ਪੰਜਾਬ ਵੱਲੋਂ ਭਾਰਤ ਸਰਕਾਰ ਨੂੰ ਆਜ਼ਾਦੀ ਘੁਲਾਟੀਆਂ ਦੇ ਸਨਮਾਨ ਲਈ ਯਾਦਗਾਰੀ ਸਿੱਕੇ ਜਾਰੀ ਕਰਨ ਦੀ ਅਪੀਲ
ਚੰਡੀਗੜ੍ਹ, 27 ਅਪ੍ਰੈਲ
ਪੰਜਾਬ ਦੇ ਆਜ਼ਾਦੀ ਘੁਲਾਟੀਆਂ ਬਾਰੇ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਭਾਰਤ ਸਰਕਾਰ ਨੂੰ ਪੰਜਾਬ ਦੇ ਬਹਾਦਰ ਸਪੁੱਤਰਾਂ, ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੌਰਾਨ ਮਹਾਨ ਕੁਰਬਾਨੀਆਂ ਦਿੱਤੀਆਂ, ਦੇ ਸਨਮਾਨ ਵਿੱਚ ਯਾਦਗਾਰੀ ਸਿੱਕੇ ਜਾਰੀ ਕਰਨ ਦੀ ਅਪੀਲ ਕੀਤੀ ਹੈ।
ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਲਿਖਿਆ ਇਹ ਪੱਤਰ ਦੇਸ਼ ਦੀ ਆਜ਼ਾਦੀ ਦੇ ਸ਼ੰਘਰਸ਼ ਵਿੱਚ ਪੰਜਾਬ ਦੇ ਅਥਾਹ ਯੋਗਦਾਨ ਨੂੰ ਉਜਾਗਰ ਕਰਦਾ ਹੈ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਸੁਖਦੇਵ, ਸ਼ਹੀਦ ਰਾਜਗੁਰੂ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਲਾਲਾ ਲਾਜਪਤ ਰਾਏ ਅਤੇ ਸ਼ਹੀਦ ਊਧਮ ਸਿੰਘ ਵਰਗੇ ਮਹਾਨ ਸ਼ਹੀਦਾਂ ਦੇ ਨਾਂ ਭਾਰਤੀ ਇਤਿਹਾਸ ਦੇ ਪੰਨਿਆਂ ਵਿੱਚ ਹਮੇਸ਼ਾ ਲਈ ਉੱਕਰੇ ਹੋਏ ਹਨ।
ਸ੍ਰੀ ਭਗਤ ਨੇ ਕਿਹਾ ਕਿ ਪੰਜਾਬ ਦੀ ਮਿੱਟੀ ਸ਼ਹੀਦਾਂ ਦੇ ਖੂਨ ਨਾਲ ਰੰਗੀ ਹੋਈ ਹੈ ਅਤੇ ਉਨ੍ਹਾਂ ਦੀ ਯਾਦ ਵਿੱਚ ਯਾਦਗਾਰੀ ਸਿੱਕੇ ਜਾਰੀ ਕਰਨਾ ਨਾ ਸਿਰਫ਼ ਉਨ੍ਹਾਂ ਦੀਆਂ ਕੁਰਬਾਨੀਆਂ ਪ੍ਰਤੀ ਸਨਮਾਨ ਹੋਵੇਗਾ ਸਗੋਂ ਨੌਜਵਾਨ ਪੀੜ੍ਹੀਆਂ ਲਈ ਇੱਕ ਸਥਾਈ ਵਿਦਿਅਕ ਵਿਰਾਸਤ ਵਜੋਂ ਵੀ ਕੰਮ ਕਰੇਗਾ।
ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜਿਹੇ ਸਿੱਕੇ ਭਾਰਤ ਦੀ ਮੁਦਰਾ ਵਿਰਾਸਤ ਵਿੱਚ ਅਹਿਮ ਯੋਗਦਾਨ ਪਾਉਣਗੇ ਅਤੇ ਇਹ ਸਿੱਕੇ ਸੁਤੰਰਤਤਾ ਦਿਵਸ ਜਾਂ ਗਣਤੰਤਰ ਦਿਵਸ ਵਰਗੇ ਰਾਸ਼ਟਰੀ ਮੌਕਿਆਂ 'ਤੇ ਜਾਰੀ ਕੀਤੇ ਜਾ ਸਕਦੇ ਹਨ ਜੋ ਦੇਸ਼ ਦੇ ਡੂੰਘੇ ਸਤਿਕਾਰ ਅਤੇ ਸ਼ੁਕਰਗੁਜ਼ਾਰੀ ਦਾ ਪ੍ਰਤੀਕ ਹਨ।
ਸ੍ਰੀ ਭਗਤ ਨੇ ਆਸ ਪ੍ਰਗਟਾਈ ਕਿ ਭਾਰਤ ਸਰਕਾਰ ਇਸ ਅਪੀਲ ਦਾ ਸਕਾਰਾਤਮਕ ਜਵਾਬ ਦੇਵੇਗੀ ਅਤੇ ਪੰਜਾਬ ਦੇ ਆਜ਼ਾਦੀ ਘੁਲਾਟੀਆਂ ਦੀ ਯਾਦ ਨੂੰ ਰਾਸ਼ਟਰੀ ਮਾਨਤਾ ਦੇ ਇਸ ਪ੍ਰਤੀਕਾਤਮਕ ਸੰਕੇਤ ਨਾਲ ਸਨਮਾਨਿਤ ਕਰੇਗੀ।
Related Posts
Advertisement
