ਬਟਾਲਾ ਨੇੜੇ ਵਾਪਰਿਆ ਭਿਆਨਕ ਹਾਦਸਾ, 2 ਵਿਦਿਆਰਥੀਆਂ ਦੀ ਹੋਈ ਮੌਤ
ਬਟਾਲਾ- ਪੰਜਾਬ ਵਿੱਚ ਸੜਕ ਹਾਦਸਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਨ੍ਹਾਂ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਹੀ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਦਾ ਐਲਾਨ ਕੀਤਾ ਗਿਆ ਸੀ। ਬੇਸ਼ੱਕ ਸੜਕ ਸੁਰੱਖਿਆ ਫੋਰਸ ਪੂਰੀ ਚੌਕਸੀ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ। ਪਰ ਪੰਜਾਬ ਸਰਕਾਰ ਸੜਕ ਹਾਦਸਿਆਂ ਨੂੰ ਘਟਾਉਣ ਵਿੱਚ ਸਫ਼ਲ ਸਾਬਤ ਨਹੀਂ ਹੋਈ ਹੈ। ਕਈ ਵਾਰ ਤਾਂ ਐਵੇਂ ਦੇਖਿਆ ਗਿਆ ਹੈ ਕਿ ਫੋਰਸ ਵਿਅਕਤੀ ਦੀ ਮੌਤ ਉਪਰੰਤ ਹੀ ਪੁੱਜਦੀ ਹੈ ਜੋ ਕਿ ਇੱਕ ਮੰਦਭਾਗੀ ਗੱਲ ਹੈ।
Read Also- ਬ੍ਰਿਟਿਸ਼ ਸੰਸਦ 'ਚ ਗੂੰਜਿਆ ਜਲ੍ਹਿਆਂਵਾਲਾ ਬਾਗ ਕਾਂਡ
ਅਜਿਹਾ ਹੀ ਇੱਕ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਬਟਾਲਾ ਦੇ ਨੇੜਲੇ ਪਿੰਡ ਮਿਰਜਾਜਾਨ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ 'ਚ ਬਣੇ ਪ੍ਰੀਖਿਆ ਕੇਂਦਰ ਵਿਖੇ ਬਾਰ੍ਹਵੀਂ ਜਮਾਤ ਦਾ ਪੇਪਰ ਦੇ ਕੇ ਵਾਪਸ ਪਰਤ ਰਹੇ ਨੌਜਵਾਨਾਂ ਦੀ ਕਾਰ ਦੀ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਦੋਵਾਂ ਵਿਦਿਆਰਥੀਆਂ ਦੀ ਮੌਕੇ 'ਤੇ ਮੌਤ ਹੋ ਗਈ। ਹੁਣ ਜੇਕਰ ਦੇਖਿਆ ਜਾਵੇ ਤਾਂ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਸੜਕ ਸੁਰੱਖਿਆ ਫੋਰਸ ਮੌਕੇ ’ਤੇ ਕਿਉਂ ਨਹੀਂ ਪੁੱਜੀ। ਮ੍ਰਿਤਕ ਵਿਦਿਆਰਥੀਆਂ ਦੀ ਪਛਾਣ ਚੰਨਬੀਰ ਸਿੰਘ ਤੇ ਗੋਪੀ ਵਜੋਂ ਹੋਈ ਹੈ। ਦੋਵੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ 'ਚ ਪੜ੍ਹਦੇ ਸਨ।
ਜਾਣਕਾਰੀ ਅਨੁਸਾਰ ਦੋਵੇਂ ਵਿਦਿਆਰਥੀ ਬਾਰ੍ਹਵੀਂ ਦਾ ਕੰਪਿਊਟਰ ਦਾ ਪੇਪਰ ਦੇ ਕੇ ਕਾਰ 'ਚ ਪ੍ਰੀਖਿਆ ਕੇਂਦਰ ਤੋਂ ਅਜੇ ਕੁਝ ਦੂਰ ਗਏ ਸਨ ਕਿ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ। ਕਾਰ ਤੇਜ਼ ਹੋਣ ਕਾਰਨ ਪਿੰਡ ਮਿਰਜਾਜਾਨ 'ਚ ਬਣੀ ਇਕ ਫੈਕਟਰੀ ਦੀ ਕੰਧ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਵੀ ਪਰਖੱਚੇ ਉੱਡ ਗਏ। ਮੌਕੇ ਤੇ ਪਹੁੰਚ ਕੇ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ ।