ਸਿਵਲ ਹਸਪਤਾਲ ਤਰਨ ਤਾਰਨ ਵਿਖੇ ਸਥਾਪਿਤ ਕੀਤਾ ਗਿਆ ਐਨਸੀਡੀ ਕਾਰਨਰ
ਤਰਨ ਤਾਰਨ ਮਾਰਚ 2
ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਗੈਰ ਸੰਚਾਰੀ ਰੋਗਾਂ ਵਿਰੁੱਧ ਚਲਾਈ ਗਈ ਮੁਹਿੰਮ ਸਬੰਧੀ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਦੀ ਰਹਿਨੁਮਾਈ ਅਤੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਸਤਵਿੰਦਰ ਕੁਮਾਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਗੈਰ ਸੰਚਾਰੀ ਰੋਗਾਂ ਦੀ ਮੁਢਲੀ ਜਾਂਚ ਦੇ ਮੰਤਵ ਨਾਲ ਵਿਸ਼ੇਸ਼ ਕਾਰਨਰ ਸਥਾਪਿਤ ਕੀਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਰਬਜੀਤ ਸਿੰਘ ਵੀ ਮੌਜੂਦ ਰਹੇ।
ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਗੈਰ ਸੰਚਾਰੀ ਰੋਗਾਂ ਜਿਵੇਂ ਕਿ ਹਾਈਪਰਟੈਂਸ਼ਨ, ਡਾਇਬਟੀਜ ਅਤੇ ਤਿੰਨ ਪ੍ਰਕਾਰ ਦੇ ਕੈਂਸਰ (ਮੂੰਹ, ਛਾਤੀ ਅਤੇ ਸਰਵਾਈਕਲ) ਵਿਰੁੱਧ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਸਾਰੀਆਂ ਹੀ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਗੈਰ ਸੰਚਾਰੀ ਰੋਗਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਜਿਹੜੇ ਵੀ ਵਿਅਕਤੀ ਇਹਨਾਂ ਰੋਗਾਂ ਤੋਂ ਪੀੜਤ ਪਾਏ ਜਾਣਗੇ ਉਹਨਾਂ ਦਾ ਸਮੇਂ ਸਿਰ ਇਲਾਜ ਹੀ ਸ਼ੁਰੂ ਕੀਤਾ ਜਾਵੇਗਾ।
ਡਾਕਟਰ ਰਾਏ ਨੇ ਦੱਸਿਆ ਕਿ ਮੁਹਿੰਮ ਦੀ ਸ਼ੁਰੂਆਤ ਦੌਰਾਨ ਸਿਹਤ ਵਿਭਾਗ ਵੱਲੋਂ 30 ਸਾਲਾਂ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਦੀ ਸਿਹਤ ਜਾਂਚ ਕੀਤੀ ਜਾਵੇਗੀ ਅਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਹੀ ਸਬ ਡਿਵੀਜ਼ਨਲ ਹਸਪਤਾਲਾਂ, ਸੀਐਚਸੀਜ ਅਤੇ ਪੀਐਚਸੀਜ ਵਿਖੇ ਐਨਸੀਡੀ ਕਾਰਨਰ ਸਥਾਪਿਤ ਕੀਤੇ ਜਾਣਗੇ। ਸਿਵਲ ਸਰਜਨ ਡਾਕਟਰ ਰਾਏ ਨੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲੇ ਦੇ ਵਿੱਚ ਸਾਰੇ ਹੀ ਹੈਲਥ ਐਂਡ ਵੈਲਨੈਸ ਸੈਂਟਰਾਂ ਵਿਖੇ ਗੈਰ ਸੰਚਾਰੀ ਰੋਗਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਜਿਹੜੇ ਵੀ ਵਿਅਕਤੀ ਇਹਨਾਂ ਤੋਂ ਪੀੜਿਤ ਪਾਈ ਜਾਣਗੇ ਉਹਨਾਂ ਦਾ ਬਿਲਕੁਲ ਮੁਫਤ ਇਲਾਜ ਸਿਹਤ ਵਿਭਾਗ ਵੱਲੋਂ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲ ਤਰਨ ਤਰਨ ਵਿਖੇ ਸਥਾਪਿਤ ਕੀਤੇ ਗਏ ਐਨਸੀਡੀ ਕਾਰਨਰ ਵਿਖੇ ਕੋਈ ਵੀ ਵਿਅਕਤੀ ਆ ਕੇ ਗੈਰ ਸੰਚਾਰੀ ਰੋਕਾ ਬਾਰੇ ਆਪਣੇ ਸਿਹਤ ਜਾਂਚ ਕਰਵਾ ਸਕਦਾ ਹੈ। ਸਿਵਲ ਸਰਜਨ ਡਾਕਟਰ ਰਾਏ ਨੇ ਕਿਹਾ ਕਿ ਗੈਰ ਸੰਚਾਰੀ ਰੋਗਾ ਤੋਂ ਬਚਾਅ ਲਈ ਵਿਅਕਤੀ ਨੂੰ ਆਪਣੇ ਜੀਵਨ ਦੇ ਵਿੱਚ ਇੱਕ ਚੰਗੀ ਜੀਵਨ ਸ਼ੈਲੀ ਅਪਣਾਉਣ ਦੀ ਲੋੜ ਹੈ ਜਿਸ ਵਿੱਚ ਰੋਜ਼ਾਨਾ ਕਸਰਤ, ਚੰਗਾ ਖਾਣ ਪੀਣ ਅਤੇ ਬਜ਼ਾਰੀ ਖਾਣੇ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨ ਦੀ ਜਰੂਰਤ ਹੈ।