ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 1 ਅਪ੍ਰੈਲ 2025

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 1 ਅਪ੍ਰੈਲ 2025

ਸੋਰਠਿ ਮਹਲਾ ੫ ॥ 

ਮੇਰਾ ਸਤਿਗੁਰੁ ਰਖਵਾਲਾ ਹੋਆ ॥ ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ ॥੧॥ ਰਹਾਉ ॥ ਤਾਪੁ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ ॥ ਸਾਧਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੈ ਬਲਿ ਜਾਂਈ ॥੧॥ ਹਲਤੁ ਪਲਤੁ ਪ੍ਰਭ ਦੋਵੈ ਸਵਾਰੇ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥ ਅਟਲ ਬਚਨੁ ਨਾਨਕ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ ॥੨॥੨੧॥੪੯॥

1111

                                                          ਅਰਥ

ਹੇ ਭਾਈ! ਮੇਰਾ ਗੁਰੂ (ਮੇਰਾ) ਸਹਾਈ ਬਣਿਆ ਹੈ, (ਗੁਰੂ ਦੀ ਸ਼ਰਨ ਦੀ ਬਰਕਤਿ ਨਾਲ) ਪ੍ਰਭੂ ਨੇ ਕਿਰਪਾ ਕਰ ਕੇ (ਆਪਣੇ) ਹੱਥ ਦੇ ਕੇ (ਬਾਲਕ ਹਰਿ ਗੋਬਿੰਦ ਨੂੰ) ਬਚਾ ਲਿਆ ਹੈ, (ਹੁਣ ਬਾਲਕ) ਹਰਿ ਗੋਬਿੰਦ ਬਿਲਕੁਲ ਰਾਜ਼ੀ-ਬਾਜ਼ੀ ਹੋ ਗਿਆ ਹੈ ॥੧॥ ਰਹਾਉ॥ (ਹੇ ਭਾਈ! ਬਾਲਕ ਹਰਿ ਗੋਬਿੰਦ ਦਾ) ਤਾਪ ਲਹਿ ਗਿਆ ਹੈ, ਪ੍ਰਭੂ ਨੇ ਆਪ ਉਤਾਰਿਆ ਹੈ,ਪ੍ਰਭੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖ ਲਈ ਹੈ। ਹੇ ਭਾਈ! ਗੁਰੂ ਦੀ ਸੰਗਤ ਤੋਂ (ਮੈਂ) ਸਾਰੇ ਫਲ ਪ੍ਰਾਪਤ ਕੀਤੇ ਹਨ, ਮੈਂ (ਸਦਾ) ਗੁਰੂ ਤੋਂ (ਹੀ) ਕੁਰਬਾਨ ਜਾਂਦਾ ਹਾਂ ॥੧॥ (ਹੇ ਭਾਈ ਜੇਹੜਾ ਭੀ ਮਨੁੱਖ ਪ੍ਰਭੂ ਦਾ ਪੱਲਾ ਫੜੀ ਰੱਖਦਾ ਹੈ, ਉਸ ਦਾ) ਇਹ ਲੋਕ ਤੇ ਪਰਲੋਕ ਦੋਵੇਂ ਹੀ ਪਰਮਾਤਮਾ ਸਵਾਰ ਦੇਂਦਾ ਹੈ। ਅਸਾਂ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਪਰਮਾਤਮਾ ਚਿੱਤ ਵਿਚ ਨਹੀਂ ਰੱਖਦਾ। ਨਾਨਾਕ ਆਖਦਾ ਹੈ ਕਿ ਹੇ ਗੁਰੂ! ਤੇਰਾ (ਇਹ) ਬਚਨ ਕਦੇ ਟਲਣ ਵਾਲਾ ਨਹੀਂ (ਕਿ ਪਰਮਾਤਮਾ ਹੀ ਜੀਵ ਦਾ ਲੋਕ ਪਰਲੋਕ ਵਿਚ ਰਾਖਾ ਹੈ)। ਹੇ ਗੁਰੂ! ਤੂੰ ਆਪਣਾ ਬਰਕਤਿ ਵਾਲਾ ਹੱਥ (ਅਸਾਂ ਜੀਵਾਂ ਦੇ) ਮੱਥੇ ਉੱਤੇ ਰੱਖਦਾ ਹੈਂ ॥੨॥੨੧॥੪੯॥