ਗੈਰ ਕਾਨੂੰਨੀ ਪ੍ਰਵਾਸੀਆਂ ਦੀ ਦੇਸ਼ ਵਾਪਸੀ ਲਈ ਅਮਰੀਕਾ ਸਥਿਤ ਦੂਤ ਘਰਾਂ ਦੀ ਸਹਾਇਤਾ ਲਵੇ ਮੋਦੀ ਸਰਕਾਰ- ਧਾਲੀਵਾਲ

ਗੈਰ ਕਾਨੂੰਨੀ ਪ੍ਰਵਾਸੀਆਂ ਦੀ ਦੇਸ਼ ਵਾਪਸੀ ਲਈ ਅਮਰੀਕਾ ਸਥਿਤ ਦੂਤ ਘਰਾਂ ਦੀ ਸਹਾਇਤਾ ਲਵੇ ਮੋਦੀ ਸਰਕਾਰ- ਧਾਲੀਵਾਲ

ਅੰਮ੍ਰਿਤਸਰ 6 ਫਰਵਰੀ 2025---

ਪ੍ਰਵਾਸੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਬੀਤੇ ਦਿਨ ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤ ਵਾਸੀਆਂ ਨਾਲ ਕੀਤੇ ਗਏ ਦੁਰਵਿਹਾਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਗੈਰ ਕਾਨੂੰਨੀ ਤੌਰ ਉੱਤੇ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਦੀ ਦੇਸ਼ ਵਾਪਸੀ ਲਈ ਮੋਦੀ ਸਰਕਾਰ ਅਮਰੀਕਾ ਸਥਿਤ ਭਾਰਤੀ ਦੂਤਕਰਾਂ ਦੀ ਸਹਾਇਤਾ ਲਵੇ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਨੌਜਵਾਨਾਂ ਨੇ ਜਿਸ ਤਰ੍ਹਾਂ ਆਪਣੇ ਘਰਾਂ ਵਿੱਚ ਪਹੁੰਚ ਕੇ ਦੱਸਿਆ ਕਿ ਸਾਨੂੰ ਜਹਾਜ ਵਿੱਚ ਹੱਥ ਘੜੀਆਂ ਅਤੇ ਪੈਰਾਂ ਵਿੱਚ ਜੰਜੀਰਾਂ ਲਗਾ ਕੇ ਲਿਆਂਦਾ ਗਿਆ ਤਾਂ ਇਹ ਬਹੁਤ ਹੀ ਤ੍ਰਾਸ਼ਦੀ ਵਾਲੀ ਗੱਲ ਹੈ । ਉਹਨਾਂ ਕਿਹਾ ਕਿ ਅਮਰੀਕਾ ਤੋਂ ਅੰਮ੍ਰਿਤਸਰ ਦੀ ਉਡਾਨ ਤਕਰੀਬਨ 17-18 ਘੰਟੇ ਦੀਉਹ ਵੀ ਯਾਤਰੀ ਜਹਾਜ਼ ਨਾ ਹੋ ਕੇ ਫੌਜ ਦੇ ਮਾਲ ਢੋਣ ਵਾਲੇ ਜਹਾਜ ਵਿੱਚ ਹੋਵੇ ਅਤੇ ਉਪਰੋਂ ਹੱਥ ਘੜੀਆਂ ਤੇ ਜੰਜੀਰਾਂ ਲੱਗੀਆਂ ਹੋਣ ਤਾਂ ਇਸ ਤੋਂ ਵੱਡਾ ਤਸ਼ੱਦਦ ਕੋਈ ਹੋਰ ਨਹੀਂ ਹੋ ਸਕਦਾ।  ਉਹਨਾਂ ਕਿਹਾ ਕਿ ਇਹ ਨੌਜਵਾਨ ਅਮਰੀਕਾ ਵਿੱਚ ਕਿਰਤ ਕਰਨ ਲਈ ਗਏ ਸਨ ਪਰ ਇਹਨਾਂ ਨਾਲ ਅਪਰਾਧੀਆਂ ਵਰਗਾ ਵਤੀਰਾ ਕੀਤਾ ਗਿਆ ‌।  ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸ੍ਰੀ ਜੈ ਸ਼ੰਕਰ ਨੂੰ ਇਹ ਸੁਨੇਹਾ ਅਮਰੀਕਾ ਸਰਕਾਰ ਨੂੰ ਜਰੂਰ ਲਗਾਉਣਾ ਚਾਹੀਦਾ ਹੈ ਕਿ ਜੇਕਰ ਸਾਡਾ ਕੋਈ ਵੀ ਭਾਰਤੀ ਡਿਪੋਰਟ ਕਰਨਾ ਹੈ ਤਾਂ ਸਾਡੇ ਅਮਰੀਕਾ ਸਥਿਤ ਦੂਤ ਘਰਾਂ ਦੇ ਹਵਾਲੇ ਕਰ ਦੇਵੋ ਅਸੀਂ ਆਪੇ ਉਸਦੀ ਦੇਸ਼ ਵਾਪਸੀ ਦਾ ਪ੍ਰਬੰਧ ਕਰਾਂਗੇ।

ਉਹਨਾਂ ਦੇਸ਼ ਨਿਕਾਲੇ ਲਈ ਅੰਮ੍ਰਿਤਸਰ ਦੇ ਹਵਾਈ ਅੱਡੇ ਦੀ ਚੋਣ ਨੂੰ ਵੀ ਰਾਜਨੀਤੀ ਤੋਂ ਪ੍ਰੇਰਤ ਦੱਸਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਤਾਂ ਇਸ ਜਹਾਜ਼ ਨੂੰ ਦਿੱਲੀ ਮੁੰਬਈ ਉਤਾਰਨ ਤੋਂ ਪਾਸਾ ਵੱਟ ਕੇ ਖਹਿੜਾ ਛੁਡਾ ਲਿਆ ਪਰ ਅਸੀਂ ਆਪਣੀ ਜਿੰਮੇਵਾਰੀ ਤੋਂ ਨਹੀਂ ਭੱਜਦੇ । ਉਹਨਾਂ ਕਿਹਾ ਕਿ ਕੱਲ ਅੰਮ੍ਰਿਤਸਰ ਉਤਰੇ ਭਾਰਤ ਵਾਸੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਮਹਿਮਾਨ ਨਿਵਾਜੀ ਦਾ ਸਬੂਤ ਦਿੰਦੇ ਹੋਏ ਰੋਟੀ-ਪਾਣੀ ਖਵਾਇਆ ਅਤੇ ਉਹਨਾਂ ਦੀ ਘਰ ਵਾਪਸੀ ਦਾ ਪ੍ਰਬੰਧ ਕੀਤਾ। ਅਸੀਂ ਅੱਗੇ ਤੋਂ ਵੀ ਆਪਣੀ ਜਿੰਮੇਵਾਰੀ ਤੋਂ ਨਹੀਂ ਭੱਜਾਗੇ ਪਰ ਭਾਜਪਾ ਸਰਕਾਰ ਆਪਣੀ ਜਿੰਮੇਵਾਰੀ ਸਮਝਦੇ ਹੋਏ ਇਹਨਾਂ ਨੌਜਵਾਨਾਂ ਲਈ ਢਾਲ ਬਣੇ ਅਤੇ ਟਰੰਪ ਸਰਕਾਰ ਨਾਲ ਗੱਲ ਕਰਕੇ ਜਾਂ ਤਾਂ ਇਹਨਾਂ ਦੀ ਦੇਸ਼ ਵਾਪਸੀ ਰੁਕਵਾਏ ਅਤੇ ਜਾਂ ਫਿਰ ਆਪਣੇ ਦੂਤ ਘਰਾਂ ਰਾਹੀਂ ਇਹਨਾਂ ਨੂੰ ਬਾਇਜਤ ਦੇਸ਼ ਲਿਆਂਦਾ ਜਾਵੇ।

Tags: