ਡਿਪਟੀ ਕਮਿਸ਼ਨਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ

ਡਿਪਟੀ ਕਮਿਸ਼ਨਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ

ਰੂਪਨਗਰ, 1 ਅਪ੍ਰੈਲ: ਰੂਪਨਗਰ ਜ਼ਿਲ੍ਹੇ ਦੀਆਂ ਸਮੂਹ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਪੁਖਤਾ ਪ੍ਰਬੰਧਾਂ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਕਣਕ ਦੀ ਖਰੀਦ ਏਜੰਸੀਆਂ ਅਤੇ ਸਮੂਹ ਆੜਤੀਆਂ ਨਾਲ ਮੀਟਿੰਗ ਕੀਤੀ ਅਤੇ ਸਬ ਡਵੀਜ਼ਨਲ ਮੈਜਿਸਟਰੇਟ ਸਮੇਤ ਜ਼ਿਲ੍ਹਾ ਕੰਟਰੋਲਰ, ਖੁਰਾਕ ਤੇ ਸਪਲਾਈਜ਼ ਡਾ. ਕਿੰਮੀ ਵਨੀਤ ਕੌਰ ਸੇਠੀ ਅਤੇ ਸਬੰਧਿਤ ਵਿਭਾਗਾਂ ਨੂੰ ਕਣਕ ਦੀ ਖਰੀਦ ਦੌਰਾਨ ਆਪਣੀ ਬਣਦੀ ਜਿੰਮੇਵਾਰੀ ਨਾਲ ਨਿਭਾਉਣ ਦੀ ਹਦਾਇਤ ਕੀਤੀ।
 
ਇਸ ਮੌਕੇ ਉਨਾਂ ਸਮੂਹ ਐੱਸ ਡੀ ਐੱਮ ਨੂੰ ਹਦਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਆਪਣੇ ਇਲਾਕੇ ਅਧੀਨ ਆਉਂਦੀ ਅਨਾਜ ਮੰਡੀ ਦੀ ਕਣਕ ਦੀ ਖਰੀਦ ਅਤੇ ਸਾਂਭ-ਸੰਭਾਲ ਲਈ ਜਿਲ੍ਹਾ ਮੰਡੀ ਅਫਸਰ ਵਲੋਂ ਕੀਤੇ ਗਏ ਪ੍ਰਬੰਧਾਂ ਦਾ ਜਮੀਨੀ ਪੱਧਰ ਉੱਤੇ ਜਾ ਕੇ ਜਾਇਜਾ ਲਿਆ ਜਾਵੇ। 
 
ਉਨ੍ਹਾਂ ਐੱਸ ਡੀ ਐੱਮ ਨੂੰ ਇਹ ਵੀ ਆਦੇਸ਼ ਦਿੱਤੇ ਕਿ ਆਪਣੀ ਸਬ ਡਿਵੀਜ਼ਨ ਉਤੇ ਖਰੀਦ ਏਜੰਸੀਆਂ, ਆੜਤੀਆਂ ਅਤੇ ਹੋਰ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਖਰੀਦ ਉਤੇ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਆਉਣ ਉਤੇ ਮੌਕੇ ਉਤੇ ਹੱਲ ਕਰਨ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ। ਉਨ੍ਹਾਂ ਆਦੇਸ਼ ਦਿੱਤੇ ਕਿ ਮੰਡੀਆਂ ਵਿੱਚ ਪੀਣ ਵਾਲਾ ਪਾਣੀ, ਬਿਜਲੀ, ਸਫਾਈ, ਛਾਂ ਅਤੇ ਖਪਾਨਿਆ ਦਾ ਯੋਗ ਪ੍ਰਬੰਧ ਕੀਤਾ ਜਾਵੇ। 
ਸ੍ਰੀ ਵਰਜੀਤ ਵਾਲੀਆ ਨੇ ਕਿਹਾ ਕਿ ਜਿਲ੍ਹੇ ਦੀ ਨੋਟੀਫਾਈ ਕੀਤੀਆਂ ਮੰਡੀਆਂ ਵਿਚ ਬਾਰਦਾਨੇ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾ ਦੀ ਫਸਲ ਸਮੇਂ ਸਿਰ ਖਰੀਦ ਕਰਨ ਤੋਂ ਬਾਅਦ ਕਿਸਾਨਾਂ ਨੂੰ ਅਦਾਇਗੀ 48 ਘੰਟਿਆਂ ਦੇ ਅੰਤਰਾਲ ਵਿੱਚ ਹੀ ਕੀਤੀ ਜਾਵੇਗੀ। 
 
ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵਲੋਂ ਜ਼ਿਲ੍ਹੇ ਦੀ ਹਰ ਇੱਕ ਮੰਡੀ ਵਿੱਚ ਖਰੀਦ ਏਜੰਸੀਆਂ ਵੱਲੋਂ ਖਰੀਦੀ ਗਈ ਕਣਕ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਮੰਡੀ ਵਿਚੋਂ ਚੁੱਕ ਕੇ ਭੰਡਾਰ ਕਰਨ ਵਾਲੀ ਥਾਂ ਉਤੇ ਸਟੋਰ ਕਰਨ ਲਈ ਲੇਬਰ, ਲੇਬਰ-ਕਾਰਟੇਜ ਅਤੇ ਟਰਾਂਸਪੋਰਟੇਸ਼ਨ ਦੇ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾਵੇ।
 
ਉਨ੍ਹਾਂ ਪੁਲਿਸ ਵਿਭਾਗ ਨੂੰ ਕਿਹਾ ਕਿ ਸੀਜ਼ਨ ਦੌਰਾਨ ਬਾਹਰਲੇ ਰਾਜਾਂ ਤੋਂ ਜਿਲ੍ਹੇ ਦੀਆਂ ਮੰਡੀਆ ਵਿੱਚ ਐਮ.ਐਸ.ਪੀ. ਤੇ ਕਣਕ ਵੇਚਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਟਰ-ਸਟੇਟ ਨਾਕੇ ਅਤੇ ਫਲਾਇੰਗ ਸਕੁਐਡ ਰਾਹੀ ਵਾਹਨਾ ਦੀ ਚੈਕਿੰਗ ਉਤੇ ਸਖ਼ਤੀ ਕੀਤੀ ਜਾਵੇ।
 
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਯੋਤੀ ਸਿੰਘ, ਐਸ ਪੀ ਅਰਵਿੰਦ ਮੀਨਾ, ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਐਸ.ਡੀ.ਐਮ. ਮੋਰਿੰਡਾ ਸੁਖਪਾਲ ਸਿੰਘ, ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਜਸਪ੍ਰੀਤ ਸਿੰਘ, ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂ, ਐਸ.ਡੀ.ਐਮ. ਰੂਪਨਗਰ ਸਚਿਨ ਪਾਠਕ, ਜ਼ਿਲ੍ਹਾ ਮੈਨੇਜਰ ਮਾਰਕਫੈੱਡ ਸ੍ਰੀਮਤੀ ਨਵੀਤਾ, ਜਿਲ੍ਹਾ ਮੈਨੇਜਰ ਪਨਸਪ ਸ੍ਰੀ ਪਰਮਿੰਦਰਜੀਤ ਬੋਪਾਰਾਏ, ਜਿਲ੍ਹਾ ਮੈਨੇਜਰ ਵੇਅਰਹਾਉਸ ਸ੍ਰੀ ਰਘਵੀਰ ਸਿੰਘ ਅਤੇ ਐਫ.ਸੀ.ਆਈ. ਏਜੰਸੀ ਦੇ ਨੁਮਾਇੰਦੇ, ਆੜਤੀ ਐਸੋਸੀਏਸ਼ਨ ਸ੍ਰੀ ਚਮਕੌਰ ਸਾਹਿਬ ਪ੍ਰਧਾਨ ਮੇਜਰ ਸਿੰਘ ਮਾਂਗਟ, ਮੋਰਿੰਡਾ ਤੋਂ ਆੜਤੀ ਗੁਰਮੇਲ ਰੰਗੀ, ਬੇਲੀ ਤੋਂ ਆੜਤੀ ਸੁਰਿੰਦਰ ਸਿੰਘ, ਰੋਪੜ ਤੋਂ ਟ੍ਰਾਂਸਪੋਟਰ ਗੁਰਮੁਖ ਸਿੰਘ, ਨੰਗਲ ਤੋਂ ਰੋਹਿਤ ਕਾਲੀਆ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
Tags: