ਕਪੂਰਥਲਾ ’ਚ ਅੱਗ ਨੇ ਮਚਾਇਆ ਕਹਿਰ
ਕਪੂਰਥਲਾ- ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੋਡ ਉੱਤੇ ਰੇਲ ਕੋਚ ਫੈਕਟਰੀ ਨੇੜੇ ਸਥਿਤ ਝੁੱਗੀਆਂ ਨੂੰ ਦੇਰ ਰਾਤ ਅੱਗ ਲੱਗਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਣਯੋਗ ਹੈ ਕਿ ਅੱਗ ਦੀਆਂ ਝਪਟਾਂ ਐਨੀਆਂ ਤੇਜ਼ ਸਨ ਕਿ ਅੱਗ ਨੇ ਲੋਕਾਂ ਦੀਆਂ ਚੀਕਾਂ ਕਢਾ ਦਿੱਤੀਆਂ। ਇਸ ਭਿਆਨਕ ਹਾਦਸੇ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਡਰ ਅਤੇ ਸਹਿਮ ਪਾਇਆ ਗਿਆ ਹੈ।
ਇਹ ਦੱਸਣਾ ਲਾਜ਼ਮੀ ਹੋਵੇਗਾ ਕਿ ਅਜੇ ਤੱਕ ਵੀ ਅੱਗ ਲੱਗਣ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਪਰ ਭੁਲਾਣਾ ਚੌਂਕੀ ਪੁਲਿਸ ਨੇ ਬੜੀ ਫ਼ੁਰਤੀ ਨਾਲ ਅੱਗ ਉੱਤੇ ਕਾਬੂ ਪਾਉਣ ਵਿੱਚ ਸਫ਼ਲਤਾ ਹਾਸਲ ਕਰ ਲਈ। ਇਸ ਹਾਦਸੇ ਵਿੱਚ ਤਕਰੀਬਨ 65 ਝੌਂਪੜੀਆਂ ਦੇ ਸੜ ਕੇ ਸੁਆਹ ਹੋਣ ਦੀ ਸੂਚਨਾ ਮਿਲ ਰਹੀ ਹੈ।
Read Also- SC ਨੇ ਪੰਜਾਬ ਦੇ DGP ਨੂੰ ਔਰਤ ਦੀ ਮੌਤ ਦੀ ਜਾਂਚ ਲਈ SIT ਗਠਿਤ ਕਰਨ ਦੇ ਜਾਰੀ ਕੀਤੇ ਹੁਕਮ
ਇਸ ਹਾਦਸੇ ਦੀ ਪੁਸ਼ਟੀ ਚੌਂਕੀ ਭੁਲਾਣਾ ਦੇ ASI ਦਵਿੰਦਰ ਪਾਲ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਵਿੱਚ 8 ਫਾਇਰ ਬ੍ਰਿਗੇਡ ਗੱਡੀਆਂ ਦੀ ਵਰਤੋਂ ਕੀਤੀ ਜਾ ਚੁੱਕੀ ਹੈ। ਸੂਚਨਾ ਅਨੁਸਾਰ ਰਾਤ ਕਰੀਬ 9.30 ਵਜੇ ਇਹ ਹਾਦਸਾ ਵਾਪਰਿਆ ਸੀ। ਅੱਗ ਬੁਝਾਉਣ ਦੀ ਸੂਚਨਾ ਮਿਲਦੇ ਹੀ ਆਰਸੀਐੱਫ ਕਪੂਰਥਲਾ ਸੁਲਤਾਨਪੁਰ ਲੋਧੀ ਅਤੇ ਕਰਤਾਰਪੁਰ ਸਾਹਿਬ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉੱਤੇ ਪਹੁੰਚ ਗਈਆਂ। ਅੱਗ ਏਨੀ ਭਿਆਨਕ ਸੀ ਕਿ ਇਸ ਨੂੰ ਕਾਫ਼ੀ ਸਮੇਂ ਵਿੱਚ ਕਾਬੂ ਕੀਤਾ ਗਿਆ।
ਅੱਗ ਲੱਗਣ ਤੋਂ ਬਾਅਦ ਅੱਗ ਦੇ ਫੈਲਾਓ ਕਾਰਨ ਝੁੱਗੀਆਂ ਝੌਂਪੜੀਆਂ ਦਾ ਪ੍ਰਭਾਵਿਤ ਹੋਣਾ ਸੁਭਾਵਿਤ ਸੀ ਕਿਉਂਕਿ ਇਹ ਝੁੱਗੀਆਂ ਝੌਂਪੜੀਆਂ ਬਿਲਕੁਲ ਇਸ ਦੇ ਨਜ਼ਦੀਕ ਸਨ। ਭੁਲਾਣਾ ਚੌਂਕੀ ਦੇ ਇੰਚਾਰਜ ਦਵਿੰਦਰ ਪਾਲ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਤੁਰੰਤ ਇਸ ਤੇ ਐਕਸ਼ਨ ਕੀਤਾ ਗਿਆ ਜਿਸ ਸਦਕਾ ਹੀ ਇਸ ਭਿਆਨਕ ਹਾਦਸੇ ਵਿੱਚੋਂ ਜਾਨੀ ਨੁਕਸਾਨ ਤੋਂ ਬਚਿਆ ਗਿਆ। ਉਨ੍ਹਾਂ ਕਿਹਾ ਕਿ ਟੀਮ ਨੇ ਪੂਰੀ ਜੱਦੋ ਜ਼ਹਿਦ ਨਾਲ ਅੱਗ ਤੇ ਕਾਬੂ ਪਾਇਆ।
ਜ਼ਿਕਰਯੋਗ ਹੈ ਕਿ ਲਗਭਗ 300 ਝੌਂਪੜੀਆਂ ਨੂੰ ਇਸ ਭਿਆਨਕ ਹਾਦਸੇ ਤੋਂ ਬਚਾ ਲਿਆ ਗਿਆ ਹੈ।