ਕਣਕ ਦੀ ਨਾੜ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਰੋਕਣ ਸਬੰਧੀ ਬੈਠਕ
ਫਾਜ਼ਿਲਕਾ 24 ਅਪ੍ਰੈਲ
ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਵੱਲੋਂ ਅੱਜ ਇੱਥੇ ਖੇਤੀਬਾੜੀ ਅਤੇ ਵੱਖ-ਵੱਖ ਵਿਭਾਗਾਂ ਦੇ ਕਲਸਟਰ ਅਫਸਰਾਂ ਨਾਲ ਬੈਠਕ ਕੀਤੀ ਗਈ ਅਤੇ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਕਣਕ ਦੀ ਨਾੜ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਸਬੰਧੀ ਕਿਸਾਨਾਂ ਨਾਲ ਵੱਧ ਤੋਂ ਵੱਧ ਰਾਬਤਾ ਕਰਕੇ ਉਹਨਾਂ ਨੂੰ ਨਾੜ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਉਹਨਾਂ ਪਿੰਡਾਂ ਦੀ ਸੂਚੀ ਵੀ ਬਣਾਈ ਜਾਵੇ ਜਿੱਥੇ ਹਾਲੇ ਕਣਕ ਦੀ ਕਟਾਈ ਹੋਣ ਵਾਲੀ ਬਾਕੀ ਹੈ ਤਾਂ ਜੋ ਉਥੇ ਕਣਕ ਦੀ ਫਸਲ ਨੂੰ ਅੱਗ ਦੇ ਨੁਕਸਾਨ ਤੋਂ ਬਚਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਾਂ ਪਾਣੀ ਦੀਆਂ ਟੈਂਕੀਆਂ ਦਾ ਪ੍ਰੰਬਧ ਕੀਤਾ ਜਾ ਸਕੇ ਤਾਂ ਜੋ ਕਿਸੇ ਵੀ ਅਣਹੋਣੀ ਦੌਰਾਨ ਕਿਸਾਨਾਂ ਦੀ ਫਸਲ ਨੂੰ ਬਚਾਇਆ ਜਾ ਸਕੇ। ਉਹਨਾਂ ਨੇ ਕਿਹਾ ਕਿ ਨਾੜ ਨੂੰ ਅੱਗ ਲਗਾਉਣ ਸਮੇਂ ਕਈ ਵਾਰ ਨੇੜੇ ਦੇ ਕਣਕ ਦੇ ਖੇਤਾਂ ਤੱਕ ਵੀ ਅੱਗ ਪਹੁੰਚ ਜਾਂਦੀ ਹੈ ਅਤੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ। ਇਸ ਤੋਂ ਬਿਨਾਂ ਨਾੜ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਦੇ ਪ੍ਰਦੂਸ਼ਣ ਦੇ ਨਾਲ ਨਾਲ ਬਹੁਤ ਸਾਰੇ ਜੀਵ ਜੰਤੂ, ਮਿੱਤਰ ਕੀੜੇ ਅਤੇ ਖੇਤਾਂ ਦੇ ਰੁੱਖ ਵੀ ਸੜ ਜਾਂਦੇ ਹਨ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਾੜ ਨੂੰ ਅੱਗ ਨਾ ਲਗਾਉਣ ਸਗੋਂ ਇਸ ਤੋਂ ਤੂੜੀ ਬਣਾ ਲੈਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਡੀਐਮ ਕੰਵਰਜੀਤ ਸਿੰਘ ਮਾਨ, ਡੀਐਸਪੀ ਰਾਕੇਸ਼ ਕੁਮਾਰ, ਡੀਡੀਪੀਓ ਨੀਰੂ ਗਰਗ, ਐਸਡੀਓ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਨੀਸ਼ ਕੁਮਾਰ, ਬੀਡੀਪੀਓ ਅੰਤਰਪ੍ਰੀਤ ਸਿੰਘ, ਖੇਤੀਬਾੜੀ ਅਫ਼ਸਰ ਮਮਤਾ, ਬਲਾਕ ਖੇਤੀਬਾੜੀ ਅਫ਼ਸਰ ਬਲਦੇਵ ਸਿੰਘ ਵੀ ਹਾਜ਼ਰ ਸਨ।