ਯੁੱਧ ਨਸ਼ਿਆਂ ਵਿਰੁੱਧ’ ; ‘ਦੌੜਦਾ ਪੰਜਾਬ’ ਮੈਰਾਥਨ ਰਾਹੀਂ ਨਸ਼ਿਆਂ ਖਿਲਾਫ਼ ਇਕਜੁੱਟ ਹੋਣ ਦਾ ਸੱਦਾ
ਜਲੰਧਰ, 27 ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਅੱਜ ਸਿਟੀ ਗਰੁੱਪ, ਰੇਡੀਓ ਮਿਰਚੀ, ਥਿੰਦ ਹਸਪਤਾਲ ਅਤੇ ਲਵਲੀ ਬੇਕ ਸਟੂਡੀਓ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ‘ਦੌੜਦਾ ਪੰਜਾਬ’ ਨਾਂਅ ਹੇਠ ਮੈਰਾਥਨ ਕਰਵਾਈ ਗਈ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਤਿੰਨ ਕਿਲੋਮੀਟਰ ਕੈਟਾਗਰੀ ਵਿੱਚ ਹਿੱਸਾ ਲੈ ਕੇ ਨਸ਼ਿਆਂ ਖਿਲਾਫ਼ ਇਕਜੁੱਟਤਾ ਦਾ ਸੱਦਾ ਦਿੱਤਾ।
ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਏ ਸਮਾਰੋਹ ਦੌਰਾਨ ਸਭ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵੱਲੋਂ ਨਸ਼ਾ ਮੁਕਤ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਕਰੀਬ 6500 ਵਿਅਕਤੀਆਂ, ਜਿਨ੍ਹਾਂ ਵਿੱਚ ਭਾਰੀ ਗਿਣਤੀ ਵਿੱਚ ਨੌਜਵਾਨ ਸ਼ਾਮਲ ਸਨ, ਨੂੰ ਨਸ਼ਿਆਂ ਖਿਲਾਫ਼ ਲੜਨ, ਨਸ਼ਾ ਤਸਕਰਾਂ ਦੀ ਮਦਦ ਕਰਨ ਵਾਲਿਆਂ ਦਾ ਵਿਰੋਧ ਕਰਨ ਅਤੇ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਦੀ ਸਹੁੰ ਚੁਕਾਈ ਗਈ।
ਇਸ ਮੌਕੇ ਡਾਇਰੈਕਟਰ ਪੀ.ਆਰ.ਟੀ.ਸੀ. ਰਜਿੰਦਰ ਸਿੰਘ ਰਿਹਾਲ, ਨਸ਼ਾ ਮੁਕਤੀ ਮੋਰਚਾ ਦੇ ਦੋਆਬਾ ਕੋਆਰਡੀਨੇਟਰ ਨਯਨ ਛਾਬੜਾ, ਸੀਨੀਅਰ ਆਪ ਆਗੂ ਅਸ਼ਵਨੀ ਅਗਰਵਾਲ ਤੇ ਪਿੰਦਰ ਪੰਡੌਰੀ, ਸਿਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਕੌਰ, ਰੇਡੀਓ ਮਿਰਚੀ ਤੋਂ ਭਾਨੂ ਗੋਇਲ, ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਅਰਪਨਾ ਐਮ.ਬੀ. ਅਤੇ ਬੁੱਧੀ ਰਾਜ ਸਿੰਘ ਤੋਂ ਇਲਾਵਾ ਹੋਰ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਆਗੂ ਵੀ ਮੌਜੂਦ ਸਨ।
ਸਹੁੰ ਚੁਕਾਉਣ ਉਪਰੰਤ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਮੈਰਾਥਨ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜੋ ਕਿ ਵੱਖ-ਵੱਖ ਸਥਾਨਾਂ ਤੋਂ ਹੁੰਦੀ ਹੋਈ ਵਾਪਸ ਸਟੇਡੀਅਮ ਵਿਖੇ ਸਮਾਪਤ ਹੋਈ। ਤਿੰਨ ਕਿਲੋਮੀਟਰ, 5 ਅਤੇ 7 ਕਿਲੋਮੀਟਰ ਕੈਟਾਗਰੀ ਵਿੱਚ ਕਰਵਾਈ ਗਈ ਇਸ ਮੈਰਾਥਨ ਵਿੱਚ ਕਰੀਬ 6000 ਤੋਂ ਵੱਧ ਭਾਗੀਦਾਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਨੌਜਵਾਨਾਂ ਸਮੇਤ ਹਰ ਉਮਰ ਵਰਗ ਦੇ ਲੋਕ ਸ਼ਾਮਲ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ, ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਵੱਖ-ਵੱਖ ਸੰਸਥਾਵਾਂ ਅਤੇ ਵੱਡੀ ਗਿਣਤੀ ਵਿੱਚ ਲੋਕ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਇਹਨਾਂ ਦਾ ਜੋਸ਼, ਊਰਜਾ ਅਤੇ ਪੱਕਾ ਇਰਾਦਾ ਨਸ਼ਿਆਂ ਦੇ ਜੜ੍ਹੋਂ ਖਾਤਮੇ ਅਤੇ ਨਸ਼ਾ ਮੁਕਤ ਤੇ ਰੰਗਲੇ ਪੰਜਾਬ ਦੀ ਸਿਰਜਣਾ ਦੀ ਗਵਾਹੀ ਭਰਦਾ ਹੈ। ਉਨ੍ਹਾਂ ਕਿਹਾ ਕਿ ਸਮਾਰੋਹ ਦੌਰਾਨ ਭਾਰੀ ਗਿਣਤੀ ਵਿੱਚ ਸ਼ਿਰਕਤ ਕਰਕੇ ਜਲੰਧਰ ਵਾਸੀਆਂ ਨੇ ਨਸ਼ਿਆਂ ਖਿਲਾਫ਼ ਜੋ ਇਕਜੁੱਟਤਾ ਦਾ ਸਬੂਤ ਦਿੱਤਾ ਹੈ, ਉਹ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਇਸ ਮੌਕੇ ਲੋਕਾਂ ਖਾਸ ਕਰ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ਼ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦਾ ਸੱਦਾ ਦਿੰਦਿਆਂ ਨਸ਼ਿਆਂ ਖਿਲਾਫ਼ ਚੁੱਕੀ ਸਹੁੰ ਨੂੰ ਉਮਰ ਭਰ ਯਾਦ ਰੱਖਣ ਅਤੇ ਇਸ ’ਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ।
ਇਸ ਤੋਂ ਬਾਅਦ ਮੈਰਾਥਨ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਤਿੰਨ ਕਿਲੋਮੀਟਰ (ਲੜਕੀਆਂ) ਕੈਟਾਗਰੀ ਵਿੱਚ ਸੁਮਨ, ਅਨੁਰਾਧਾ ਅਤੇ ਦਰਸ਼ਿਕਾ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ, ਜਦਕਿ ਲੜਕਿਆਂ ਵਿੱਚ ਅਨਮੋਲ ਸਿੰਘ, ਹੰਸ ਰਾਜ ਅਤੇ ਗੌਤਮ ਮਹਿਤਾ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੇ।
ਇਸੇ ਤਰ੍ਹਾਂ 5 ਕਿਲੋਮੀਟਰ ਵਿੱਚ ਜੋਬਨਪ੍ਰੀਤ ਸਿੰਘ ਨੇ ਪਹਿਲਾ, ਰਾਜਵੀਰ ਸਿੰਘ ਨੇ ਦੂਜਾ ਅਤੇ ਅਖਿਲ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ 7 ਕਿਲੋਮੀਟਰ (ਲੜਕੀਆਂ) ਵਿੱਚ ਕਾਜਲ ਕੁਮਾਰੀ ਪਹਿਲੇ ਸਥਾਨ ’ਤੇ ਰਹੀ, ਜਦਕਿ ਲੜਕੇ ਵਰਗ ਵਿੱਚ ਸ਼ੁਭਮ ਨੇ ਪਹਿਲਾ, ਅੰਕਿਤ ਨੇ ਦੂਜਾ ਅਤੇ ਰਾਘਵਜੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਦੌਰਾਨ ਸੀਨੀਅਰ ਸਿਟੀਜ਼ਨ ਕੈਟਾਗਰੀ ਵਿੱਚ ਭਾਗ ਲੈਣ ֹਲਈ ਮਹਿੰਦਰ ਲਾਲ, ਪਰਮਜੀਤ ਕੌਰ ਅਤੇ ਜਤਿੰਦਰ ਸਚਦੇਵਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਸਮੂਹ ਭਾਗੀਦਾਰਾਂ ਨੂੰ ਮੈਰਾਥਨ ਦਾ ਹਿੱਸਾ ਬਣਨ ਲਈ ਸਰਟੀਫਿਕੇਟ ਸੌਂਪੇ ਗਏ। ਸਮਾਰੋਹ ਦੌਰਾਨ ਭੰਗੜਾ, ਜ਼ੁੰਬਾ ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮ ਨੇ ਚੰਗਾ ਰੰਗ ਬੰਨ੍ਹਿਆ।
Advertisement
