ਨਿਵੇਕਲੀ ਪਹਿਲ-ਗ੍ਰੀਨ ਪੋਲਿੰਗ ਬੂਥ

ਅੰਮ੍ਰਿਤਸਰ 10 ਮਈ 2024:–ਅਗਾਮੀ ਲੋਕਸਭਾ ਚੋਣਾਂ ਵਿੱਚ ਹੁਣ ਤੁਹਾਨੂੰ ਗ੍ਰੀਨ ਪੋਲਿੰਗ ਬੂਥ ਵੀ ਦੇਖਣ ਨੂੰ ਮਿਲਣਗੇ,ਇਹਨਾਂ ਬੂਥਾਂ ਤੇ ਪੋਲਿੰਗ ਵਾਲੇ ਦਿਨ ਵੋਟ ਪਾਉਣ ਆਏ ਹਰ ਵੋਟਰ ਨੂੰ ਫ਼ਲਦਾਰ ਅਤੇ ਫੁੱਲਾਂ ਵਾਲੇ ਬੂਟੇ ਉਪਹਾਰ ਵਜੋਂ ਭੇਂਟ ਕੀਤੇ ਜਾਣਗੇ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਇਸ ਨਿਵੇਕਲੀ ਕੋਸ਼ਸ਼ ਬਾਰੇ ਵੋਟਰ ਜਾਗਰੂਕਤਾ ਮੁਹਿੰਮ ਦੇ ਮੁੱਖੀ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀ ਨਿਕਾਸ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁੱਖ ਚੋਣ ਅਫ਼ਸਰ, ਪੰਜਾਬ ਤੋਂ ਕੁਝ ਦਿਨ ਪਹਿਲਾਂ ਇਹ ਸੁਝਾਅ ਪ੍ਰਾਪਤ ਹੋਇਆ ਸੀ ਕਿ ਅਗਾਮੀ ਲੋਕਸਭਾ ਚੋਣਾਂ ਵਿੱਚ ਗ੍ਰੀਨ ਪੋਲਿੰਗ ਬੂਥ ਸਥਾਪਿਤ ਕੀਤੇ ਜਾਣ।

ਉਹਨਾਂ ਦੱਸਿਆ ਕਿ ਇਸ ਸੁਝਾਅ ਤੇ ਗੌਰ ਕਰਦੇ ਹੋਏ ਇਸ ਸਬੰਧੀ ਜੰਗਲਾਤ ਵਿਭਾਗ ਅਤੇ ਬਾਗਬਾਨੀ ਵਿਭਾਗ ਦੇ ਉੱਚ ਅਧਿਕਾਰਿਆਂ ਨਾਲ ਇੱਕ ਮੀਟਿੰਗ ਰੱਖੀ ਗਈ ਸੀ,ਜਿਸ ਵਿੱਚ ਅੰਮ੍ਰਿਤਸਰ ਜਿਲ੍ਹੇ ਵਿੱਚ ਪੈਂਦੇ 11 ਵਿਧਾਨ ਸਭਾ ਹਲਕਿਆਂ ਵਿੱਚ ਹਰੇਕ ਵਿਧਾਨਸਭਾ ਹਲਕੇ ਦੇ ਇੱਕ ਪੋਲਿੰਗ ਬੂਥ ਨੂੰ ਗ੍ਰੀਨ ਪੋਲਿੰਗ ਬੂਥ ਬਣਾਏ ਜਾਣ ਦਾ ਫੈਸਲਾ ਲਿਆ ਗਿਆ। ਉਹਨਾਂ ਕਿਹਾ ਕਿ ਇਹਨਾਂ ਪੋਲਿੰਗ ਬੂਥਾਂ ਨੂੰ ਪੋਲਿੰਗ ਵਾਲੇ ਦਿਨ ਇਕੋ ਫ੍ਰੈਂਡਲੀ ਦਿੱਖ ਦਿੱਤੀ ਜਾਵੇਗੀ ਅਤੇ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਸਜਾਇਆ ਜਾਵੇਗਾ।ਉਹਨਾਂ ਕਿਹਾ ਕਿ ਗ੍ਰੀਨ ਪੋਲਿੰਗ ਬੂਥ ਬਣਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਵਾਤਾਵਰਨ ਪ੍ਰਤੀ ਸੁਚੇਤ ਕਰਨਾ ਅਤੇ ਗਲੋਬਲ ਵਾਰਮਿੰਗ ਜਿਹੇ ਗੰਭੀਰ ਮੁੱਦੇ ਤੇ ਲੋਕਾਂ ਨੂੰ ਹਾਂ ਪੱਖੀ ਸੁਨੇਹਾ ਦੇਣਾ ਹੈ। ਇਹਨਾਂ ਬੂਥਾਂ ਨੂੰ ਬਣਾਉਣ ਲਈ ਕੁੱਝ ਐਨ.ਜੀ.ਓ. ਦਾ ਸਹਿਯੋਗ ਲੈਣ ਦੀ ਵੀ ਤਜ਼ਵੀਜ਼ ਹੈ। ਉਹਨਾਂ ਜੰਗਲਾਤ ਵਿਭਾਗ ਅਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਦੀਆਂ ਪੋਲਿੰਗ ਬੂਥਾਂ ਤੱਕ ਬੂਟੇ ਪਹੁੰਚਾਉਣ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਵੋਟ ਹਰ ਦੇਸ਼ ਵਾਸੀ ਦਾ ਲੋਕਤਾਂਤਰਿਕ ਹੱਕ ਹੈ ਅਤੇ ਇਸਦਾ ਉਪਯੋਗ ਲੋਕਤੰਤਰ ਦੀਆਂ ਜੜ੍ਹਾ ਨੂੰ ਹੋਰ ਮਜਬੂਤ ਕਰਨ ਵਿੱਚ ਇੱਕ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਉਹਨਾਂ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ 1 ਜੂਨ ਵਾਲੇ ਦਿਨ ਸਾਰੇ ਵੋਟਰ ਆਪਣੇ ਵੋਟ ਪਾਉਣ ਦੇ ਲੋਕਤਾਂਤਰਿਕ ਹੱਕ ਦੀ ਵਰਤੋਂ ਜ਼ਰੂਰ ਕਰਨ।    

[wpadcenter_ad id='4448' align='none']