ਸ਼੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 4 ਮਾਰਚ 2025

ਸ਼੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 4 ਮਾਰਚ  2025

                                                    ਧਨਾਸਰੀ ਮਹਲਾ ੧॥

ਕਾਇਆ ਕਾਗਦੁ ਮਨੁ ਪਰਵਾਣਾ ॥ ਸਿਰ ਕੇ ਲੇਖ ਨ ਪੜੈ ਇਆਣਾ ॥ ਦਰਗਹ ਘੜੀਅਹਿ ਤੀਨੇ ਲੇਖ ॥ ਖੋਟਾ ਕਾਮਿ ਨ ਆਵੈ ਵੇਖੁ ॥੧॥ ਨਾਨਕ ਜੇ ਵਿਚਿ ਰੁਪਾ ਹੋਇ ॥ ਖਰਾ ਖਰਾ ਆਖੈ ਸਭੁ ਕੋਇ ॥੧॥ ਰਹਾਉ ॥ ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥੨॥ ਸੋ ਜੋਗੀ ਜੋ ਜੁਗਤਿ ਪਛਾਣੈ ॥ ਗੁਰ ਪਰਸਾਦੀ ਏਕੋ ਜਾਣੈ ॥ ਕਾਜੀ ਸੋ ਜੋ ਉਲਟੀ ਕਰੈ ॥ ਗੁਰ ਪਰਸਾਦੀ ਜੀਵਤੁ ਮਰੈ ॥ ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ ॥੩॥ ਦਾਨਸਬੰਦੁ ਸੋਈ ਦਿਲਿ ਧੋਵੈ ॥ ਮੁਸਲਮਾਣੁ ਸੋਈ ਮਲੁ ਖੋਵੈ ॥ ਪੜਿਆ ਬੂਝੈ ਸੋ ਪਰਵਾਣੁ ॥ ਜਿਸੁ ਸਿਰਿ ਦਰਗਹ ਕਾ ਨੀਸਾਣੁ ॥੪॥੫॥੭॥

 

ਪੰਜਾਬੀ ਵਿਆਖਿਆ
                                            
ਧਨਾਸਰੀ ਮਹਲਾ ੧॥

ਇਹ ਮਨੁੱਖਾ ਸਰੀਰ (ਮਾਨੋ) ਇਕ ਕਾਗ਼ਜ਼ ਹੈ, ਅਤੇ ਮਨੁੱਖ ਦਾ ਮਨ (ਸਰੀਰ-ਕਾਗ਼ਜ਼ ਉਤੇ ਲਿਖਿਆ ਹੋਇਆ) ਦਰਗਾਹੀ ਪਰਵਾਨਾ ਹੈ । ਪਰ ਮੂਰਖ ਮਨੁੱਖ ਆਪਣੇ ਮੱਥੇ ਦੇ ਇਹ ਲੇਖ ਨਹੀਂ ਪੜ੍ਹਦਾ (ਭਾਵ, ਇਹ ਸਮਝਣ ਦਾ ਜਤਨ ਨਹੀਂ ਕਰਦਾ ਕਿ ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਕਿਹੋ ਜਿਹੇ ਸੰਸਕਾਰ-ਲੇਖ ਉਸ ਦੇ ਮਨ ਵਿਚ ਮੌਜੂਦ ਹਨ ਜੋ ਉਸ ਨੂੰ ਹੁਣ ਹੋਰ ਪ੍ਰੇਰਨਾ ਕਰ ਰਹੇ ਹਨ) । ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿ ਕੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੱਬੀ ਨਿਯਮ ਅਨੁਸਾਰ ਹਰੇਕ ਮਨੁੱਖ ਦੇ ਮਨ ਵਿਚ ਉੱਕਰੇ ਜਾਂਦੇ ਹਨ । ਪਰ ਹੇ ਭਾਈ! ਵੇਖ (ਜਿਵੇਂ ਕੋਈ ਖੋਟਾ ਸਿੱਕਾ ਕੰਮ ਨਹੀਂ ਆਉਂਦਾ, ਤਿਵੇਂ ਖੋਟੇ ਕੀਤੇ ਕੰਮਾਂ ਦਾ) ਖੋਟਾ ਸੰਸਕਾਰ-ਲੇਖ ਭੀ ਕੰਮ ਨਹੀਂ ਆਉਂਦਾ ।੧। ਹੇ ਨਾਨਕ! ਜੇ ਰੁਪਏ ਆਦਿਕ ਸਿੱਕੇ ਵਿਚ ਚਾਂਦੀ ਹੋਵੇ ਤਾਂ ਹਰ ਕੋਈ ਉਸ ਨੂੰ ਖਰਾ ਸਿੱਕਾ ਆਖਦਾ ਹੈ (ਇਸੇ ਤਰ੍ਹਾਂ ਜਿਸ ਮਨ ਵਿਚ ਪਵਿਤ੍ਰਤਾ ਹੋਵੇ, ਉਸ ਨੂੰ ਖਰਾ ਆਖਿਆ ਜਾਂਦਾ ਹੈ) ।੧।ਰਹਾਉ। ਕਾਜ਼ੀ (ਜੇ ਇਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ । ਬ੍ਰਾਹਮਣਾਂ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ । ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ । (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ ।੨। ਅਸਲ ਜੋਗੀ ਉਹ ਹੈ ਜੋ ਜੀਵਨ ਦੀ ਸਹੀ ਜਾਚ ਸਮਝਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ । ਕਾਜ਼ੀ ਉਹ ਹੈ ਜੋ ਸੁਰਤਿ ਨੂੰ ਹਰਾਮ ਦੇ ਮਾਲ ਵਲੋਂ ਮੋੜਦਾ ਹੈ ਜੋ ਗੁਰੂ ਦੀ ਕਿਰਪਾ ਨਾਲ ਦੁਨੀਆ ਵਿਚ ਰਹਿੰਦਾ ਹੋਇਆ ਦੁਨਿਆਵੀ ਖ਼ਾਹਸ਼ਾਂ ਵਲੋਂ ਪਰਤਦਾ ਹੈ । ਬ੍ਰਾਹਮਣ ਉਹ ਹੈ ਜੋ ਸਰਬ-ਵਿਆਪਕ ਪ੍ਰਭੂ ਵਿਚ ਸੁਰਤਿ ਜੋੜਦਾ ਹੈ, ਇਸ ਤਰ੍ਹਾਂ ਆਪ ਭੀ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਲੰਘਾ ਲੈਂਦਾ ਹੈ ।੩। ਉਹੀ ਮਨੁੱਖ ਅਕਲਮੰਦ ਹੈ ਜੋ ਆਪਣੇ ਦਿਲ ਵਿਚ ਟਿਕੀ ਹੋਈ ਬੁਰਾਈ ਨੂੰ ਦੂਰ ਕਰਦਾ ਹੈ । ਉਹੀ ਮੁਸਲਮਾਨ ਹੈ ਜੋ ਮਨ ਵਿਚੋਂ ਵਿਕਾਰਾਂ ਦੀ ਮੈਲ ਦੀ ਨਾਸ ਕਰਦਾ ਹੈ । ਉਹੀ ਵਿਦਵਾਨ ਹੈ ਜੋ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਉਸ ਦੇ ਮੱਥੇ ਉਤੇ ਦਰਗਾਹ ਦਾ ਟਿੱਕਾ ਲੱਗਦਾ ਹੈ ਉਹੀ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ ।੪॥੫॥੭॥

1111-171