ਵਿੱਤ ਮੰਤਰੀ ਪੰਜਾਬ ਨੇ ਬਜਟ ਇਜਲਾਸ ਵਿੱਚ ਖੇਡਾਂ ਅਤੇ ਸਿਹਤ ਸਬੰਧੀ ਕੀਤਾ ਵੱਡਾ ਐਲਾਨ
ਚੰਡੀਗੜ੍ਹ- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਸੈਸ਼ਨ 2025-26 ਵਿੱਚ ਖੇਡਾਂ ਅਤੇ ਸਿਹਤ ਸਬੰਧੀ ਵੱਡੇ ਐਲਾਨ ਕੀਤੇ ਹਨ। ਬਜਟ ਸੈਸ਼ਨ ਚ ਬੋਲਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਖੇਡਦਾ ਪੰਜਾਬ ਬਦਲਦਾ ਪੰਜਾਬ ਹੈ। ਪੰਜਾਬ ਹਮੇਸ਼ਾ ਹੀ ਜੇਤੂਆਂ ਦੀ ਧਰਤੀ ਰਿਹਾ ਹੈ। ਸਾਡੀ ਨੌਜਵਾਨਾਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਚਮਕਣ ਦੀ ਪ੍ਰਤਿਭਾ ਅਤੇ ਜਨੂਨ ਹੈ। ਮੈਗਾ ਸਪੋਰਟਸ ਇਨੀਸੇਟਿਵ ਅਧੀਨ ਸਰਕਾਰ ਖੇਡਾਂ ਨੂੰ ਪ੍ਰਫੁਲਿਤ ਕਰਨ ਤੇ ਜ਼ੋਰ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਪੰਜਾਬ ਨੂੰ ਖੇਡਾਂ ਵਿੱਚ ਉੱਤਮ ਕੇਂਦਰ ਬਣਾਉਣ ਵਿੱਚ ਸਫ਼ਲ ਜ਼ਰੂਰ ਹੋਵੇਗੀ ਤਾਂ ਜੋ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਖੇਡਦਾ ਪੰਜਾਬ ਅਤੇ ਬਦਲਦਾ ਪੰਜਾਬ ਮਿਸ਼ਨ ਤਹਿਤ ਆਪ ਸਰਕਾਰ ਨੇ ਹਰ ਪਿੰਡ ਵਿੱਚ ਖੇਡ ਮੈਦਾਨ ਅਤੇ ਜਿਮ ਮੁਹੱਈਆ ਕਰਾਉਣ ਦੀ ਪੇਸ਼ਕਸ਼ ਕੀਤੀ ਹੈ। ਜਿਸ ਵਿੱਚ ਸੋਲਰ ਲਾਈਟਿੰਗ, ਰਨਿੰਗ ਟਰੈਕ ਅਤੇ ਵੱਖਰੇ ਵੱਖਰੇ ਖੇਡ ਮੈਦਾਨ ਬਣਾਉਣ ਦੀ ਤਜਵੀਜ਼ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਕੁਝ ਦਿਨਾਂ ਵਿੱਚ ਹੀ ਤਰਨਤਾਰਨ ਵਿੱਚ 87 ਵਾਲੀਬਾਲ ਖੇਡ ਮੈਦਾਨਾਂ ਦਾ ਨਿਰਮਾਣ ਕੀਤਾ ਹੈ।
Read Also- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਸੈਸ਼ਨ ਵਿੱਚ ਕੀਤੇ ਵੱਡੇ ਐਲਾਨ
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਬੰਧ ਵਿੱਚ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਤੰਦਰੁਸਤੀ ਹੀ ਪਰਿਵਾਰ ਨੂੰ ਮਜ਼ਬੂਤ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮੁਫ਼ਤ ਸਿਹਤ ਸੇਵਾ ਹਰ ਨਾਗਰਿਕ ਨੂੰ ਮੁਹੱਈਆ ਹੋਣੀ ਚਾਹੀਦੀ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਸਿਹਤ ਦਾ ਮੁੱਦਾ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਵਿੱਚੋਂ ਇੱਕ ਰਿਹਾ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਸਰਕਾਰ ਨੇ 881 ਮੁਹੱਲਾ ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਹੈ। ਜਿਸ ਵਿੱਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਮਰੀਜ਼ ਆਪਣਾ ਇਲਾਜ ਮੁਫ਼ਤ ਵਿੱਚ ਕਰਵਾਉਂਦੇ ਹਨ।
ਹਰਪਾਲ ਸਿੰਘ ਚੀਮਾ ਨੇ ਸਿਹਤ ਵਿਭਾਗ ਲਈ 268 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸਰਕਾਰ ਨਾਗਰਿਕਾਂ ਨੂੰ ਸਿਹਤ ਕਾਰਡ ਮੁਹੱਈਆ ਕਰੇਗੀ ਜਿਸ ਦੀ ਵਰਤੋਂ ਨਾਲ ਗਰੀਬ ਅਤੇ ਪਛੜੀਆਂ ਸ਼੍ਰੇਣੀਆਂ ਮੁਫ਼ਤ ਇਲਾਜ ਸਹੂਲਤਾਂ ਹਾਸਲ ਕਰ ਸਕਣਗੀਆਂ।
ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਲਈ ਕੁੱਲ 5 ਹਜ਼ਾਰ 598 ਕਰੋੜ ਰੁਪਏ ਦਾ ਵਿੱਤੀ ਬਜਟ ਰੱਖਿਆ ਗਿਆ ਹੈ। ਜੋ ਕਿ ਪਿਛਲੇ ਸਾਲਾਂ ਨਾਲੋਂ ਦਸ ਫ਼ੀਸਦੀ ਵੱਧ ਹੈ।
ਨਾਲ ਹੀ ਉਨ੍ਹਾਂ ਪੇਂਡੂ ਵਿਕਾਸ ਲਈ 3500 ਕਰੋੜ ਰੁਪਏ ਬਜਟ ਰਾਸ਼ੀ ਵਿੱਚ ਰੱਖੇ ਹਨ ਜਿਸ ਦੁਆਰਾ ਪੰਜਾਬ ਦੇ 12,581 ਪਿੰਡਾਂ ਦੀ ਨੁਹਾਰ ਨੂੰ ਬਦਲਿਆ ਜਾਵੇਗਾ। ਪਿੰਡਾਂ ਵਿੱਚ ਛੱਪੜਾਂ ਦੀ ਸਫ਼ਾਈ, ਸੀਵਰੇਜ ਸਿਸਟਮ, ਸਟਰੀਟ ਲਾਈਟਾਂ ਨੂੰ ਯਕੀਨੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ।
ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਵਾਲੀਆਂ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਲਈ 2873 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਰੰਗਲਾ ਪੰਜਾਬ ਮੁਹਿੰਮ ਤਹਿਤ 585 ਕਰੋੜ ਰੁਪਏ ਰੱਖੇ ਗਏ ਹਨ ਜਿਸ ਚੋਂ ਲਗਭਗ ਪੰਜ ਕਰੋੜ ਰੁਪਏ ਹਰੇਕ ਵਿਧਾਨ ਸਭਾ ਹਲਕੇ ਦੇ ਹਿੱਸੇ ਆਉਣਗੇ।