੋੜ ਰੁਪਏ ਦੀ ਰਕਮ ਕਰਜੇ ਦੇ ਰੂਪ ਵਿੱਚ ਜਾਰੀ ਕੀਤੀ ਗਈ ਹੈ, ਜਿਸ ਵਿੱਚ 1.46 ਕਰੋੜ ਰੁਪਏ ਦੀ ਸਬਸਿਡੀ ਵੀ ਸ਼ਾਮਲ ਹੈ। ਇਹ ਜਾਣਕਾਰੀ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ।

ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਜਿਕ ਤੌਰ ‘ਤੇ ਪਿੱਛੜੇ ਅਤੇ ਹਾਸ਼ੀਏ ‘ਤੇ ਰਹਿੰਦੇ ਲੋਕਾਂ ਨੂੰ ਵਿਦਿਅਕ, ਆਰਥਿਕ ਅਤੇ ਸਮਾਜਿਕ ਰੂਪ ਵਿੱਚ ਮਜ਼ਬੂਤ ਬਣਾਉਣ ਲਈ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਅਤੇ ਦਿਵਿਆਂਗਜਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਉਨ੍ਹਾਂ ਨੂੰ ਸਵੈ-ਰੁਜ਼ਗਾਰ ਅਤੇ ਉਚੇਰੀ ਸਿੱਖਿਆ ਲਈ ਰਿਆਇਤੀ ਵਿਆਜ ਦਰਾਂ ‘ਤੇ ਕਰਜਾ ਪ੍ਰਦਾਨ ਕਰ ਰਹੀ ਹੈ।

ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤਹਿਤ 18 ਤੋਂ 55 ਸਾਲ ਤੱਕ ਦਾ ਕੋਈ ਵੀ ਅਨੁਸੂਚਿਤ ਜਾਤੀ ਨਾਲ ਸਬੰਧਤ ਵਿਅਕਤੀ, ਜਿਸਦੀ ਸਾਲਾਨਾ ਆਮਦਨ 3 ਲੱਖ ਰੁਪਏ ਤੱਕ ਹੋਵੇ, ਸਵੈ-ਰੁਜ਼ਗਾਰ ਜਾਂ ਉਚੇਰੀ ਸਿੱਖਿਆ ਲਈ ਕਰਜਾ ਲੈ ਸਕਦਾ ਹੈ। ਇਸੇ ਤਰ੍ਹਾਂ 18 ਤੋਂ 60 ਸਾਲ ਤੱਕ ਦਾ ਕੋਈ ਵੀ ਦਿਵਿਆਂਗ ਵਿਅਕਤੀ, ਜੋ ਕਿ 40% ਜਾਂ ਇਸ ਤੋਂ ਵੱਧ ਦਿਵਿਆਂਗ ਹੋਵੇ, ਭਾਵੇਂ ਉਹ ਕਿਸੇ ਵੀ ਜਾਤੀ ਨਾਲ ਸਬੰਧਤ ਹੋਵੇ, ਉਹ ਵੀ ਇਹ ਕਰਜਾ ਲੈ ਸਕਦਾ ਹੈ।
 
ਡਾ. ਬਲਜੀਤ ਕੌਰ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸਮਾਜਿਕ ਅਤੇ ਆਰਥਿਕ ਤੌਰ ‘ਤੇ ਪਿੱਛੜੇ ਵਰਗਾਂ ਨੂੰ ਉਤਸ਼ਾਹਤ ਕਰਨ ਲਈ ਨਵੇਂ ਉਪਰਾਲੇ ਕਰ ਰਹੀ ਹੈ, ਤਾਂ ਜੋ ਉਨ੍ਹਾਂ ਨੂੰ ਰੁਜ਼ਗਾਰ ਅਤੇ ਸਿੱਖਿਆ ਦੇ ਸਮਾਨ ਅਵਸਰ ਮਿਲ ਸਕਣ।

Tags: