Saturday, December 28, 2024

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (27 ਮਾਰਚ, 2024)

Date:

ਸਲੋਕ ਮਃ ੫ ॥
ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥ ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥੧॥ ਮਃ ੫ ॥ ਜਿਨੑਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥ ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ॥੨॥ ਪਉੜੀ ॥ ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥ ਮਨ ਕੀ ਕਟੀਐ ਮੈਲੁ ਸਾਧਸੰਗਿ ਵੁਠਿਆ ॥ ਜਨਮ ਮਰਣ ਭਉ ਕਟੀਐ ਜਨ ਕਾ ਸਬਦੁ ਜਪਿ ॥ ਬੰਧਨ ਖੋਲਨਿੑ ਸੰਤ ਦੂਤ ਸਭਿ ਜਾਹਿ ਛਪਿ ॥ ਤਿਸੁ ਸਿਉ ਲਾਇਨਿੑ ਰੰਗੁ ਜਿਸ ਦੀ ਸਭ ਧਾਰੀਆ ॥ ਊਚੀ ਹੂੰ ਊਚਾ ਥਾਨੁ ਅਗਮ ਅਪਾਰੀਆ ॥ ਰੈਣਿ ਦਿਨਸੁ ਕਰ ਜੋੜਿ ਸਾਸਿ ਸਾਸਿ ਧਿਆਈਐ ॥ ਜਾ ਆਪੇ ਹੋਇ ਦਇਆਲੁ ਤਾਂ ਭਗਤ ਸੰਗੁ ਪਾਈਐ ॥੯॥
ਬੁੱਧਵਾਰ, ੧੪ ਚੇਤ (ਸੰਮਤ ੫੫੬ ਨਾਨਕਸ਼ਾਹੀ) ੨੭ ਮਾਰਚ, ੨੦੨੪  (ਅੰਗ : ੫੨੦)
ਸਲੋਕ ਮਃ ੫ ॥

(ਸੰਸਾਰ-) ਨਦੀ ਵਿਚ ਤਰਦੀ ਦਾ ਮੇਰਾ ਪੈਰ (ਮੋਹ ਦੇ ਚਿੱਕੜ ਵਿਚ) ਨਹੀਂ ਖੁੱਭਦਾ, ਕਿਉਂਕਿ ਮੇਰੇ ਹਿਰਦੇ ਵਿਚ ਤੇਰੀ ਪ੍ਰੀਤਿ ਹੈ । ਹੇ ਪਤੀ (ਪ੍ਰਭੂ)! ਮੈਂ ਆਪਣਾ ਇਹ ਨਿਮਾਣਾ ਜਿਹਾ ਦਿਲ ਤੇਰੇ ਚਰਨਾਂ ਵਿਚ ਪ੍ਰੋ ਲਿਆ ਹੈ, ਹੇ ਹਰੀ! (ਸੰਸਾਰ-ਸਮੁੰਦਰ ਵਿਚੋਂ ਤਰਨ ਲਈ, ਤੂੰ ਹੀ) ਨਾਨਕ ਦਾ ਤੁਲ੍ਹਾ ਹੈਂ ਤੇ ਬੇੜੀ ਹੈਂ ।੧। ਸਾਡੇ (ਅਸਲ) ਮਿੱਤਰ ਉਹੀ ਮਨੁੱਖ ਹਨ ਜਿਨ੍ਹਾਂ ਦਾ ਦੀਦਾਰ ਹੋਇਆਂ ਭੈੜੀ ਮੱਤ ਦੂਰ ਹੋ ਜਾਂਦੀ ਹੈ, ਪਰ, ਹੇ ਦਾਸ ਨਾਨਕ! ਮੈਂ ਸਾਰਾ ਜਗਤ ਭਾਲ ਵੇਖਿਆ ਹੈ, ਕੋਈ ਵਿਰਲੇ (ਅਜੇਹੇ ਮਨੁੱਖ ਮਿਲਦੇ ਹਨ) ।੨। (ਹੇ ਪ੍ਰਭੂ!) ਤੇਰੇ ਭਗਤਾਂ ਦਾ ਦਰਸ਼ਨ ਕੀਤਿਆਂ ਤੂੰ ਮਾਲਕ ਅਸਾਡੇ ਮਨ ਵਿਚ ਆ ਵੱਸਦਾ ਹੈਂ, ਸਾਧ ਸੰਗਤਿ ਵਿਚ ਅੱਪੜਿਆਂ ਮਨ ਦੀ ਮੈਲ ਕੱਟੀ ਜਾਂਦੀ ਹੈ, (ਸਾਧ ਸੰਗਤਿ ਵਿਚ ਰਹਿ ਕੇ) ਸਿਫ਼ਤਿ-ਸਾਲਾਹ ਦੀ ਬਾਣੀ ਪੜ੍ਹਿਆਂ ਸੇਵਕ ਦਾ ਜਨਮ ਮਰਨ ਦਾ (ਭਾਵ, ਸਾਰੀ ਉਮਰ ਦਾ) ਡਰ ਕੱਟਿਆ ਜਾਂਦਾ ਹੈ, ਕਿਉਂਕਿ ਸੰਤ (ਜਿਸ ਮਨੁੱਖ ਦੇ ਮਾਇਆ ਵਾਲੇ) ਬੰਧਨ ਖੋਲ੍ਹਦੇ ਹਨ (ਉਸ ਦੇ ਵਿਕਾਰ ਰੂਪ) ਸਾਰੇ ਜਿੰਨ ਭੂਤ ਲੁਕ ਜਾਂਦੇ ਹਨ । ਇਹ ਸਾਰੀ ਸ੍ਰਿਸ਼ਟੀ ਜਿਸ ਪ੍ਰਭੂ ਦੀ ਟਿਕਾਈ ਹੋਈ ਹੈ, ਜਿਸ ਦਾ ਅਸਥਾਨ ਸਭ ਤੋਂ ਉੱਚਾ ਹੈ, ਜੋ ਅਪਹੁੰਚ ਤੇ ਬੇਅੰਤ ਹੈ, ਸੰਤ ਉਸ ਪਰਮਾਤਮਾ ਨਾਲ (ਅਸਾਡਾ) ਪਿਆਰ ਜੋੜ ਦੇਂਦੇ ਹਨ । (ਹੇ ਭਾਈ!) ਦਿਨ ਰਾਤਿ ਸੁਆਸ ਸੁਆਸ ਹੱਥ ਜੋੜ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, ਜਦੋਂ ਪ੍ਰਭੂ ਆਪ ਹੀ ਦਿਆਲ ਹੁੰਦਾ ਹੈ ਤਾਂ ਉਸ ਦੇ ਭਗਤਾਂ ਦੀ ਸੰਗਤਿ ਪ੍ਰਾਪਤ ਹੁੰਦੀ ਹੈ ।੯।

Share post:

Subscribe

spot_imgspot_img

Popular

More like this
Related