10 ਰੋਜ਼ਾ ਪੁਸਤਕ ਐਕਸਚੇਂਜ ਮੇਲੇ ਦੀ ਸਪੀਕਰ ਸੰਧਵਾਂ ਵੱਲੋਂ ਕੀਤੀ ਗਈ ਸ਼ੁਰੂਆਤ
ਫਰੀਦਕੋਟ 1 ਅਪ੍ਰੈਲ 2025( ) :- ਗੁੱਡ ਮੌਰਨਿੰਗ ਵੈਲਫੇਅਰ ਕਲੱਬ ਕੋਟਕਪੂਰਾ ਵਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ ਸਾਂਝੇ ਤੌਰ ’ਤੇ ਸਥਾਨਕ ਸਿੱਖਾਂਵਾਲਾ ਰੋਡ ’ਤੇ ਸਥਿੱਤ ਜੋਨਲ ਦਫਤਰ ਵਿੱਚ ਚਲਾਏ ਜਾ ਰਹੇ ਗੁਰੂ ਨਾਨਕ ਮੋਦੀਖਾਨਾ ਵਿਖੇ ਲਾਏ ਗਏ 10 ਰੋਜਾ ‘ਪੁਸਤਕ ਐਕਸਚੇਂਜ ਮੇਲੇ’ ਦੀ ਸ਼ੁਰੂਆਤ ਮੌਕੇ ਸ.ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਸ. ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਇਸ ਤਰ੍ਹਾਂ ਦੇ ਪੁਸਤਕ ਐਕਸਚੇਂਜ ਮੇਲੇ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਸਥਿੱਤ ਸਕੂਲਾਂ ਵਿੱਚ ਲਾਉਣੇ ਯਕੀਨੀ ਬਣਾਏ ਜਾਣ ਤਾਂ ਕੋਈ ਵੀ ਬੱਚਾ ਪੜਾਈ ਤੋਂ ਵਾਂਝਾ ਨਹੀਂ ਰਹੇਗਾ, ਕਿਉਂਕਿ ਬਹੁਤ ਸਾਰੇ ਬੱਚੇ ਪੜਾਈ ਵਿੱਚ ਹੁਸ਼ਿਆਰ ਹੋਣ ਦੇ ਬਾਵਜੂਦ ਵੀ ਆਰਥਿਕ ਕਮਜੋਰੀ ਕਾਰਨ ਕਿਤਾਬਾਂ ਨਾਂ ਹੋਣ ਕਾਰਨ ਪੜਾਈ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਆਪਣੇ ਵੱਲੋਂ ਜਥੇਬੰਦੀ ਨੂੰ ਇਸ ਸ਼ੁੱਭ ਕਾਰਜ ਲਈ ਪੰਜਾਹ ਹਜਾਰ ਰੁਪਏ ਦਾ ਯੋਗਦਾਨ ਪਾਉਣ ਦਾ ਐਲਾਨ ਕੀਤਾ।
ਸਪੀਕਰ ਸੰਧਵਾਂ ਨੇ ਅੰਤਰਰਾਸ਼ਟਰੀ ਸਾਈਕਲਿਸਟ ਗੁਰਪ੍ਰੀਤ ਸਿੰਘ ਕਮੋ ਦੇ ਬੇਟੇ ਰਬਾਬ ਸਿੰਘ ਅਤੇ ਉਸਦੇ ਸਾਥੀ ਤਰਸੇਮ ਮੱਤਾ ਨਾਟਕਕਾਰ ਵਲੋਂ ‘ਰੱਦੀ ਤੋਂ ਸਿੱਖਿਆ ਵੱਲ’ ਸੁਨੇਹਾ ਦੇਣ ਲਈ ਬਣਾਈ ਸ਼ਾਰਟ ਮੂਵੀ ਬਦਲੇ ਉਹਨਾਂ ਦਾ ਧੰਨਵਾਦ ਕਰਦਿਆਂ ਦਾਅਵਾ ਕੀਤਾ ਕਿ ਰਬਾਬ ਸਿੰਘ ਨੇ ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲਾ ਸੁਪਨਾ ਸਾਕਾਰ ਕਰ ਲਿਆ ਹੈ। ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਸਪੀਕਰ ਸੰਧਵਾਂ ਸਮੇਤ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਨੂੰ ਰਸਮੀ ਤੌਰ ’ਤੇ ਜੀ ਆਇਆਂ ਆਖਿਆ। ਮੋਦੀਖਾਨੇ ਦੇ ਸੰਚਾਲਕ ਹਰਪ੍ਰੀਤ ਸਿੰਘ ਖਾਲਸਾ ਅਤੇ ਕਲੱਬ ਦੇ ਜਨਰਲ ਸਕੱਤਰ ਪ੍ਰੋਰ ਐਚ.ਐਸ. ਪਦਮ ਮੁਤਾਬਿਕ ਪੁਰਾਣੀਆਂ ਕਿਤਾਬਾਂ ਦਾ ਉਕਤ ਪੁਸਤਕ ਐਕਸਚੇਂਜ ਮੇਲਾ 1 ਅਪੈ੍ਰਲ ਤੋਂ 10 ਅਪ੍ਰੈਲ ਤੱਕ ਬਾਅਦ ਦੁਪਹਿਰ 2:00 ਵਜੇ ਤੋਂ ਸ਼ਾਮ 7:00 ਵਜੇ ਤੱਕ ਰੋਜਾਨਾ ਲੱਗੇਗਾ।
ਮੰਚ ਸੰਚਾਲਨ ਕਰਦਿਆਂ ਗੁੱਡ ਮੌਰਨਿੰਗ ਕਲੱਬ ਦੇ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਉਕਤ ਪੁਸਤਕ ਮੇਲੇ ਵਿੱਚ ਸੀ.ਬੀ.ਐੱਸ.ਈ., ਪੰਜਾਬ ਸਕੂਲ ਸਿੱਖਿਆ ਬੋਰਡ ਸਮੇਤ ਪੰਜਾਬੀ ਯੂਨੀਵਰਸਿਟੀ ਜਾਂ ਹੋਰ ਪੋ੍ਰਫੈਸ਼ਨਲ ਕਾਲਜਾਂ ਦੇ ਕੋਰਸਾਂ ਨਾਲ ਸਬੰਧਤ ਸਾਰੀਆਂ ਹੀ ਪੁਰਾਣੀਆਂ ਕਿਤਾਬਾਂ ਦੀ ਅਦਲਾ-ਬਦਲੀ ਬੱਚਿਆਂ ਦੀ ਲੋੜ ਅਨੁਸਾਰ ਕਰਵਾਈ ਜਾਵੇਗੀ। ਇੱਥੇ ਹਰ ਕੋਈ ਵਿਦਿਆਰਥੀ, ਜਿਸ ਕੋਲ ਵੀ ਕਿਸੇ ਕਿਸਮ ਦੇ ਕੋਰਸ ਨਾਲ ਸਬੰਧਤ ਪੜਨਯੋਗ ਕਿਤਾਬਾਂ, ਪਾਣੀ ਵਾਲੀਆਂ ਬੋਤਲਾਂ, ਬੈਗ, ਜਮੈਟਰੀ ਬਾਕਸ, ਰੋਟੀ ਵਾਲੇ ਟਿਫਨ, ਬੂਟ ਆਦਿ ਸਮਾਨ ਉੱਥੇ ਜਮਾ ਕਰਵਾ ਕੇ ਉੱਥੇ ਮੌਜੂਦ ਸਮਾਨ ਵਿੱਚੋਂ ਆਪਣੀ ਲੋੜ ਅਨੁਸਾਰ ਵਸਤੂਆਂ ਘਰ ਲਿਜਾ ਸਕਦੇ ਹਨ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ. ਕੁਲਵੰਤ ਸਿੰਘ ਮੁੱਖ ਖੇਤੀਬਾੜੀ ਅਫਸਰ, ਕਲੱਬ ਦੇ ਚੇਅਰਮੈਨ ਪੱਪੂ ਲਾਹੌਰੀਆਂ, ਡਾ. ਅਵੀਨਿੰਦਰਪਾਲ ਸਿੰਘ ਜਿਲਾ ਟ੍ਰੇਨਿੰਗ ਅਫਸਰ, ਡਾ. ਗੁਰਪ੍ਰੀਤ ਸਿੰਘ ਬਲਾਕ ਅਫਸਰ, ਸ਼੍ਰੀ ਪੰਨਾ ਲਾਲ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ, ਭਾਰੀ ਗਿਣਤੀ ਵਿੱਚ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ/ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜਰ ਸਨ।