ਨਸ਼ਿਆ ਵਿਰੁੱਧ ਸਾਝਾਂ ਯੁੱਧ” ਮੁਹਿੰਮ ਵਿੱਚ ਵੱਧ ਚੜ੍ਹ ਕੇ ਸਹਿਯੋਗ ਦੇਣ ਆਮ ਲੋਕ- ਹਰਜੋਤ ਬੈਂਸ
ਸ੍ਰੀ ਅਨੰਦਪੁਰ ਸਾਹਿਬ 02 ਮਾਰਚ ()
“ਨਸ਼ਿਆ ਵਿਰੁੱਧ ਸਾਝਾਂ ਯੁੱਧ” ਪੰਜਾਬ ਸਰਕਾਰ ਦਾ ਇੱਕ ਅਜਿਹਾ ਮਿਸ਼ਨ ਹੈ, ਜਿਸ ਤਹਿਤ ਕਾਸੋ ਆਪ੍ਰੇਸ਼ਨ ਚਲਾ ਕੇ ਪੰਜਾਬ ਸਰਕਾਰ ਨੇ ਆਪਣੇ 12 ਹਜ਼ਾਰ ਪੁਲਿਸ ਮੁਲਾਜਮਾਂ ਨਾਲ 800 ਸ਼ੱਕੀ ਥਾਵਾਂ ਤੇ ਛਾਪੇਪਾਰੀ ਕਰਕੇ ਨਸ਼ਿਆ ਦੇ ਸੋਦਾਗਰਾਂ ਨੂੰ ਭਾਜੜਾ ਪਾ ਦਿੱਤੀਆਂ ਹਨ। ਨਸ਼ਿਆ ਨੂੰ ਵੇਚਣ ਵਾਲਿਆਂ ਦੀਆਂ ਚੱਲ ਅਚੱਲ ਜਾਇਦਾਦਾਂ ਜਬ਼ਤ ਕੀਤੀਆ ਜਾਣਗੀਆਂ ਤੇ ਆਮ ਲੋਕਾਂ ਦੇ ਸਹਿਯੋਗ ਨਾਲ ਨਸ਼ਿਆ ਦੀ ਗ੍ਰਿਫਤ ਵਿਚ ਆਏ ਭੋਲੇ ਭਾਲੇ ਲੋਕਾਂ ਨੂੰ ਇਸ ਮੱਕੜ ਜਾਲ ਤੋਂ ਬਾਹਰ ਕੱਢਣ ਲਈ ਇੱਕ ਵਿਆਪਕ ਅਭਿਆਨ ਚਲਾਇਆ ਜਾਵੇਗਾ।
ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਭਾਸ਼ਾ ਅਤੇ ਉਚੇਰੀ ਸਿੱਖਿਆ, ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋਂ ਚਲਾਏ ਕਾਸੋ ਅਪ੍ਰੇਸ਼ਨ ਦੀ ਸਫਲਤਾ ਉਪਰੰਤ ਪ੍ਰਗਟ ਕੀਤੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੇ 12 ਹਜ਼ਾਰ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੇ 800 ਸ਼ੱਕੀ ਥਾਵਾਂ ਤੇ ਦਵਿਸ਼ ਦੇ ਕੇ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੂੰ ਨਕੇਲ ਪਾਉਣ ਦੀ ਮੁਹਿੰਮ ਸੁਰੂ ਕਰ ਦਿੱਤੀ ਹੈ, ਪ੍ਰੰਤੂ ਇਹ ਮਿਸ਼ਨ ਸਰਕਾਰ ਜਾਂ ਪੁਲਿਸ ਵੱਲੋ ਇਕੱਲਿਆਂ ਹੀ ਸਫਲ ਨਹੀ ਕੀਤਾ ਜਾ ਸਕਦਾ, ਇਸ ਵਿੱਚ ਆਮ ਲੋਕਾਂ ਦਾ ਸਹਿਯੋਗ ਬੇਹੱਦ ਜਰੂਰੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਨੇ ਹਮੇਸ਼ਾ ਸਮੁੱਚੀ ਲੋਕਾਈ ਦਾ ਮਾਰਗ ਦਰਸ਼ਨ ਕੀਤਾ ਹੈ। ਸਦੀਆਂ ਤੋਂ ਇਸ ਧਰਤੀ ਤੋ ਉੱਚੀ ਅਵਾਜ ਨੇ ਮਾਨਵਤਾ ਨੂੰ ਜਾਗਰੂਕ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਹਰ ਪਿੰਡ, ਸ਼ਹਿਰ, ਗਲੀ ਮੁਹੱਲੇ ਤੱਕ ਲੋਕਾਂ ਨੂੰ ਨਸ਼ਿਆ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਜਾਗਰੂਕ ਕਰਾਂਗੇ। ਨਸ਼ਿਆ ਵਿਰੁੱਧ ਜੋ ਵੀ ਸੂਚਨਾ ਸਾਡੇ ਤੱਕ ਪਹੁੰਚੇਗੀ ਉਹ ਗੁਪਤ ਰੱਖੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਿਹੜੇ ਇਲਾਕੇ ਵਿੱਚ ਅਜਿਹੇ ਨਸ਼ਿਆ ਦੇ ਗ੍ਰਿਫਤ ਵਿਚ ਆਏ ਸਾਡੇ ਭਰਾ ਭੈਣ ਹਨ, ਉਨ੍ਹਾਂ ਨੂੰ ਹਮਦਰਦੀ ਦੀ ਜਰੂਰਤ ਹੈ, ਕਿਉਕਿ ਨਸ਼ਿਆ ਦੇ ਸੋਦਾਗਰਾਂ ਨੇ ਆਪਣੀ ਕੋਝੀਆ ਚਾਲਾ ਚੱਲ ਕੇ ਉਨ੍ਹਾਂ ਦਾ ਜੀਵਨ ਬਰਬਾਦ ਕਰਨ ਦਾ ਤਹੱਇਆ ਕੀਤਾ ਹੋਇਆ ਹੈ। ਅਸੀ ਆਪਣੀ ਇੱਕ ਜੁਗਤਾ ਨਾਲ ਅਜਿਹੇ ਸਮਾਜ ਦੇ ਕੋਹੜ ਨੂੰ ਜੜ੍ਹ ਤੋ ਪੁੱਟ ਕੇ ਜੇਲ੍ਹਾਂ ਵਿਚ ਡੱਕਣਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਕਾਸੋ ਮਿਸ਼ਨ ਕੇਵਲ ਇੱਕ ਦਿਨ ਦਾ ਨਹੀ ਹੈ, ਇਹ ਅਭਿਆਨ ਲਗਾਤਾਰ ਜਾਰੀ ਰਹੇਗਾ। ਇਸ ਦੀ ਸਫਲਤਾ ਨੇ ਸਮੁੱਚੇ ਪੰਜਾਬ ਦੇ ਅਵਾਮ ਤੱਕ ਇਹ ਸੰਦੇਸ਼ ਪਹੁੰਚਾਇਆ ਹੈ, ਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਜਿਹੇ ਸਮਾਜ ਦੇ ਕਲੰਕ ਬਣ ਰਹੇ ਲੋਕਾਂ ਨੂੰ ਨਕੇਲ ਪਾ ਜਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਮੇਰੀ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣੀ ਅਵਾਜ ਬੁਲੰਦ ਕਰਨ ਤੇ ਆਪਣੇ ਇਲਾਕੇ ਵਿਚੋ ਨਸ਼ੇ ਦਾ ਖਾਤਮਾ ਕਰਨ। ਇਹ ਸਾਡੀ ਜਵਾਨੀ ਨੂੰ ਬਰਬਾਦ ਕਰਨ ਵਾਲੇ ਹੁਣ ਬਖਸ਼ੇ ਨਹੀ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪੰਚ, ਸਰਪੰਚ, ਕੋਂਸਲਰ, ਪਿੰਡ ਦੇ ਮੋਹਤਵਰ, ਚੋਕੀਦਾਰ, ਨੰਬਰਦਾਰ, ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਮੈਂਬਰ ਸਾਡੀ ਇਸ ਮੁਹਿੰਮ ਵਿੱਚ ਸਹਿਯੋਗ ਦੇਣ, ਅਸੀ ਪਿੰਡਾਂ ਵਿੱਚ ਇਸ ਬਾਰੇ ਹੋਰ ਜਾਗਰੂਕਤਾਂ ਕੈਂਪ ਲਗਾ ਰਹੇ ਹਾਂ। ਸਰਕਾਰੀ ਸਕੂਲਾਂ ਵਿੱਚ ਨਸ਼ਿਆ ਦੀ ਲਾਹਨਤ ਵਿਰੁੱਧ ਪੋਸਟਲ ਮੁਕਾਬਲੇ, ਨਾਟਕ ਤੇ ਡੈਕਲਾਮੇਸ਼ਨ ਕੰਪੀਟੀਸ਼ਨ ਕਰਵਾਏ ਜਾਂਦੇ ਹਨ। ਸਾਡੇ ਸਿਹਤ ਵਿਭਾਗ ਵੱਲੋਂ ਵੀ ਨਸ਼ਿਆ ਵਿਰੁੱਧ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਪ੍ਰੰਤੂ ਸਪਲਾਈ ਲਾਈਨ ਤੋੜਨ ਦੀ ਜਰੂਰਤ ਹੈ, ਇਸ ਲਈ ਨਸ਼ਿਆ ਦੇ ਸੋਦਾਗਰ ਕਾਬੂ ਕਰਨ ਵਿਚ ਹੁਣ ਹੋਰ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ।