ਮਾਲਵਿੰਦਰ ਸਿੰਘ ਜੱਗੀ ਨੂੰ ਸੇਵਾਮੁਕਤੀ ਦੀ ਪੂਰਵ ਸੰਧਿਆ ਮੌਕੇ ਲੋਕ ਸੰਪਰਕ ਵਿਭਾਗ ਵੱਲੋਂ ਨਿੱਘੀ ਵਿਦਾਇਗੀ

ਮਾਲਵਿੰਦਰ ਸਿੰਘ ਜੱਗੀ ਨੂੰ ਸੇਵਾਮੁਕਤੀ ਦੀ ਪੂਰਵ ਸੰਧਿਆ ਮੌਕੇ ਲੋਕ ਸੰਪਰਕ ਵਿਭਾਗ ਵੱਲੋਂ ਨਿੱਘੀ ਵਿਦਾਇਗੀ

ਚੰਡੀਗੜ੍ਹ, 27 ਮਾਰਚ:

ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਅਤੇ 2005 ਕਾਡਰ ਦੇ ਆਈ.ਏ.ਐਸ. ਅਧਿਕਾਰੀ ਸ. ਮਾਲਵਿੰਦਰ ਸਿੰਘ ਜੱਗੀ ਨੂੰ ਉਨ੍ਹਾਂ ਦੀ ਸੇਵਮੁਕਤੀ ਦੀ ਪੂਰਵ ਸੰਧਿਆ ‘ਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਸ੍ਰੀ ਜੱਗੀ 31 ਮਾਰਚ, 2025 ਨੂੰ 33 ਸਾਲ ਦੀ ਸ਼ਾਨਦਾਰ ਸੇਵਾ ਨਿਭਾਉਣ ਉਪਰੰਤ ਸੇਵਾਮੁਕਤ ਹੋ ਰਹੇ ਹਨ। ਸ੍ਰੀ ਜੱਗੀ ਨੇ 1992 ਵਿੱਚ ਬਤੌਰ ਪੀ.ਸੀ.ਐਸ. ਸਿਵਲ ਅਧਿਕਾਰੀ ਵਜੋਂ ਆਪਣੇ ਪ੍ਰਸ਼ਾਸਕੀ ਜੀਵਨ ਦੀ ਸ਼ੁਰੂਆਤ ਕੀਤੀ ਅਤੇ 2005 ਬੈਚ ਦੇ ਆਈ.ਏ.ਐਸ. ਅਧਿਕਾਰੀ ਬਣੇ।

ਵਿਭਾਗ ਵੱਲੋਂ ਪੰਜਾਬ ਭਵਨ ਵਿਖੇ ਕਰਵਾਏ ਗਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਸ੍ਰੀ ਜੱਗੀ ਦੀ ਸਖਸ਼ੀਅਤ ਬਾਰੇ ਬੋਲਦਿਆਂ ਆਪਣੇ ਨਿੱਜੀ ਤਜ਼ਰਬੇ ਸਾਂਝੇ ਕਰਦਿਆਂ ਉਨ੍ਹਾਂ ਨੂੰ ਕੁਸ਼ਲ ਤੇ ਸਮਰਪਿਤ ਅਧਿਕਾਰੀ ਦੱਸਿਆ।

ਇਸ ਮੌਕੇ ਬੋਲਦਿਆਂ ਸ੍ਰੀ ਨੇ ਵਿਭਾਗ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਕੰਮ ਕਰਕੇ ਬਹੁਤ ਵਧੀਆ ਲੱਗਾ। ਉਨ੍ਹਾਂ ਕਿਹਾ ਕਿ ਇਸ ਵਿਭਾਗ ਦੇ ਅਧਿਕਾਰੀਆਂ ਹਰ ਸਮੇਂ ਡਿਊਟੀ ਲਈ ਤੱਤਪਰ ਰਹਿੰਦੇ ਹਨ ਅਜਿਹੀ ਵਿਰਲੇ ਹੀ ਵਿਭਾਗਾਂ ਵਿੱਚ ਦੇਖਣ ਨੂੰ ਮਿਲਦੀ ਹੈ।ਉਨ੍ਹਾਂ ਕਾਮਨਾ ਕੀਤੀ ਕਿ ਵਿਭਾਗ ਭਵਿੱਖ ਵਿੱਚ ਇਸੇ ਸਮਰਪਣ ਭਾਵਨਾ ਨਾਲ ਕੰਮ ਕਰਦਾ ਰਹੇ।

ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਦੇ ਓ.ਐਸ.ਡੀ. (ਮੀਡੀਆ) ਆਦਿਲ ਆਜ਼ਮੀ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਜੱਗੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਉਨ੍ਹਾਂ ਦਾ ਮਾਰਗ-ਦਰਸ਼ਨ ਕਰਦੇ ਰਹਿਣਗੇ। ਉਨ੍ਹਾਂ ਸ੍ਰੀ ਜੱਗੀ ਦੇ ਸਿਹਤਮੰਦ ਜੀਵਨ ਦੀ ਕਾਮਨਾ ਕਰਦਿਆਂ ਕਿਹਾ ਕਿ ਉਹ ਦੇਸ਼ ਅਤੇ ਸੂਬੇ ਦੇ ਲੋਕਾਂ ਲਈ ਭਵਿੱਖ ਵਿੱਚ ਵੀ ਪੂਰੀ ਤਤਪਰਤਾ ਨਾਲ ਕੰਮ ਕਰਦੇ ਰਹਿਣਗੇ।

ਵਿਭਾਗ ਦੇ ਡਾਇਰੈਕਟਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਸ੍ਰੀ ਜੱਗੀ ਨੇ ਆਪਣੇ ਜੀਵਨ ਵਿੱਚ ਬਾਜ ਵਾਂਗ ਉੱਚੀਆਂ ਉਡਾਰੀਆਂ ਹੀ ਭਰੀਆਂ ਹਨ ਅਤੇ ਸਾਨੂੰ ਸਭ ਨੂੰ ਹਮੇਸ਼ਾ ਇਹੀ ਸਿਖਾਇਆ ਹੈ ਕਿ ਕੰਮ ਕਰਦੇ ਹੋਏ ਕਿਵੇਂ ਔਕੜਾਂ ਨੂੰ ਪਾਰ ਕਰਦਿਆਂ ਟੀਚਾ ਹਾਸਲ ਕਰਨਾ ਹੈ। ਉਨ੍ਹਾਂ ਫ਼ਰੀਦਕੋਟ ਵਿਖੇ ਸ੍ਰੀ ਜੱਗੀ ਦੇ ਕਾਰਜਕਾਲ ਦੌਰਾਨ ਕੀਤੇ ਲਾਮਿਸਾਲ ਕੰਮਾਂ ਦਾ ਜ਼ਿਕਰ ਕੀਤਾ।

ਵਧੀਕ ਡਾਇਰੈਕਟਰ ਪ੍ਰਬੰਧ ਸੰਦੀਪ ਸਿੰਘ ਗੜ੍ਹਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ੍ਰੀ ਜੱਗੀ ਨਾਲ ਕੰਮ ਕਰਨਾ ਉਨ੍ਹਾਂ ਦਾ ਸੁਭਾਗ ਹੈ। ਉਨ੍ਹਾਂ ਨਾਲ ਕੰਮ ਕਰਕੇ ਅਹਿਸਾਸ ਹੋਇਆ ਕਿ ਕੋਈ ਵੀ ਟੀਚਾ ਹਾਸਲ ਕਰਨਾ ਅਸੰਭਵ ਨਹੀਂ ਹੈ ਅਤੇ ਹੋਰ ਤੁਸੀਂ ਨਵੇਂ ਟੀਚੇ ਉੱਤੇ ਕਿਵੇਂ ਕੰਮ ਕਰਨਾ ਹੈ।

ਵਧੀਕ ਡਾਇਰੈਕਟਰ ਰਣਦੀਪ ਸਿੰਘ ਆਹਲੂਵਾਲੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ੍ਰੀ ਜੱਗੀ ਨੇ ਵਿਭਾਗ ਦਾ ਨਵੀਨੀਕਰਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਜਿਸ ਸਦਕਾ ਆਨਲਾਈਨ ਟੈਂਡਰਿੰਗ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਅਪਨਾਉਣ ਵਿੱਚ ਸਫਲ ਹੋਇਆ। ਵਧੀਕ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ ਨੇ ਉਨ੍ਹਾਂ ਦੇ ਪ੍ਰਸ਼ਾਸਨਿਕ ਹੁਨਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਭਾਗ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਸਦਾ ਯਾਦ ਰੱਖੇਗਾ।
 
ਇਸ ਮੌਕੇ ਜੁਆਇੰਟ ਡਾਇਰੈਕਟਰ ਪ੍ਰੀਤਕੰਵਲ ਸਿੰਘ ਵੱਲੋਂ ਸਾਰਿਆਂ ਦਾ ਧੰਨਵਾਦ ਅਤੇ ਡਿਪਟੀ ਡਾਇਰੈਕਟਰ ਮਨਵਿੰਦਰ ਸਿੰਘ ਨੇ ਰਸਮੀ ਸਵਾਗਤ ਕਰਦਿਆਂ ਕਿਹਾ ਕਿ ਸ੍ਰੀ ਜੱਗੀ ਦੇ ਕਾਰਜਕਾਲ ਦੌਰਾਨ ਵਿਭਾਗ ਨੇ ਨਵੀਆਂ ਬੁਲੰਦੀਆਂ ਨੂੰ ਛੂਹਿਆ ਅਤੇ ਜੋ ਕੰਮ ਅਸੰਭਵ ਪ੍ਰਤੀਤ ਹੁੰਦੇ ਸਨ, ਉਨ੍ਹਾਂ ਨੂੰ ਸੰਭਵ ਕਰਕੇ ਦਿਖਾਇਆ।

ਇਸ ਮੌਕੇ ਵਿਭਾਗ ਵੱਲੋਂ ਸ਼੍ਰੀ ਜੱਗੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦਾ ਮੰਚ ਸੰਚਾਲਨ ਲੋਕ ਸੰਪਰਕ ਅਧਿਕਾਰੀ ਨਵਦੀਪ ਸਿੰਘ ਗਿੱਲ ਨੇ ਕੀਤਾ।

ਇਸ ਮੌਕੇ ਮੁੱਖ ਮੰਤਰੀ ਦੇ ਡਾਇਰੈਕਟਰ ਕਮਿਊਨੀਕੇਸ਼ਨ ਅਨਿਲ ਕੁਮਾਰ ਸੈਣੀ, ਵਿਭਾਗ ਦੇ ਡੀ.ਸੀ.ਐਫ.ਏ., ਸਮੂਹ ਲੋਕ ਸੰਪਰਕ ਤੇ ਸਹਾਇਕ ਲੋਕ ਸੰਪਰਕ ਅਧਿਕਾਰੀ, ਸੁਪਰਡੈਂਟ, ਸੈਕਸ਼ਨ ਅਫਸਰ ਸਮੇਤ ਕਰਮਚਾਰੀ ਮੌਜੂਦ ਸਨ।

Tags: