ਨਸ਼ਾ, ਸ਼ਰਾਬ ਦਾ ਨਜਾਇਜ਼ ਕਾਰੋਬਾਰ ਕਰਨ ਵਾਲੇ 29 ਲੋਕਾਂ ਖਿਲਾਫ ਪਰਚੇ 6 ਭਗੋੜੇ ਕਾਬੂ ਕੀਤੇ 38 ਨੂੰ ਕੀਤਾ ਪਾਬੰਦ
ਫਾਜ਼ਿਲਕਾ 31 ਮਾਰਚ ਲੋਕ ਸਭਾ ਚੋਣਾਂ ਦੌਰਾਨ ਲੋਕ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਦੇ ਆਪਣਾ ਮਤਦਾਨ ਕਰ ਸਕਣ ਅਤੇ ਚੋਣਾਂ ਪੂਰੀ ਤਰਾਂ ਸ਼ਾਂਤਮਈ ਅਤੇ ਨਿਰਪੱਖ ਤਰੀਕੇ ਨਾਲ ਹੋਣ ਇਸ ਲਈ ਫਾਜ਼ਿਲਕਾ ਜ਼ਿਲਾ ਪੁਲਿਸ ਨੇ ਪੂਰੀ ਤਿਆਰੀ ਆਰੰਭ ਦਿੱਤੀ ਹੈ। ਇਸੇ ਲੜੀ ਤਹਿਤ ਪਿਛਲੇ 7 ਦਿਨਾਂ ਵਿੱਚ ਹੀ ਜ਼ਿਲ੍ਹੇ ਵਿੱਚ ਸਮਾਜ ਵਿਰੋਧੀ ਅਨਸਰਾਂ ਖਿਲਾਫ ਵੱਡੀਆਂ ਕਾਰਵਾਈਆਂ […]
ਫਾਜ਼ਿਲਕਾ 31 ਮਾਰਚ
ਲੋਕ ਸਭਾ ਚੋਣਾਂ ਦੌਰਾਨ ਲੋਕ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਦੇ ਆਪਣਾ ਮਤਦਾਨ ਕਰ ਸਕਣ ਅਤੇ ਚੋਣਾਂ ਪੂਰੀ ਤਰਾਂ ਸ਼ਾਂਤਮਈ ਅਤੇ ਨਿਰਪੱਖ ਤਰੀਕੇ ਨਾਲ ਹੋਣ ਇਸ ਲਈ ਫਾਜ਼ਿਲਕਾ ਜ਼ਿਲਾ ਪੁਲਿਸ ਨੇ ਪੂਰੀ ਤਿਆਰੀ ਆਰੰਭ ਦਿੱਤੀ ਹੈ। ਇਸੇ ਲੜੀ ਤਹਿਤ ਪਿਛਲੇ 7 ਦਿਨਾਂ ਵਿੱਚ ਹੀ ਜ਼ਿਲ੍ਹੇ ਵਿੱਚ ਸਮਾਜ ਵਿਰੋਧੀ ਅਨਸਰਾਂ ਖਿਲਾਫ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਜ਼ਿਲੇ ਦੇ ਐਸਐਸਪੀ ਡਾ ਪ੍ਰਗਿਆ ਜੈਨ ਆਈਪੀਐਸ ਨੇ ਦਿੱਤੀ ਹੈ।
ਪਿਛਲੇ 7 ਦਿਨਾਂ ਵਿੱਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਅਤੇ ਗੁਆਂਢੀ ਸੂਬੇ ਦੇ ਜਿਲਿਆਂ ਵਿਚਕਾਰ ਬਿਹਤਰ ਤਾਲਮੇਲ ਲਈ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਦੀ ਅਗਵਾਈ ਵਿੱਚ ਇੱਕ ਅੰਤਰਰਾਜੀ ਬੈਠਕ ਕੀਤੀ ਗਈ ਉੱਥੇ ਹੀ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਅਤੇ ਐਸਐਸਪੀ ਡਾ ਪ੍ਰਗਿਆ ਜੈਨ ਵੱਲੋਂ ਸਾਂਝੇ ਤੌਰ ਤੇ ਵੀ ਅੰਤਰਰਾਜੀ ਸਰਹੱਦਾਂ ਤੇ ਲੱਗੇ ਨਾਕਿਆਂ ਦੀ ਚੈਕਿੰਗ ਕੀਤੀ ਗਈ ਹੈ। ਇਸ ਤੋਂ ਬਿਨਾਂ ਲੋਕਾਂ ਵਿੱਚ ਵਿਸ਼ਵਾਸ ਬਹਾਲੀ ਲਈ ਜ਼ਿਲਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਫਲੈਗ ਮਾਰਚ ਵੀ ਕੱਢੇ ਗਏ ਹਨ ਅਤੇ ਜ਼ਿਲਾ ਪੁਲਿਸ ਮੁਖੀ ਖੁਦ ਇਨਾਂ ਫਲੈਗ ਮਾਰਚਾਂ ਦੀ ਅਗਵਾਈ ਕਰਦੇ ਵਿਖਾਈ ਦਿੱਤੇ।
ਜ਼ਿਕਰ ਯੋਗ ਹੈ ਕਿ ਫਾਜ਼ਲਕਾ ਜ਼ਿਲੇ ਦੀ 79 ਕਿਲੋਮੀਟਰ ਹੱਦ ਰਾਜਸਥਾਨ ਨਾਲ ਲੱਗਦੀ ਹੈ ਅਤੇ ਗੁਆਂਢੀ ਸੂਬੇ ਤੋਂ ਸ਼ਰਾਰਤੀ ਤੱਤਾਂ ਵੱਲੋਂ ਚੋਣ ਅਮਲ ਨੂੰ ਪ੍ਰਭਾਵਿਤ ਕਰਨ ਤੋਂ ਰੋਕਣ ਲਈ 24 ਨਾਕੇ ਲਗਾਏ ਗਏ ਹਨ ਜਦਕਿ ਦੋ ਹਾਈਟੈਕ ਨਾਕੇ ਵੀ ਅੰਤਰਰਾਜੀ ਸਰਹੱਦ ਤੇ ਲਗਾਏ ਗਏ ਹਨ।
ਡਾ ਪ੍ਰਗਿਆ ਜੈਨ ਐਸਐਸਪੀ ਫਾਜ਼ਿਲਕਾ ਨੇ ਦੱਸਿਆ ਕਿ 24 ਮਾਰਚ ਤੋਂ ਅੱਜ ਤੱਕ ਜਿਲੇ ਵਿੱਚ ਐਨਡੀਪੀਐਸ ਐਕਟ ਤਹਿਤ 10 ਮਾਮਲੇ ਦਰਜ ਕਰਕੇ 14 ਲੋਕਾਂ ਨੂੰ ਗਿਰਫਤਾਰ ਕੀਤਾ ਗਿਆ ਹੈ। ਇਹਨਾਂ ਤੋਂ 9.955 ਕਿਲੋ ਹੈਰੋਇਨ 16.500 ਕਿਲੋ ਪੋਸਤ ਅਤੇ 420 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ ਅਤੇ 20700 ਰੁਪਏ ਦੀ ਡਰੱਗ ਮਣੀ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਐਕਸਾਈਜ਼ ਐਕਟ ਤਹਿਤ ਵੀ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਪਿਛਲੇ ਸੱਤ ਦਿਨਾਂ ਦੌਰਾਨ 13 ਮਾਮਲੇ ਦਰਜ ਕਰਕੇ 15 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨਾਂ ਤੋਂ 162 ਲੀਟਰ ਠੇਕਾ ਸ਼ਰਾਬ ਅਤੇ 483 ਲੀਟਰ ਨਜਾਇਜ਼ ਸ਼ਰਾਬ ਅਤੇ 2320 ਲੀਟਰ ਲਾਹਣ ਬਰਾਮਦ ਕਰਨ ਦੇ ਨਾਲ ਨਾਲ ਦੋ ਚਾਲੂ ਭੱਠੀਆਂ ਵੀ ਫੜੀਆਂ ਗਈਆਂ ਹਨ।
ਆਦਤਨ ਅਪਰਾਧੀ ਪ੍ਰਵਿਰਤੀ ਦੇ ਲੋਕ ਜੋ ਚੋਣ ਅਮਲ ਨੂੰ ਪ੍ਰਭਾਵਿਤ ਕਰ ਸਕਦੇ ਹਨ ਉਨਾਂ ਖਿਲਾਫ ਵੀ ਜ਼ਿਲ੍ਹਾ ਪੁਲਿਸ ਵੱਲੋਂ ਕਾਰਵਾਈ ਆਰੰਭੀ ਗਈ ਹੈ ਅਤੇ ਪਿਛਲੇ ਸੱਤ ਦਿਨਾਂ ਵਿੱਚ 22 ਵਿਅਕਤੀਆਂ ਨੂੰ ਧਾਰਾ 107/151/150 ਸੀਆਰਪੀਸੀ ਤਹਿਤ ਪਾਬੰਦ ਕੀਤਾ ਗਿਆ ਹੈ। ਦੋ ਵਿਅਕਤੀਆਂ ਨੂੰ ਧਾਰਾ 109 ਅਤੇ 13 ਵਿਅਕਤੀਆਂ ਨੂੰ ਧਾਰਾ 110 ਸੀਆਰਪੀਸੀ ਤਹਿਤ ਪਾਬੰਦ ਕੀਤਾ ਗਿਆ ਹੈ। ਇਸੇ ਤਰ੍ਹਾਂ ਛੇ ਭਗੌੜਿਆਂ ਨੂੰ ਕਾਬੂ ਕੀਤਾ ਗਿਆ ਹੈ ਜਦਕਿ ਸਧਾਰਨ ਅਪਰਾਧ ਵਾਲੇ 50 ਭਗੌੜਿਆਂ ਦੀ ਸੂਚੀ ਖਾਰਜ ਕੀਤੀ ਗਈ ਹੈ। ਇਸ ਤੋਂ ਬਿਨਾਂ ਗੈਰ ਜਮਾਨਤੀ ਵਰੰਟ ਵਾਲੇ 24 ਅਪਰਾਧੀਆਂ ਨੂੰ ਵੀ ਪਿਛਲੇ ਸੱਤ ਦਿਨਾਂ ਵਿੱਚ ਪੁਲਿਸ ਦੇ ਵੱਖ ਵੱਖ ਥਾਣਿਆਂ ਵੱਲੋਂ ਕਾਬੂ ਕੀਤਾ ਗਿਆ ਹੈ।
ਇਸੇ ਤਰਹਾਂ ਅਸਲਾ ਧਾਰਕਾਂ ਦੇ ਚੋਣਾਂ ਤੋਂ ਪਹਿਲਾਂ ਅਸਲੇ ਜਮਾ ਕਰਵਾਉਣ ਦੀਆਂ ਹਦਾਇਤਾਂ ਦੇ ਮੱਦੇ ਨਜ਼ਰ ਜ਼ਿਲਾ ਪੁਲਿਸ ਵੱਲੋਂ ਪਿਛਲੇ ਸੱਤ ਦਿਨਾਂ ਵਿੱਚ 1407 ਹਥਿਆਰ ਜਮਾ ਕਰਵਾਏ ਗਏ ਹਨ। ਸਿਰਫ ਇਨਾ ਹੀ ਨਹੀਂ ਹੋਰ ਅਪਰਾਧੀ ਕਿਸਮ ਦੇ ਲੋਕਾਂ ਖਿਲਾਫ ਵੀ ਜ਼ਿਲਾ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਜਿਸ ਤਹਿਤ ਸੀਤੋਂ ਗੁਨੋ ਵਿਖੇ ਵਾਪਰੇ ਕਤਲ ਕਾਂਡ ਦੇ ਮੁੱਖ ਦੋਸ਼ੀ ਨੂੰ ਜਿੱਥੇ ਫੜਿਆ ਗਿਆ ਹੈ ਉਥੇ ਹੀ ਇਰਾਦਾ ਕਤਲ ਦੇ ਮਾਮਲੇ ਵਿੱਚ ਵੀ ਇੱਕ ਮੁੱਖ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ ਇਸੇ ਤਰ੍ਹਾਂ ਚੋਰੀ ਦੇ 11 ਮੋਟਰਸਾਈਕਲਾਂ ਸਮੇਤ ਤਿੰਨ ਦੋਸ਼ੀਆਂ ਨੂੰ ਫੜਿਆ ਗਿਆ ਹੈ। ਜੁਆ ਐਕਟ ਤਹਿਤ ਵੀ 13 ਲੋਕਾਂ ਨੂੰ ਪਿਛਲੇ ਇੱਕ ਹਫਤੇ ਦੌਰਾਨ ਕਾਬੂ ਕਰਕੇ 32100 ਰੁਪਏ ਬਰਾਮਦ ਕੀਤੇ ਗਏ ਹਨ।
ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਕਿਹਾ ਕਿ ਜ਼ਿਲਾ ਪੁਲਿਸ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਉਹਨਾਂ ਨੇ ਗੈਰ ਸਮਾਜੀ ਤੱਤਾਂ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੋ ਕੋਈ ਵੀ ਕਾਨੂੰਨ ਦੇ ਰਾਹ ਵਿੱਚ ਅੜਿਕਾ ਬਣੇਗਾ ਉਸ ਖਿਲਾਫ ਕਾਨੂੰਨੀ ਤਰੀਕੇ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ।।