ਅਪਰਾਧ ਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਮੋਗਾ ਪੁਲਿਸ ਦਾ ਵਿਸ਼ੇਸ਼ ਉਪਰਾਲਾ, 99 ਸਥਾਨਾਂ ਤੇ ਲਗਾਏ ਉਚ ਤਕਨੀਕੀ ਨਿਗਰਾਨੀ ਕੈਮਰੇ

ਅਪਰਾਧ ਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਮੋਗਾ ਪੁਲਿਸ ਦਾ ਵਿਸ਼ੇਸ਼ ਉਪਰਾਲਾ, 99 ਸਥਾਨਾਂ ਤੇ ਲਗਾਏ ਉਚ ਤਕਨੀਕੀ ਨਿਗਰਾਨੀ ਕੈਮਰੇ

ਮੋਗਾ, 1 ਅਪ੍ਰੈਲ
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਿਹਤ ਪੰਜਾਬ ਪੁਲਿਸ ਵੱਲੋਂ ਅਪਰਾਧ ਨੂੰ ਮੁਕੰਮਲ ਰੂਪ ਵਿੱਚ ਖਤਮ ਕਰਨ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਅੱਜ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਅਜੇ ਗਾਂਧੀ ਦੀ ਯੋਗ ਅਗਵਾਈ ਹੇਠ ਸਮਾਰਟ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜੋ ਆਧੁਨਿਕ ਤਕਨੀਕ, ਉੱਚ ਗੁਣਵੱਤਾ ਵਾਲੇ ਨਿਗਰਾਨੀ ਉਪਕਰਣ ਅਤੇ ਨਵੀਆਂ ਤਕਨੀਕਾਂ ਨਾਲ ਲੈਸ ਹੋਵੇਗਾ। ਇਹ ਕੰਟਰੋਲ ਰੂਮ ਪੂਰੇ ਜ਼ਿਲ੍ਹੇ ਵਿੱਚ ਅਪਰਾਧ ਦੀ ਰੋਕਥਾਮ, ਸ਼ੱਕੀ ਗਤੀਵਿਧੀਆਂ ਤੇ ਨਿਗਰਾਨੀ ਅਤੇ ਮਾੜੇ ਅਨਸਰਾਂ ਨੂੰ ਬੇਨਕਾਬ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਇਸ ਪ੍ਰੋਜੈਕਟ ਅਧੀਨ ਪੂਰੇ ਮੋਗਾ ਪੁਲਿਸ ਵੱਲੋਂ ਵੱਖ ਵੱਖ ਸਥਾਨਾਂ ਤੇ 99 ਉਚ ਤਕਨੀਕੀ ਨਿਗਰਾਨੀ ਕੈਮਰੇ ਲਗਾਏ ਗਏ ਹਨ, ਜੋ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਆਧਾਰਿਤ ਆਧੁਨਿਕ ਐਨਫਰਾ ਕੈਮਰਿਆਂ ਨਾਲ ਵੀ ਸੰਚਾਲਿਤ ਹੋਣਗੇ।  ਇਸ ਨਾਲ ਵਾਹਨਾਂ ਦੀ ਪਛਾਣ ਅਤੇ ਟਰੇਸਿੰਗ ਹੋਰ ਵੀ ਸੁਖਾਲੀ ਹੋ ਜਾਵੇਗੀ, ਇਹ ਕੈਮਰੇ ਵਹੀਕਲ ਨੰਬਰ ਦੀ ਨੰਬਰ ਪਲੇਟ ਸਕੈਨ ਕਰਕੇ ਡਾਟਾਬੇਸ ਵਿੱਚ ਰਿਕਾਰਡ ਕਰਨਗੇ, ਜਿਸ ਨਾਲ ਚੋਰੀ ਜਾਂ ਸ਼ੱਕੀ ਵਹੀਕਲ ਦੀ ਪਛਾਣ ਤੁਰੰਤ ਹੋ ਸਕੇਗੀ।
ਸੀਨੀਅਕਰ ਕਪਤਾਨ ਪੁਲਿਸ ਸ਼੍ਰੀ ਅਜੇ ਗਾਂਧੀ ਨੇ ਦੱਸਿਆ ਕਿ ਹਫਤੇ ਦੇ ਸੱਤੇ ਦਿਨ ਚੌਵੀ ਘੰਟੇ ਇਹ ਕੈਮਰੇ ਲਾਈਵ ਨਿਗਰਾਨੀ ਰੱਖਣਗੇ, ਜਿਸ ਨਾਲ ਜਿਲ੍ਹੇ ਵਿੱਚ ਹੋ ਰਹੀ ਕੋਈ ਵੀ ਸ਼ੱਕੀ ਗਤੀਵਿਧੀ ਉਪਰ ਤੁਰੰਤ ਕਾਰਵਾਈ ਕੀਤੀ ਜਾ ਸਕੇਗੀ।  ਆਉਣ ਵਾਲੇ ਸਮੇਂ ਵਿੱਚ ਮੁੱਖ ਚੌਂਕਾਂ ਅਤੇ ਹਾਈ ਅਲਰਟ ਥਾਵਾਂ ਤੇ ਫੇਸ ਰੀਕਨਿਸ਼ਨ ਕੈਮਰੇ ਲਗਾਉਣ ਦੀ ਵੀ ਯੋਜਨਾ ਹੈ, ਜੋ ਫਰਾਰ ਅਪਰਾਧੀਆਂ ਦੀ ਪਛਾਣ ਵਿੱਚ ਮੱਦਦ ਕਰਨਗੇ।  ਮੋਗਾ ਜ਼ਿਲ੍ਹੇ ਵਿੱਚ ਸਾਰੇ ਪੀ.ਸੀ.ਆਰ ਤੇ ਈ.ਵੀ.ਆਰ ਵਹੀਕਲਾਂ ਨੂੰ ਵੀ ਜੀ.ਪੀ.ਐਸ. ਨਾਲ ਲੈਸ ਕਰ ਦਿੱਤਾ ਗਿਆ ਹੈ, ਜਿਸ ਨਾਲ ਇਹਨਾਂ ਦੀ ਲਾਈਵ ਲੋਕੇਸ਼ਨ ਸਮਾਰਟ ਕੰਟਰੋਲ ਰੂਮ ਵਿੱਚ ਦਿਸਦੀ ਰਹੇਗੀ। ਈ.ਵੀ.ਆਰ ਵਹੀਕਲਾਂ ਤੇ ਪੀ.ਟੀ.ਜੈਡ ਕੈਮਰੇ ਵੀ ਲਗਾਏ ਗਏ ਹਨ ਜੋ ਲੰਮੀ ਦੂਰੀ ਤੱਕ ਨਿਗਰਾਨੀ ਕਰਨ, ਵਾਰਦਾਤ ਦੀ ਲਾਈਵ ਰਿਕਾਰਡਿੰਗ ਅਤੇ ਸ਼ੱਕੀ ਹਲਚਲ ਨੂੰ ਜੂਮ ਕਰਕੇ ਦੇਖਣ ਵਿੱਚ ਮੱਦਦਗਾਰ ਹੋਣਗੇ।
ਇਸ ਅਪਡੇਸ਼ਨ ਨਾਲ ਚੋਰੀ ਅਤੇ ਲੁੱਟਪਾਟ ਵਾਲੀਆਂ ਵਾਰਦਾਤਾਂ ਵਿੱਚ ਕਟੌਤੀ ਹੋਵੇਗੀ, ਨਸ਼ਾ ਤਸਕਰੀ ਤੇ ਅਪਰਾਧ ਤੇ ਲਗਾਮ ਲੱਗੇਗੀ, ਵਾਹਨ ਚੋਰੀ ਅਤੇ ਤਸਕਰਾਂ ਦੀ ਪਛਾਣ ਸੌਖਾਲੀ ਹੋ ਜਾਵੇਗੀ।
ਸ਼੍ਰੀ ਅਜੇ ਗਾਂਧੀ ਨੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਜਾਂ ਗੈਰ-ਕਾਨੂੰਨੀ ਕਾਰਵਾਈ ਬਾਰੇ ਜਾਣਕਾਰੀ ਮਿਲਦੀ ਹੈ, ਤਾਂ ਉਹ ਤੁਰੰਤ 112 ਜਾਂ ਨਜਦੀਕੀ ਪੁਲਿਸ ਥਾਣੇ ਤੇ ਸੂਚਨਾ ਦੇਣ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ।

Tags: