CANADA STUDY VISA
ਕੈਨੇਡਾ ਦੇ ਆਵਾਸ ਮੰਤਰੀ ਮਾਰਕ ਮਿਲਰ ਨੇ ਇਕ ਇੰਟਰਵਿਊ ਵਿਚ ਕਿਹਾ ਹੈ ਕਿ ਉਨ੍ਹਾਂ ਦੇ ਮੁਲਕ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾ ਰਹੇ ਸਟੱਡੀ ਵੀਜ਼ਿਆਂ ਦੀ ਗਿਣਤੀ ਵਿਚ ਪਿਛਲੇ ਸਾਲ ਦੇ ਅਖੀਰ ਤੋਂ ਕਾਫ਼ੀ ਕਮੀ ਆਈ ਹੈ।
ਇਹ ਕਮੀ ਕੈਨੇਡੀਅਨ ਡਿਪਲੋਮੈਟਾਂ ਨੂੰ ਭਾਰਤ ਵੱਲੋਂ ਵਾਪਸ ਭੇਜੇ ਜਾਣ ਮਗਰੋਂ ਆਈ ਹੈ ਜੋ ਸਟੱਡੀ ਪਰਮਿਟ ’ਤੇ ਫੈਸਲਾ ਲੈਂਦੇ ਹਨ। ‘ਰਾਇਟਰਜ਼’ ਨੂੰ ਦਿੱਤੀ ਇੰਟਰਵਿਊ ਵਿਚ ਮਿਲਰ ਨੇ ਦੱਸਿਆ ਕਿ ਕੈਨੇਡਾ ਵਿਚ ਸਿੱਖ ਵੱਖਵਾਦੀ ਦੀ ਹੱਤਿਆ ਉਤੇ ਦੋਵਾਂ ਦੇਸ਼ਾਂ ਵਿਚਾਲੇ ਬਣੇ ਕੂਟਨੀਤਕ ਤਣਾਅ ਕਾਰਨ ਵੀ ਘੱਟ ਵਿਦਿਆਰਥੀਆਂ ਨੇ ਹੀ ਵੀਜ਼ਾ ਲਈ ਅਰਜ਼ੀ ਦਿੱਤੀ ਸੀ। ਗੌਰਤਲਬ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਕੈਨੇਡਾ ’ਚ ਕੌਮਾਂਤਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਹਿੱਸਾ ਭਾਰਤੀ, ਖਾਸ ਕਰ ਪੰਜਾਬੀਆਂ ਦਾ ਹੈ। ਜੋ ਕਿ 41 ਫੀਸਦ ਤੋਂ ਵੀ ਵੱਧ ਹਨ।
ਮਿਲਰ ਨੇ ਕਿਹਾ ਕਿ ਕੂਟਨੀਤਕ ਤਣਾਅ ਦਾ ਅਸਰ ਵੀਜ਼ਿਆਂ ਦੀ ਗਿਣਤੀ ਉਤੇ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਉਨ੍ਹਾਂ ਕਿਹਾ, ‘ਭਾਰਤ ਨਾਲ ਸਾਡੇ ਰਿਸ਼ਤਿਆਂ ਨੇ ਉੱਥੋਂ ਆ ਰਹੀਆਂ ਅਰਜ਼ੀਆਂ ਨੂੰ ਨਿਬੇੜਨ ਦੀ ਸਾਡੀ ਸਮਰੱਥਾ ਨੂੰ ਅੱਧਾ ਕਰ ਦਿੱਤਾ ਹੈ।’
ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੇ ਲਾਏ ਦੋਸ਼ਾਂ ਮਗਰੋਂ ਭਾਰਤ ਨੇ 41 ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਹਿ ਦਿੱਤਾ ਸੀ।
READ ALSO:ਕਾਂਸਟੇਬਲ ਦੀ ਵਿਧਵਾ ਨੂੰ ਪੈਨਸ਼ਨ ਦੇਣ ਤੋਂ ਇਨਕਾਰ, ਪੰਜਾਬ ਸਰਕਾਰ ਨੂੰ 1 ਲੱਖ ਦਾ ਜੁਰਮਾਨਾ
ਅਕਤੂਬਰ ਵਿਚ ਇਸ ਘਟਨਾਕ੍ਰਮ ਤੋਂ ਬਾਅਦ ਵਿਵਾਦ ਭਖ ਗਿਆ ਸੀ ਜਿਸ ਨੇ ਭਾਰਤੀ ਵਿਦਿਆਰਥੀਆਂ ਨੂੰ ਹੋਰਨਾਂ ਮੁਲਕਾਂ ਵਿਚ ਪੜ੍ਹਾਈ ਦੇ ਮੌਕੇ ਤਲਾਸ਼ਣ ਲਈ ਮਜਬੂਰ ਕਰ ਦਿੱਤਾ ਸੀ। ਓਟਾਵਾ ਵਿਚ ਭਾਰਤੀ ਹਾਈ ਕਮਿਸ਼ਨ ਦੇ ਕੌਂਸੁਲਰ ਸੀ. ਗੁਰੂਸ ਉਬਰਾਮਣੀਅਨ ਨੇ ਕਿਹਾ ਕਿ ਕੁਝ ਭਾਰਤੀ ਕੌਮਾਂਤਰੀ ਵਿਦਿਆਰਥੀ ਕੈਨੇਡਾ ਤੋਂ ਇਲਾਵਾ ਹੋਰ ਬਦਲ ਤਲਾਸ਼ ਰਹੇ ਹਨ। ਇਸ ਦਾ ਕਾਰਨ ਪਿਛਲੇ ਕੁਝ ਸਮੇਂ ਤੋਂ ਉੱਭਰੀਆਂ ਚਿੰਤਾਵਾਂ ਹਨ ਜਿਸ ਵਿਚ ਰਿਹਾਇਸ਼ ਦੀ ਕਮੀ ਤੇ ਕੁਝ ਕੈਨੇਡੀਅਨ ਸੰਸਥਾਵਾਂ ਵਿਚ ਢੁੱਕਵੀਆਂ ਵਿਦਿਅਕ ਸਹੂਲਤਾਂ ਦਾ ਨਾ ਹੋਣਾ ਹੈ।’
CANADA STUDY VISA